ਰਾਤੋ-ਰਾਤ ਡੀਜੀਪੀ ਦੀ ਬਦਲੀ 'ਤੇ ਉੱਠੇ ਸਵਾਲ, ਅਕਾਲੀ ਦਲ ਤੇ 'ਆਪ' ਦਾ ਚੰਨੀ ਸਰਕਾਰ 'ਤੇ ਹਮਲਾ
ਦਰਅਸਲ ਪੰਜਾਬ 'ਚ ਬੀਤੀ ਅੱਧੀ ਰਾਤ ਨੂੰ ਵੱਡਾ ਫੇਰਬਦਲ ਹੋਇਆ ਹੈ। ਪੰਜਾਬ ਸਰਕਾਰ ਨੇ ਅਚਾਨਕ ਇਕਬਾਲਪ੍ਰੀਤ ਸਹੋਤਾ ਨੂੰ ਕਾਰਜਕਾਰੀ ਡੀਜੀਪੀ ਦੇ ਅਹੁਦੇ ਤੋਂ ਹਟਾ ਦਿੱਤਾ।
ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਬੀਤੀ ਦੇਰ ਰਾਤ ਡੀਜੀਪੀ ਆਈਪੀਐਸ ਸਹੋਤਾ ਨੂੰ ਬਦਲ ਕੇ ਸਿਧਾਰਥ ਚਟੋਪਾਧਿਆਏ ਦੀ ਨਿਯੁਕਤੀ ਕਰਨ ਉੱਪਰ ਸਵਾਲ ਉੱਠਣ ਲੱਗੇ ਹਨ। ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਸੂਬਾ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਹੈ। ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਪੁਲਿਸ ਦਾ ਸਿਆਸੀਕਰਨ ਕਰ ਰਹੀ ਹੈ।
ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਹੈ ਕਿ ਸਰਕਾਰ ਨੂੰ ਇੱਕ ਫੁੱਲ ਟਾਈਮ ਡੀਜੀਪੀ ਲਾਉਣਾ ਚਾਹੀਦਾ ਹੈ। ਜਦਕਿ ਸਿਧਾਰਥ ਚਟੋਪਧਿਆਏ ਦਾ ਨਾਂ ਤਾਂ ਯੂਪੀਐਸਸੀ ਨੂੰ ਭੇਜੀ ਸੂਚੀ ਵਿੱਚ ਵੀ ਸ਼ਾਮਲ ਨਾ ਹੋਣ ਸਬੰਧੀ ਖ਼ਬਰ ਹੈ।
ਉੱਥੇ ਹੀ ਆਮ ਆਦਮੀ ਪਾਰਟੀ ਦੇ ਸੂਬਾ ਬੁਲਾਰੇ ਅਹਿਬਾਬ ਸਿੰਘ ਗਰੇਵਾਲ ਨੇ ਕਿਹਾ ਕਿ ਡੀਜੀਪੀ ਦੀ ਨਿਯੁਕਤੀ ਤਾਂ ਵੱਖਰੀ ਗੱਲ, ਸੂਬੇ ਅੰਦਰ ਪੁਲਿਸ ਦਾ ਵੱਡੇ ਪੱਧਰ ਤੇ ਸਿਆਸੀਕਰਨ ਹੋ ਚੁੱਕਾ ਹੈ। ਪੁਲਿਸ ਅਧਿਕਾਰੀ ਵਿਭਾਗ ਨਾਲ ਨਹੀਂ ਬਲਕਿ ਸਿਆਸੀ ਪਾਰਟੀਆਂ ਨਾਲ ਸਬੰਧਤ ਦੱਸੇ ਜਾਂਦੇ ਹਨ।
ਦਰਅਸਲ ਪੰਜਾਬ 'ਚ ਬੀਤੀ ਅੱਧੀ ਰਾਤ ਨੂੰ ਵੱਡਾ ਫੇਰਬਦਲ ਹੋਇਆ ਹੈ। ਪੰਜਾਬ ਸਰਕਾਰ ਨੇ ਅਚਾਨਕ ਇਕਬਾਲਪ੍ਰੀਤ ਸਹੋਤਾ ਨੂੰ ਕਾਰਜਕਾਰੀ ਡੀਜੀਪੀ ਦੇ ਅਹੁਦੇ ਤੋਂ ਹਟਾ ਦਿੱਤਾ। ਉਨ੍ਹਾਂ ਦੀ ਥਾਂ 'ਤੇ ਸਿਧਾਰਥ ਚਟੋਪਾਧਿਆਏ ਨੂੰ ਇਹ ਚਾਰਜ ਦਿੱਤਾ ਗਿਆ ਹੈ। ਇਸ ਫੇਰਬਦਲ ਨਾਲ ਚਰਚਾ ਛਿੜ ਗਈ ਹੈ ਕਿ ਪੰਜਾਬ ਸਰਕਾਰ ਚੋਣਾਂ ਤੋਂ ਪਹਿਲਾਂ ਬੇਅਦਬੀ ਤੇ ਨਸ਼ਿਆਂ ਦੇ ਮਾਮਲੇ ਵਿੱਚ ਵੱਡਾ ਐਕਸ਼ਨ ਕਰਨਾ ਚਾਹੁੰਦੀ ਹੈ।
ਇਹ ਵੀ ਚਰਚਾ ਹੈ ਕਿ ਸਹੋਤਾ ਦੀ ਨਿਯੁਕਤੀ ਬਾਰੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਲਗਾਤਾਰ ਵਿਰੋਧ ਕਰ ਰਹੇ ਸਨ। ਚਟੋਪਾਧਿਆਏ ਸਿੱਧੂ ਦੀ ਪਹਿਲੀ ਪਸੰਦ ਸਨ, ਪਰ ਸੀਐਮ ਚਰਨਜੀਤ ਚੰਨੀ ਨੇ ਆਪਣੀ ਪਸੰਦ ਦੇ ਇਕਬਾਲਪ੍ਰੀਤ ਸਹੋਤਾ ਨੂੰ ਡੀਜੀਪੀ ਦਾ ਚਾਰਜ ਦਿੱਤਾ ਸੀ। ਹਾਲਾਂਕਿ ਹੁਣ ਇਸ ਨਵੀਂ ਤਾਇਨਾਤੀ ਤੋਂ ਬਾਅਦ ਪੰਜਾਬ 'ਚ ਤੇਜ਼ੀ ਨਾਲ ਪੁਲਿਸ ਕਾਰਵਾਈ ਕੀਤੇ ਜਾਣ ਦੀ ਉਮੀਦ ਹੈ।
ਉਧਰ, ਅੱਧੀ ਰਾਤ ਨੂੰ ਅਚਾਨਕ ਡੀਜੀਪੀ ਦੀ ਬਦਲੀ ਹੋਣ ਨਾਲ ਪੰਜਾਬ 'ਚ ਬਹੁਚਰਚਿਤ ਡਰੱਗਜ਼ ਮਾਮਲੇ 'ਚ ਹਲਚਲ ਤੇਜ਼ ਹੋ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਡਰੱਗਜ਼ ਮਾਮਲੇ 'ਚ ਕਾਰਵਾਈ ਲਈ ਇਹ ਕਦਮ ਚੁੱਕਿਆ ਗਿਆ ਹੈ। ਨਸ਼ਿਆਂ ਦੇ ਮਾਮਲੇ ਵਿੱਚ ਵੱਡੇ ਲੀਡਰਾਂ ਦਾ ਨਾਂ ਬੋਲਦਾ ਹੈ ਪਰ ਪਿਛਲੇ ਸਮੇਂ ਵਿੱਚ ਕੋਈ ਕਾਰਵਾਈ ਨਹੀਂ ਹੋਈ।