Ludhiana News: ਲੁਧਿਆਣਵੀਆਂ ਲਈ ਵੱਡੀ ਖ਼ਬਰ ! ਨਹੀਂ ਮਨਾਇਆ ਜਾਵੇਗਾ ਨਵੇਂ ਸਾਲ ਦਾ ਜਸ਼ਨ, ਦਿਲਜੀਤ ਦੁਸਾਂਝ ਦੇ ਕੰਸਰਟ ਕਰਕੇ ਲਿਆ ਫੈਸਲਾ ? ਜਾਣੋ ਵਜ੍ਹਾ
ਲੁਧਿਆਣਾ ਦੇ ਡੀਸੀ ਜਤਿੰਦਰ ਜੋਰਵਾਲ ਨੇ ਰਾਸ਼ਟਰੀ ਸੋਗ ਦਾ ਹਵਾਲਾ ਦਿੰਦੇ ਹੋਏ ਸ਼ਹਿਰ ਦੇ ਕਲੱਬਾਂ ਵਿੱਚ ਹੋਣ ਵਾਲੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ।
Punjab News: ਪੰਜਾਬੀ ਗਾਇਕ ਦਿਲਜੀਤ ਦੁਸਾਂਝ (diljit Dosanjh) ਦੇ 31 ਦਸੰਬਰ ਨੂੰ ਲੁਧਿਆਣਾ ਵਿੱਚ ਹੋਣ ਵਾਲੇ ਲਾਈਵ ਕੰਸਰਟ ਲਈ ਹਜ਼ਾਰਾਂ ਲੋਕਾਂ ਦੇ PAU ਲੁਧਿਆਣਾ ਪਹੁੰਚਣ ਦੀ ਉਮੀਦ ਹੈ। ਇਸ ਕੰਸਰਟ ਕਾਰਨ ਲੁਧਿਆਣਾ ਦੇ ਡੀਸੀ ਨੇ ਸ਼ਹਿਰ ਦੇ ਕਲੱਬਾਂ ਵਿੱਚ ਨਵੇਂ ਸਾਲ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ।
ਡੀਸੀ ਨੇ ਕਲੱਬ ਦੇ ਸਕੱਤਰਾਂ ਨੂੰ ਬੁਲਾ ਕੇ ਹਦਾਇਤ ਕੀਤੀ ਕਿ 31 ਦਸੰਬਰ ਨੂੰ ਕਿਸੇ ਵੀ ਕਲੱਬ ਵਿੱਚ ਨਵੇਂ ਸਾਲ ਸਬੰਧੀ ਕੋਈ ਵੀ ਪ੍ਰੋਗਰਾਮ ਨਹੀਂ ਹੋਵੇਗਾ। ਡੀਸੀ ਦੀਆਂ ਹਦਾਇਤਾਂ ਤੋਂ ਬਾਅਦ ਕਲੱਬਾਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀਆਂ ਸਾਰੀਆਂ ਤਿਆਰੀਆਂ ਬੇਕਾਰ ਹੋ ਗਈਆਂ। ਇਸ ਦੇ ਨਾਲ ਹੀ ਲੋਕਾਂ ਨੇ ਇਸ ਗੱਲ 'ਤੇ ਵੀ ਇਤਰਾਜ਼ ਜਤਾਇਆ ਹੈ ਕਿ ਪ੍ਰਸ਼ਾਸਨ ਵੱਲੋਂ ਦਿਲਜੀਤ ਨੂੰ ਜਿਆਦਾ ਅਹਿਮੀਅਤ ਕਿਉਂ ਦਿੱਤਾ ਜਾ ਰਹੀ ਹੈ।
ਲੁਧਿਆਣਾ ਵਿੱਚ ਹਰ ਸਾਲ 31 ਦਸੰਬਰ ਤੇ ਨਵੇਂ ਸਾਲ ਮੌਕੇ ਲੁਧਿਆਣਾ ਕਲੱਬ, ਲੋਧੀ ਕਲੱਬ, ਸਤਲੁਜ ਕਲੱਬ ਵਿੱਚ ਜਸ਼ਨ ਤੇ ਨਾਈਟ ਪਾਰਟੀਆਂ ਹੁੰਦੀਆਂ ਹਨ। ਇਸ ਤੋਂ ਇਲਾਵਾ ਕਈ ਕਲੱਬਾਂ ਵਿੱਚ ਪੰਜਾਬੀ ਕਲਾਕਾਰ ਵੀ ਸ਼ੋਅ ਕਰਦੇ ਹਨ। ਇਸ ਵਾਰ ਵੀ ਲੋਧੀ ਕਲੱਬ ਵਿਖੇ ਸ਼ੋਅ ਕਰਵਾਇਆ ਜਾਣਾ ਸੀ ਜਿਸ ਦੀਆਂ ਤਿਆਰੀਆਂ ਪਿਛਲੇ ਦਿਨਾਂ ਤੋਂ ਕੀਤੀਆਂ ਜਾ ਰਹੀਆਂ ਸਨ। ਇਸ ਵਾਰ ਲੋਧੀ ਕਲੱਬ ਵਿੱਚ 40 ਤੋਂ 50 ਫੁੱਟ ਉੱਚੀ ਇਨਫਿਨਿਟੀ ਬਾਲ ਵੀ ਲਗਾਈ ਜਾਣੀ ਸੀ।
ਲੋਧੀ ਕਲੱਬ ਦੇ ਸਕੱਤਰ ਨਿਤਿਨ ਮਹਾਜਨ ਨੇ ਕਿਹਾ ਕਿ ਡੀਸੀ ਵੱਲੋਂ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ ਕਿਉਂਕਿ ਇੱਥੇ ਰਾਸ਼ਟਰੀ ਸੋਗ ਹੈ, ਜੇ ਰਾਸ਼ਟਰੀ ਸੋਗ ਹੈ ਤਾਂ ਦਿਲਜੀਤ ਦਾ ਸੰਗੀਤ ਸਮਾਰੋਹ ਕਿਵੇਂ ਕਰਵਾਇਆ ਜਾ ਰਿਹਾ ਹੈ, ਕੀ ਇਸ ਸਮਾਰੋਹ 'ਤੇ ਰਾਸ਼ਟਰੀ ਸੋਗ ਲਾਗੂ ਨਹੀਂ ਹੁੰਦਾ ?
ਲੁਧਿਆਣਾ ਦੇ ਸਤਲੁਜ ਕਲੱਬ 'ਚ 31 ਦਸੰਬਰ ਨੂੰ ਪ੍ਰੋਗਰਾਮ ਹੋਣਾ ਸੀ ਜਿਸ ਵਿੱਚ ਕਲਾਕਾਰ ਕਮਲ ਖਾਨ ਨੇ ਸ਼ਿਰਕਤ ਕਰਨੀ ਸੀ ਪਰ ਇਹ ਪ੍ਰੋਗਰਾਮ ਵੀ ਰੱਦ ਕਰ ਦਿੱਤਾ ਗਿਆ। ਪ੍ਰੋਗਰਾਮ ਪ੍ਰਬੰਧਕਾਂ ਨੇ ਵੀ ਡੀਸੀ ਦੇ ਇਨ੍ਹਾਂ ਹੁਕਮਾਂ ’ਤੇ ਇਤਰਾਜ਼ ਜ਼ਾਹਰ ਕਰਦਿਆਂ ਕਿਹਾ ਹੈ ਕਿ 31 ਦਸੰਬਰ ਦੀ ਰਾਤ ਨੂੰ ਦਿਲਜੀਤ ਦੁਸਾਂਝ ਦੇ ਸੰਗੀਤਕ ਸਮਾਗਮ ਕਾਰਨ ਪ੍ਰਸ਼ਾਸਨ ਨੇ ਉਨ੍ਹਾਂ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਸਮਾਗਮ ਵਿੱਚ ਸ਼ਾਮਲ ਹੋ ਸਕਣ।
ਲੁਧਿਆਣਾ ਦੇ ਡੀਸੀ ਜਤਿੰਦਰ ਜੋਰਵਾਲ ਨੇ ਰਾਸ਼ਟਰੀ ਸੋਗ ਦਾ ਹਵਾਲਾ ਦਿੰਦੇ ਹੋਏ ਸ਼ਹਿਰ ਦੇ ਕਲੱਬਾਂ ਵਿੱਚ ਹੋਣ ਵਾਲੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਡੀਸੀ ਦਾ ਕਹਿਣਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹ ਸਿੰਘ ਦੀ ਹਾਲ ਹੀ ਵਿੱਚ ਹੋਈ ਮੌਤ 'ਤੇ ਕੇਂਦਰ ਤੇ ਪੰਜਾਬ ਸਰਕਾਰਾਂ ਵੱਲੋਂ ਪੂਰੇ ਸੂਬੇ ਵਿੱਚ ਇੱਕ ਹਫ਼ਤੇ ਦਾ ਰਾਸ਼ਟਰੀ ਸੋਗ ਹੈ, ਜਿਸ ਕਾਰਨ ਸਰਕਾਰੀ ਕਲੱਬਾਂ ਅਤੇ ਸਰਕਾਰੀ ਥਾਵਾਂ 'ਤੇ ਸਮਾਗਮ ਨਹੀਂ ਕੀਤੇ ਜਾ ਸਕਦੇ ਹਨ।