Punjab News: 'ਆਪ' ਲੀਡਰਾਂ ਨੇ ਸਾਧਿਆ ਕੇਂਦਰ ਸਰਕਾਰ 'ਤੇ ਨਿਸ਼ਾਨਾ, ਕਿਹਾ- ਡੀਏਪੀ-ਪੋਟਾਸ਼ ਦੀਆਂ ਕੀਮਤਾਂ ਵਧਾ ਸੂਬੇ ਦੀ ਆਰਥਿਕਤਾ ਕੀਤੀ ਬਰਬਾਦ
Aap leaders on Centeral Government: ਪੰਜਾਬ ਦੇ ਕਿਸਾਨਾਂ ਨੂੰ ਇੱਕ ਹੋਰ ਝਟਕਾ ਲੱਗਣ ਵਾਲਾ ਹੈ। ਕੇਂਦਰ ਸਰਕਾਰ ਪੰਜਾਬ ਵਿੱਚ ਡੀਏਪੀ ਤੋਂ ਬਾਅਦ ਪੋਟਾਸ਼ ਦੀਆਂ ਕੀਮਤਾਂ ਵੀ ਵਧਾ ਰਹੀ ਹੈ।
Aap leaders on Centeral Government: ਪੰਜਾਬ ਦੇ ਕਿਸਾਨਾਂ ਨੂੰ ਇੱਕ ਹੋਰ ਝਟਕਾ ਲੱਗਣ ਵਾਲਾ ਹੈ। ਕੇਂਦਰ ਸਰਕਾਰ ਪੰਜਾਬ ਵਿੱਚ ਡੀਏਪੀ ਤੋਂ ਬਾਅਦ ਪੋਟਾਸ਼ ਦੀਆਂ ਕੀਮਤਾਂ ਵੀ ਵਧਾ ਰਹੀ ਹੈ। ਇਸ ਮਾਮਲੇ 'ਤੇ ਪੰਜਾਬ ਸਰਕਾਰ ਦੇ 'ਆਪ' ਆਗੂਆਂ ਨੇ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਕੀਤਾ ਹੈ। ਪੰਜਾਬ ਦੀ 'ਆਪ' ਵਿਧਾਇਕਾ ਜੀਵਨ ਜੋਤ ਕੌਰ ਨੇ ਇਸ ਮਾਮਲੇ ਸਬੰਧੀ ਕਿਹਾ ਹੈ ਕਿ ਕੇਂਦਰ ਡੀਏਪੀ ਤੇ ਹੁਣ ਪੋਟਾਸ਼ ਦੀਆਂ ਕੀਮਤਾਂ ਵਧਾ ਕੇ ਪੰਜਾਬ ਦੀ ਆਰਥਿਕਤਾ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਇਸ ਦੇ ਨਾਲ ਹੀ 'ਆਪ' ਯੂਥ ਵਿੰਗ ਪੰਜਾਬ ਦੇ ਪ੍ਰਧਾਨ ਅਨਮੋਲ ਗਗਨ ਮਾਨ ਨੇ ਟਵੀਟ ਕਰਕੇ ਲਿਖਿਆ- ਇੰਝ ਲੱਗਦਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨ ਦੀ ਕਸਮ ਖਾਧੀ ਹੈ। ਪਹਿਲਾਂ ਡੀਏਪੀ ਤੇ ਹੁਣ ਪੋਟਾਸ਼ ਦੀ ਵਧੀ ਹੋਈ ਕੀਮਤ ਨਿੰਦਣਯੋਗ ਹੈ। ਕੇਂਦਰ ਸਰਕਾਰ ਨੂੰ ਤੁਰੰਤ ਕੀਮਤਾਂ ਵਾਪਸ ਲਿਆਉਣ ਦੀ ਲੋੜ ਹੈ ਕਿਉਂਕਿ ਕਿਸਾਨਾਂ ਨੂੰ ਲੋੜੀਂਦੀ ਰਾਹਤ ਦੇਣ ਲਈ ਪੋਟਾਸ਼ ਤੇ ਡੀਏਪੀ ਦੋਵਾਂ ਦੀਆਂ ਕੀਮਤਾਂ ਹੇਠਾਂ ਆਉਣੀਆਂ ਚਾਹੀਦੀਆਂ ਹਨ।
'ਆਪ' ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਇਸ ਮਾਮਲੇ 'ਤੇ ਕਿਹਾ ਕਿ ਕਿਸਾਨ ਵਿਰੋਧੀ ਕੇਂਦਰ ਸਰਕਾਰ ਪੰਜਾਬ ਦੇ ਵਿਕਾਸ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਜਿਸ ਵਿੱਚ ਪਹਿਲਾਂ ਡੀਏਪੀ ਅਤੇ ਹੁਣ ਪੋਟਾਸ਼ ਦੀਆਂ ਵਧਦੀਆਂ ਕੀਮਤਾਂ ਤੋਂ ਸਾਫ਼ ਨਜ਼ਰ ਆ ਰਿਹਾ ਹੈ। ਪੰਜਾਬ ਸਰਕਾਰ ਨੇ ਕੀਮਤਾਂ ਵਿੱਚ ਕੀਤੇ ਵਾਧੇ ਨੂੰ ਸਵੀਕਾਰ ਨਹੀਂ ਕੀਤਾ ਹੈ ਤੇ ਕੇਂਦਰ ਨੂੰ ਇਸ ਨੂੰ ਵਾਪਸ ਲੈਣ ਦੀ ਅਪੀਲ ਕਰ ਰਹੀ ਹੈ। ਇਸ ਦੇ ਨਾਲ ਹੀ ‘ਆਪ’ ਵਿਧਾਇਕ ਡਾ: ਅਮਨਦੀਪ ਅਰੋੜਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਡੀਏਪੀ ਤੇ ਪੋਟਾਸ਼ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਕਿਸਾਨ ਵਿਰੋਧੀ ਭਾਵਨਾ ਦਿਖਾਈ ਹੈ।
ਵਧਦੀ ਮਹਿੰਗਾਈ ਕਾਰਨ ਕਿਸਾਨ ਕਰਜ਼ੇ ਦੇ ਜਾਲ ਵਿੱਚ ਫਸ ਜਾਣਗੇ
ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਕੇਂਦਰ ਸਰਕਾਰ ਤੋਂ ਡਾਇਮੋਨੀਅਮ ਫਾਸਫੇਟ (ਡੀਏਪੀ) ਤੇ ਨਾਈਟ੍ਰੋਜਨ ਫਾਸਫੋਰਸ ਪੋਟਾਸ਼ (ਐਨਪੀਕੇ) ਖਾਦਾਂ ਵਿੱਚ ਕੀਤੇ ਭਾਰੀ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਅਕਾਲੀ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਡੀਏਪੀ ’ਤੇ 150 ਰੁਪਏ ਪ੍ਰਤੀ ਥੈਲਾ ਤੇ ਐਨਪੀਕੇ ’ਤੇ 100 ਰੁਪਏ ਪ੍ਰਤੀ ਬੋਰੀ ਦਾ ਵਾਧਾ ਕਿਸਾਨਾਂ ਦੀ ਕਮਰ ਤੋੜ ਦੇਵੇਗਾ ਤੇ ਉਹ ਕਰਜ਼ੇ ਦੇ ਜਾਲ ਵਿੱਚ ਫਸ ਜਾਣਗੇ।