By Election in Punjab: ਮੰਡੀਆਂ 'ਚ ਝੋਨੇ 'ਤੇ ਕੱਟ ਲਾ-ਲਾ ਕਿਸਾਨਾਂ ਦੀ ਕੀਤੀ 5500 ਤੋਂ 6000 ਕਰੋੜ ਦੀ ਲੁੱਟ? ਬਾਜਵਾ ਬੋਲੇ...ਸਾਜਿਸ਼ 'ਚ ‘ਆਪ’ ਸਰਕਾਰ ਵੀ ਰਲੀ
By Election in Punjab: ਕਾਂਗਰਸ ਦੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਦਾਅਵਾ ਕੀਤਾ ਹੈ ਕਿ ‘ਆਪ’ ਸਰਕਾਰ ਪੰਜਾਬ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਹੈ ਜਿਸ ਤਹਿਤ ਕੇਂਦਰ ਨਾਲ ਮਿਲ ਕੇ ਕਿਸਾਨਾਂ
By Election in Punjab: ਕਾਂਗਰਸ ਦੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਦਾਅਵਾ ਕੀਤਾ ਹੈ ਕਿ ‘ਆਪ’ ਸਰਕਾਰ ਪੰਜਾਬ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਹੈ ਜਿਸ ਤਹਿਤ ਕੇਂਦਰ ਨਾਲ ਮਿਲ ਕੇ ਕਿਸਾਨਾਂ ਨੂੰ ਮੰਡੀਆਂ ’ਚ ਰੋਲਿਆ ਗਿਆ। ਉਨ੍ਹਾਂ ਨੇ ਕਿਹਾ ਹੈ ਕਿ ਝੋਨੇ ਦੀ ਫ਼ਸਲ ਵੇਚਣ ਸਮੇਂ ਲੱਗੇ ‘ਕੱਟ’ ਕਾਰਨ ਕਿਸਾਨਾਂ ਦੀ ਕੁੱਲ ਆਮਦਨ ਦਾ ਕਰੀਬ 5ਵਾਂ ਹਿੱਸਾ 5500 ਤੋਂ 6000 ਕਰੋੜ ਦੀ ਲੁੱਟ ਹੋਈ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਪਣੇ ਹਲਕੇ ਧੂਰੀ ਵਿੱਚ ਇੱਕ ਵਾਰ ਵੀ ਕਿਸੇ ਮੰਡੀ ’ਚ ਕਿਸਾਨਾਂ ਦੀ ਸਾਰ ਲੈਣ ਨਹੀਂ ਪੁੱਜੇ। ਇੱਥੋਂ ਤੱਕ ਕਿ ਲੰਘੇ ਦਿਨ ਫ਼ਸਲ ਦਾ ਮੁੱਲ ਨਾ ਪੈਣ ’ਤੇ ਕਰਜ਼ਾ ਪੀੜਤ ਨਿਦਾਮਪੁਰ ਦੇ ਖ਼ੁਦਕੁਸ਼ੀ ਕਰ ਗਏ ਕਿਸਾਨ ਦੇ ਪਰਿਵਾਰ ਨਾਲ ਦੁੱਖ ’ਚ ਸ਼ਰੀਕ ਹੋਣ ਵੀ ਕੋਈ ਵਿਧਾਇਕ, ਮੰਤਰੀ ਜਾਂ ਮੁੱਖ ਮੰਤਰੀ ਨਹੀਂ ਬਹੁੜੇ।
ਹਲਕਾ ਬਰਨਾਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਪੁੱਜੇ ਪ੍ਰਤਾਪ ਬਾਜਵਾ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬੀਆਂ ਨੂੰ ਸਿੱਧੇ ਤੌਰ ’ਤੇ ਧਮਕਾ ਰਹੇ ਹਨ। ਉਨ੍ਹਾਂ ਕਿਹਾ ਕਿ ਲੰਘੇ ਦਿਨੀਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਰਨਾਲਾ ਰੈਲੀ ਦੌਰਾਨ ਕਿਹਾ ਸੀ ਕਿ ਕਿਸੇ ਹੋਰ ਪਾਰਟੀ ਦਾ ਉਮੀਦਵਾਰ ਜਿੱਤਿਆ ਤਾਂ ਇਲਾਕੇ ਦੇ ‘ਵਿਕਾਸ ਕਾਰਜ’ ਨਹੀਂ ਹੋਣਗੇ।
ਉਨ੍ਹਾਂ ਕਿਹਾ ਕਿ ਇਹ ਲੋਕਾਂ ਨੂੰ ਸਿੱਧੀ ਧਮਕੀ ਹੈ ਜੋ ਵੋਟਰ ਬਰਦਾਸ਼ਤ ਨਹੀਂ ਕਰਨਗੇ ਅਤੇ ਜ਼ਿਮਨੀ ਚੋਣਾਂ ’ਚ ਮੂੰਹ ਤੋੜ ਜਵਾਬ ਦੇਣਗੇ। ਪ੍ਰਤਾਪ ਬਾਜਵਾ ਨੇ ਕਿਹਾ ਕਿ ਸੂਬੇ ਅੰਦਰ ਨਸ਼ਿਆਂ ਤੇ ਦਹਿਸ਼ਤ ਦਾ ਮਾਹੌਲ ਹੈ। ਇਸ ਦੌਰਾਨ ਬਾਜਵਾ ਨੇ ਕਿਹਾ ਕਿ ਬੀਬੀਆਂ 1000 ਰੁਪਏ ਪ੍ਰਤੀ ਮਹੀਨਾ ਉਡੀਕ ਰਹੀਆਂ ਹਨ।
ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਗਿੱਦੜਬਾਹਾ ਹਲਕੇ ਵਿੱਚ ਕਾਂਗਰਸ ਦੀ ਉਮੀਦਵਾਰ ਅੰਮ੍ਰਿਤਾ ਵੜਿੰਗ ਦੇ ਹੱਕ ’ਚ ਚੋਣ ਪ੍ਰਚਾਰ ਕਰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅੱਜ ਪੰਜਾਬ ਅਮਨ-ਕਾਨੂੰਨ ਦੀ ਵਿਗੜੀ ਸਥਿਤੀ, ਬੇਰੁਜ਼ਗਾਰੀ ਤੇ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਕਾਰਨ ਝੋਨੇ ਦੀ ਖ਼ਰੀਦ ਸੁਚਾਰੂ ਢੰਗ ਨਾਲ ਨਾ ਹੋਣ ਕਾਰਨ ਕਿਸਾਨ ਤੇ ਮਜ਼ਦੂਰ ਮੰਡੀਆਂ ਵਿੱਚ ਰੁਲ ਰਹੇ ਹਨ ਤੇ ਬਹੁਤੇ ਕਿਸਾਨਾਂ ਨੂੰ ਦੀਵਾਲੀ ਵੀ ਮੰਡੀਆਂ ’ਚ ਮਨਾਉਣੀ ਪਈ।
ਚੰਨੀ ਨੇ ਆਪਣੇ ਰਾਜ ਵਿੱਚ ਕੀਤੇ ਗਏ ਕੰਮ ਗਿਣਾਉਂਦਿਆਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕੁਦਰਤੀ ਮਾਰ ਕਾਰਨ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ 17 ਹਜ਼ਾਰ ਪ੍ਰਤੀ ਏਕੜ ਕਰ ਦਿੱਤਾ ਸੀ ਜਦਕਿ ਬਿਜਲੀ ਤੇ ਪਾਣੀ ਦੇ ਖੜ੍ਹੇ 1500 ਕਰੋੜ ਦੇ ਬਿੱਲ ਮੁਆਫ਼ ਕੀਤੇ ਗਏ ਸਨ। ਇਸ ਦੌਰਾਨ ਚਰਨਜੀਤ ਚੰਨੀ ਨੇ ਲੋਕਾਂ ਨੂੰ ਕੇਜਰੀਵਾਲ ਦੇ ਝਾਂਸੇ ਵਿੱਚ ਨਾ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਬੀਬੀਆਂ ਨਾਲ ਪਹਿਲਾਂ 1000 ਰੁਪਏ ਤੇ ਫਿਰ 1100 ਰੁਪਏ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਜੋ ਵਫ਼ਾ ਨਹੀਂ ਹੋਇਆ।