ਲਾਰੈਂਸ ਬਿਸ਼ਨੋਈ ਮਗਰੋਂ ਹੁਣ ਭਗਵਾਨਪੁਰੀਆ ਨੂੰ 'ਮੌਤ' ਦਾ ਖਤਰਾ, ਹਾਈਕੋਰਟ ਤੋਂ ਮੰਗੀ ਬੁਲਟ ਪਰੂਫ ਜੈਕਟ ਤੇ ਗੱਡੀ
ਚੰਡੀਗੜ੍ਹ: ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਬਾਅਦ ਹੁਣ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਵੀ ਜਾਨ ਦਾ ਖਤਰਾ ਜਤਾਇਆ ਹੈ। ਸੁਰੱਖਿਆ ਨੂੰ ਲੈ ਕੇ ਹੁਣ ਭਗਵਾਨਪੁਰੀਆ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ।
ਚੰਡੀਗੜ੍ਹ: ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਬਾਅਦ ਹੁਣ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਵੀ ਜਾਨ ਦਾ ਖਤਰਾ ਜਤਾਇਆ ਹੈ। ਸੁਰੱਖਿਆ ਨੂੰ ਲੈ ਕੇ ਹੁਣ ਭਗਵਾਨਪੁਰੀਆ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਭਗਵਾਨਪੁਰੀਆ ਦੀ ਮਾਂ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਇਸ 'ਚ ਕਿਹਾ ਗਿਆ ਸੀ ਕਿ ਜੇਕਰ ਜੱਗੂ ਨੂੰ ਜੇਲ੍ਹ 'ਚੋਂ ਬਾਹਰ ਲਿਆਂਦਾ ਜਾਵੇ ਤਾਂ ਉਸ ਦੀ ਸੁਰੱਖਿਆ ਦੇ ਮੱਦੇਨਜ਼ਰ ਬੁਲੇਟ ਪਰੂਫ ਜੈਕੇਟ ਤੇ ਗੱਡੀ ਦਿੱਤੀ ਜਾਵੇ।
ਉੱਥੇ ਹੀ ਦਾਇਰ ਕੀਤੀ ਪਟੀਸ਼ਨ 'ਚ ਭਗਵਾਨਪੁਰੀਆ 'ਤੇ ਜੇਲ੍ਹ 'ਚ ਤਸ਼ੱਦਦ ਕਰਨ ਦਾ ਵੀ ਦੋਸ਼ ਲਗਾਇਆ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਪੰਜਾਬ ਪੁਲਿਸ ਬਾਕੀ ਗੈਂਗਸਟਰਾਂ ਸਮੇਤ ਭਗਵਾਨਪੁਰੀਆ ਤੋਂ ਵੀ ਪੁੱਛਗਿੱਛ ਕਰ ਸਕਦੀ ਹੈ ਕਿਉਂਕਿ ਗੋਲਡੀ ਬਰਾੜ ਦੇ ਨਾਲ ਭਗਵਾਨਪੁਰੀਆ ਦਾ ਨਾਂ ਵੀ ਕਤਲ ਕੇਸ ਨਾਲ ਜੋੜਿਆ ਜਾ ਰਿਹਾ ਹੈ।
ਦੱਸ ਦਈਏ ਕਿ ਤਿਹਾੜ ਜੇਲ੍ਹ 'ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਵੀ ਆਪਣੀ ਜਾਨ ਨੂੰ ਖਤਰਾ ਦੱਸਦੇ ਹੋਏ ਪੰਜਾਬ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਦਰਅਸਲ ਮੂਸੇਵਾਲਾ ਦੇ ਕਤਲ ਹੋਣ ਤੋਂ ਬਾਅਦ ਬਿਸ਼ਨੋਈ ਨੂੰ ਐਨਕਾਊਂਟਰ ਹੋਣ ਦਾ ਡਰ ਸਤਾਉਣ ਲੱਗਿਆ ਹੈ। ਪਟੀਸ਼ਨ 'ਚ ਉਸ ਨੇ ਮੰਗ ਕੀਤੀ ਕਿ ਉਸ ਨੂੰ ਪੰਜਾਬ ਪੁਲਿਸ ਦੇ ਹਵਾਲੇ ਨਾ ਕੀਤਾ ਜਾਵੇ।
ਲਾਰੈਂਸ ਬਿਸ਼ਨੋਈ ਨੇ ਵੀ ਪਾਈ ਸੀ ਪਟੀਸ਼ਨ
ਬੀਤੇ ਦਿਨ ਲਾਰੈਂਸ ਬਿਸ਼ਨੋਈ (Lawrence Bishnoi) ਨੇ ਆਪਣੀ ਸੁਰੱਖਿਆ ਵਧਾਉਣ ਲਈ ਪੰਜਾਬ ਹਰਿਆਣਾ ਹਾਈਕੋਰਟ (Punjab & Haryana High Court) ਦਾ ਰੁਖ ਕੀਤਾ ਸੀ। ਪਰ ਪੰਜਾਬ-ਹਰਿਆਣਾ ਹਾਈ ਕੋਰਟ ਨੇ ਪਟੀਸ਼ਨ ਨੂੰ ਰੱਦ ਕਰ ਦਿੱਤਾ। ਇਸ ਤੋਂ ਪਹਿਲਾਂ ਇਹ ਪਟੀਸ਼ਨ ਦਿੱਲੀ ਹਾਈ ਕੋਰਟ (Delhi High Court) 'ਚ ਦਾਇਰ ਕੀਤੀ ਗਈ ਸੀ।ਹਾਲਾਂਕਿ ਬਾਅਦ ਵਿੱਚ ਉਸਨੇ ਇਸ ਪਟੀਸ਼ਨ ਨੂੰ ਵਾਪਸ ਲੈ ਲਿਆ।
ਇਸ ਪਟੀਸ਼ਨ 'ਚ ਅਪੀਲ ਕੀਤੀ ਗਈ ਸੀ ਕਿ ਲਾਰੈਂਸ ਬਿਸ਼ਨੋਈ ਦੀ ਹਿਰਾਸਤ ਪੰਜਾਬ ਪੁਲਿਸ ਨੂੰ ਨਾ ਦਿੱਤੀ ਜਾਵੇ। ਪਟੀਸ਼ਨ ਵਿੱਚ ਉਸ ਨੇ ਮੰਗ ਕੀਤੀ ਸੀ ਕਿ ਉਸ ਨੂੰ ਸੁਰੱਖਿਆ ਦਿੱਤੀ ਜਾਵੇ ਅਤੇ ਪੰਜਾਬ ਪੁਲੀਸ ਦੇ ਹਵਾਲੇ ਨਾ ਕੀਤਾ ਜਾਵੇ।ਉਸਨੂੰ ਡਰ ਹੈ ਕਿ ਪੰਜਾਬ ਪੁਲੀਸ ਉਸ ਦਾ ਐਨਕਾਊਂਟਰ ਕਰ ਸਕਦੀ ਹੈ।
ਦਰਅਸਲ, ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਦੇ ਡੀਜੀਪੀ ਵੀਕੇ ਭਵਰਾ ਨੇ ਦਾਅਵਾ ਕੀਤਾ ਸੀ ਕਿ ਇਸ ਕਤਲੇਆਮ ਪਿੱਛੇ ਲਾਰੈਂਸ ਬਿਸ਼ਨੋਈ ਦਾ ਹੱਥ ਹੈ। ਕੈਨੇਡਾ 'ਚ ਮੌਜੂਦ ਬਿਸ਼ਨੋਈ ਦੇ ਕਰੀਬੀ ਗੈਂਗਸਟਰ ਲੱਕੀ ਉਰਫ ਗੋਲਡੀ ਬਰਾੜ ਨੇ ਫੇਸਬੁੱਕ ਪੋਸਟ ਰਾਹੀਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਹੀ ਕਾਰਨ ਹੈ ਕਿ ਡੀਜੀਪੀ ਵੀਕੇ ਭਵਰਾ ਦੇ ਇਸ ਦਾਅਵੇ ਤੋਂ ਬਾਅਦ ਉਨ੍ਹਾਂ ਨੂੰ ਐਨਕਾਊਂਟਰ ਦਾ ਡਰ ਸਤਾਉਣ ਲੱਗ ਪਿਆ ਹੈ। ਇਸ ਲਈ ਬਿਸ਼ਨੋਈ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਦਿੱਲੀ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਜ਼ਿਕਰਯੋਗ ਹੈ ਕਿ ਮੂਸੇਵਾਲਾ ਕਤਲ ਮਾਮਲੇ 'ਚ ਦਿੱਲੀ ਪੁਲਿਸ ਦੀ ਟੀਮ ਨੇ ਲਾਰੇਂਸ ਬਿਸ਼ਨੋਈ ਨੂੰ 5 ਦਿਨ ਦੇ ਰਿਮਾਂਡ 'ਤੇ ਲਿਆ ਹੈ। ਇਸ ਦੌਰਾਨ ਪੁਲਿਸ ਸਿੱਧੂ ਮੂਸੇਵਾਲਾ ਦੇ ਕਤਲ ਸਬੰਧੀ ਬਿਸ਼ਨੋਈ ਤੋਂ ਪੁੱਛਗਿੱਛ ਕਰੇਗੀ। ਉੱਥੇ ਹੀ ਲਾਰੈਂਸ ਦੇ ਦੋ ਸਾਥੀਆਂ ਨੂੰ ਪੰਜਾਬ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਹੈ।