Punjab News: ‘ਕਿਸਾਨ ਬ੍ਰਿਗੇਡ’ ਵੱਲੋਂ ਛੋਟੇ ਤੇ ਦਰਮਿਆਨੇ ਕਿਸਾਨਾਂ ਦੀ ਫੜੀ ਬਾਂਹ
Kisan Brigade: ਦੱਸ ਦਈਏ ਕਿਸਾਨਾਂ ਦੀ ਮਦਦ ਕਰ ਰਹੀ ਹੈ ‘ਕਿਸਾਨ ਬ੍ਰਿਗੇਡ’ ਨਾਮ ਦੀ ਸੰਸਥਾ। ਫ਼ਿਰੋਜ਼ਪੁਰ ਜ਼ਿਲ੍ਹੇ ਦੀ ‘ਕਿਸਾਨ ਬ੍ਰਿਗੇਡ’ ਦਾ ਇਹ ਨਵਾਂ ਉੱਦਮ ਹੈ ਕਿ ਉਸ ਵੱਲੋਂ ਛੋਟੇ ਤੇ ਦਰਮਿਆਨੇ ਕਿਸਾਨਾਂ ਦੀ ਬਾਂਹ ਫੜੀ ਜਾ ਰਹੀ ਹੈ।
Punjab News: ਦੇਸ਼ ਦਾ ਅੰਨਦਾਤਾ ਕਦੇ ਕੁਦਰਤ ਦੀ ਮਾਰ ਤੋਂ ਤੇ ਕਦੇ ਭਾਅ ਹੇਠਾਂ ਡਿੱਗਣ ਦੀ ਮਾਰ ਤੋਂ ਪ੍ਰੇਸ਼ਾਨ ਰਹਿੰਦਾ ਹੈ। ਕਿਸਾਨਾਂ ਨੂੰ ਉਨ੍ਹਾਂ ਵੱਲੋਂ ਉਗਾਈਆਂ ਸਬਜ਼ੀਆਂ ਦਾ ਸਹੀ ਮੁੱਲ ਨਹੀਂ ਮਿਲਦਾ ਹੈ, ਜਿਸ ਕਰਕੇ ਉਨ੍ਹਾਂ ਨੂੰ ਕਾਫੀ ਨੁਕਸਾਨ ਝੱਲਣਾ ਪੈਂਦਾ ਹੈ। ਦੱਸ ਦਈਏ ਕਿਸਾਨਾਂ ਦੀ ਮਦਦ ਕਰ ਰਹੀ ਹੈ ‘ਕਿਸਾਨ ਬ੍ਰਿਗੇਡ’ ਨਾਮ ਦੀ ਸੰਸਥਾ। ਫ਼ਿਰੋਜ਼ਪੁਰ ਜ਼ਿਲ੍ਹੇ ਦੀ ‘ਕਿਸਾਨ ਬ੍ਰਿਗੇਡ’ ਦਾ ਇਹ ਨਵਾਂ ਉੱਦਮ ਹੈ ਕਿ ਉਸ ਵੱਲੋਂ ਛੋਟੇ ਤੇ ਦਰਮਿਆਨੇ ਕਿਸਾਨਾਂ ਦੀ ਬਾਂਹ ਫੜੀ ਜਾ ਰਹੀ ਹੈ। ਜਦੋਂ ਹੁਣ ਬਾਜ਼ਾਰ ’ਚ ਸ਼ਿਮਲਾ ਮਿਰਚਾਂ ਦੇ ਭਾਅ ਹੇਠਾਂ ਡਿੱਗੇ ਹਨ ਤਾਂ ਇਹ ਕਿਸਾਨ ਬ੍ਰਿਗੇਡ ਯਕਦਮ ਖੜ੍ਹੀ ਹੋਈ ਹੈ ਤਾਂ ਜੋ ਕਿਸਾਨਾਂ ਦਾ ਢਾਰਸ ਬਣਿਆ ਜਾ ਸਕੇ।
ਸਰਹੱਦੀ ਜ਼ਿਲ੍ਹੇ ਦੇ ਕਰੀਬ 20 ਸ਼ਿਮਲਾ ਮਿਰਚ ਉਤਪਾਦਕਾਂ ਨੇ ਇੱਕ ਸਮੂਹ ਬਣਾਇਆ ਹੈ ਜਿਸ ਵੱਲੋਂ ਛੋਟੇ ਤੇ ਦਰਮਿਆਨੇ ਕਿਸਾਨਾਂ ਤੋਂ ਵਪਾਰੀ ਨਾਲੋਂ ਉੱਚੇ ਭਾਅ ’ਤੇ ਮਿਰਚ ਖ਼ਰੀਦ ਕੀਤੀ ਜਾ ਰਹੀ ਹੈ। ਇਨ੍ਹਾਂ ਦਿਨਾਂ ਵਿਚ ਪੰਜਾਬ 'ਚ ਹਰੀ ਮਿਰਚ ਤੇ ਸ਼ਿਮਲਾ ਮਿਰਚ ਦੇ ਭਾਅ ਡਿੱਗੇ ਹੋਏ ਹਨ। ਮਾਨਸਾ ਜ਼ਿਲ੍ਹੇ ਵਿਚ ਪਿਛਲੇ ਦਿਨਾਂ ’ਚ ਕਿਸਾਨਾਂ ਨੂੰ ਮਜਬੂਰੀ ’ਚ ਆਪਣੀਆਂ ਸਬਜ਼ੀਆਂ ਸੜਕਾਂ ’ਤੇ ਸੁੱਟਣੀਆਂ ਪੈ ਰਹੀਆਂ ਸਨ।ਫ਼ਿਰੋਜ਼ਪੁਰ ਜ਼ਿਲ੍ਹੇ 'ਚ ਵਪਾਰੀ ਕਿਸਾਨਾਂ ਨੂੰ ਮਿਰਚਾਂ ਦਾ ਭਾਅ 21 ਰੁਪਏ ਦੇ ਰਹੇ ਹਨ ਜਦੋਂ ਕਿ 20 ਕਿਸਾਨਾਂ ਦਾ ਸਮੂਹ ਮੌਜੂਦਾ ਬਾਜ਼ਾਰ ਮੁੱਲ ਦੇ ਮੁਕਾਬਲੇ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਕਿਸਮ ਦੇ ਹਿਸਾਬ ਨਾਲ 28 ਰੁਪਏ ਅਤੇ 34 ਰੁਪਏ ਪ੍ਰਤੀ ਕਿਲੋ ਦਾ ਭਾਅ ਦੇ ਰਿਹਾ ਹੈ। ਇਸ ਕਿਸਾਨ ਸਮੂਹ ਦੇ ਮੈਂਬਰ ਅਤੇ ਫ਼ਿਰੋਜ਼ਪੁਰ ਦੇ ਪਿੰਡ ਮਾਹਲਣ ਦੇ ਬਲਵਿੰਦਰ ਸਿੰਘ ਮੁਤਾਬਕ ਉਨ੍ਹਾਂ ਦੇ ਸਮੂਹ ਨੇ ਮਾਰਕੀਟਿੰਗ ਦਾ ਕੰਮ ਸੰਭਾਲਿਆ ਹੈ ਕਿਉਂਕਿ ਛੋਟੇ ਉਤਪਾਦਕਾਂ ਨੂੰ ਮਾਰ ਪੈ ਰਹੀ ਸੀ ਅਤੇ ਵਪਾਰੀ ਮੁਨਾਫ਼ਾ ਖੱਟ ਰਹੇ ਸਨ। ਬਲਵਿੰਦਰ ਸਿੰਘ ਨੇ ਕਿਹਾ ਕਿ ਅਬੋਹਰ ਦਾ ਇੱਕ ਸਰਕਾਰੀ ਪਲਾਂਟ ਵੀ ਮਿਰਚਾਂ ਲਈ ਸਿਰਫ਼ 24 ਰੁਪਏ ਪ੍ਰਤੀ ਕਿਲੋ ਦੀ ਪੇਸ਼ਕਸ਼ ਕਰ ਰਿਹਾ ਹੈ।
ਕਈ ਹੋਰਨਾਂ ਕਾਸ਼ਤਕਾਰਾਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਸਬਜ਼ੀਆਂ ਦਾ ਘੱਟੋ-ਘੱਟ ਸਮਰਥਨ ਮੁੱਲ ਯਕੀਨੀ ਨਹੀਂ ਬਣਾਇਆ ਜਾਂਦਾ, ਓਨੀ ਦੇਰ ਸਬਜ਼ੀ ਕਾਸ਼ਤਕਾਰਾਂ ਨੂੰ ਮਾਰ ਝੱਲਣੀ ਪੈਣੀ ਹੈ। ਸੰਗਰੂਰ ਜ਼ਿਲ੍ਹੇ ਵਿਚ ਸ਼ਿਮਲਾ ਮਿਰਚ ਕਿਸਾਨਾਂ ਤੋਂ ਵਪਾਰੀ 4 ਤੋਂ 6 ਰੁਪਏ ਪ੍ਰਤੀ ਕਿਲੋ ਅਤੇ ਫ਼ਰੀਦਕੋਟ ਵਿਚ 4 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖ਼ਰੀਦ ਰਹੇ ਹਨ। ਲੰਘੇ ਵਰ੍ਹੇ ਸ਼ਿਮਲਾ ਮਿਰਚ ਦਾ ਭਾਅ ਚੰਗਾ ਮਿਲਿਆ ਸੀ। ਦੱਸਣਯੋਗ ਹੈ ਕਿ ਮਾਲਵਾ ਖਿੱਤੇ ਵਿੱਚ ਸਬਜ਼ੀ ਵਿਕਰੇਤਾ ਨੂੰ ਕਿਸੇ ਨਾ ਕਿਸੇ ਰੂਪ 'ਚ ਮਾਰ ਪੈਂਦੀ ਹੀ ਰਹਿੰਦੀ ਹੈ। ‘ਆਪ’ ਸਰਕਾਰ ਨੇ ਫ਼ਸਲੀ ਵਿਭਿੰਨਤਾ ਦੇ ਮੱਦੇਨਜ਼ਰ ਕੁਝ ਕਦਮ ਚੁੱਕੇ ਸਨ, ਜੋ ਕਾਫ਼ੀ ਨਹੀਂ ਹਨ।
ਬਾਗ਼ਬਾਨੀ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਸੂਬੇ ਵਿਚ ਬਾਗ਼ਬਾਨੀ ਅਧੀਨ ਕਰੀਬ 3.80 ਲੱਖ ਹੈਕਟੇਅਰ ਰਕਬਾ ਹੈ। ਕਾਸ਼ਤਕਾਰਾਂ ਨੂੰ ਮਾਰਕੀਟਿੰਗ ਦਾ ਹੁਨਰ ਸਿਖਾਇਆ ਜਾ ਰਿਹਾ ਹੈ ਅਤੇ ਫ਼ਿਰੋਜ਼ਪੁਰ ਵਿਚ ਕਿਸਾਨਾਂ ਦਾ ਬਣਿਆ ਸਮੂਹ ਵੀ ਸਰਕਾਰ ਵੱਲੋਂ ਦਿੱਤੀ ਪ੍ਰੇਰਨਾ ਸਦਕਾ ਹੈ। ਸਰਕਾਰ ਕਿਸਾਨਾਂ ਨੂੰ ਅਜਿਹੇ ਉੱਦਮ ਕਰਨ ਦੇ ਰਾਹ ਪਾ ਰਹੀ ਹੈ।