ਗੈਂਗਸਟਰਾਂ ਨਾਲ ਥਾਣੇਦਾਰ ਦੀ ਯਾਰੀ, ਇੰਝ ਪਹੁੰਚਾ ਰਿਹਾ ਸੀ ਜੇਲ੍ਹ 'ਚ ਸਾਮਾਨ
ਕੈਰਮ ਬੋਰਡ ਵਿੱਚ ਲੁਕੋ ਕੇ ਛੇ ਮੋਬਾਈਲ, ਚਾਰਜਰ, ਡੇਟਾ ਕੇਬਲ ਤੇ ਹੈੱਡਫ਼ੋਨ ਦੇਣ ਆਏ ਸਹਾਇਕ ਸਬ ਇੰਸਪੈਕਟਰ ਤੇ ਉਸ ਦੇ ਦੋ ਸਾਥੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਆਪਣੇ ਮਹਿਕਮੇ ਦੇ ਮੁਲਾਜ਼ਮ ਦੇ ਨਾਲ-ਨਾਲ ਉਸ ਦੇ ਦੋ ਸਾਥੀਆਂ ਤੇ ਗੈਂਗਸਟਰ ਖ਼ਿਲਾਫ਼ ਵੀ ਮਾਮਲਾ ਦਰਜ ਕਰ ਲਿਆ ਹੈ।
ਫ਼ਿਰੋਜ਼ਪੁਰ: ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿੱਚ ਬੰਦ ਗੈਂਗਸਟਰ ਦੀਪਕ ਉਰਫ਼ ਟੀਨੂੰ ਨੂੰ ਕੈਰਮ ਬੋਰਡ ਵਿੱਚ ਲੁਕੋ ਕੇ ਛੇ ਮੋਬਾਈਲ, ਚਾਰਜਰ, ਡੇਟਾ ਕੇਬਲ ਤੇ ਹੈੱਡਫ਼ੋਨ ਦੇਣ ਆਏ ਸਹਾਇਕ ਸਬ ਇੰਸਪੈਕਟਰ ਤੇ ਉਸ ਦੇ ਦੋ ਸਾਥੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਆਪਣੇ ਮਹਿਕਮੇ ਦੇ ਮੁਲਾਜ਼ਮ ਦੇ ਨਾਲ-ਨਾਲ ਉਸ ਦੇ ਦੋ ਸਾਥੀਆਂ ਤੇ ਗੈਂਗਸਟਰ ਖ਼ਿਲਾਫ਼ ਵੀ ਮਾਮਲਾ ਦਰਜ ਕਰ ਲਿਆ ਹੈ।
ਜੇਲ੍ਹ ਸੁਪਰਡੰਟ ਇਕਬਾਲ ਸਿੰਘ ਨੇ ਦੱਸਿਆ ਕਿ ਫ਼ਾਜ਼ਿਲਕਾ ਵਿੱਚ ਤਾਇਨਾਤ ਏਐਸਆਈ ਰਾਕੇਸ਼ ਕੁਮਾਰ ਆਪਣੇ ਸਾਥੀਆਂ ਸੋਨੂੰ ਤੇ ਦੀਪਕ (ਦੋਵੇਂ ਵਾਸੀ ਬਠਿੰਡਾ) ਨਾਲ ਮੰਗਲਵਾਰ ਨੂੰ ਜੇਲ੍ਹ ਵਿੱਚ ਆਇਆ ਸੀ। ਰਾਕੇਸ਼ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਗ਼ੈਰ ਸਰਕਾਰੀ ਸੰਸਥਾ (NGO) ਚਲਾਉਂਦਾ ਹੈ ਤੇ ਸਮਾਜ ਭਲਾਈ ਦੇ ਕੰਮ ਕਰਦਾ ਹੈ। ਉਸ ਨੇ ਕਿਹਾ ਕਿ ਜੇਲ੍ਹ ਦੇ ਮੈਡੀਕਲ ਸਟਾਫ ਲਈ ਪੀਪੀਈ ਕਿੱਟ, 1500 ਮਾਸਕ ਤੇ 1000 ਸ਼ੀਸ਼ੀਆਂ ਸੈਨੀਟਾਈਜ਼ਰ ਦੇ ਨਾਲ-ਨਾਲ ਹਵਾਲਾਤੀ ਦੀਪਕ ਉਰਫ ਟੀਨੂੰ ਨੂੰ ਕੈਰਮ ਬੋਰਡ ਵੀ ਦੇਣਾ ਹੈ।
ਸੁਪਰਡੰਟ ਨੇ ਸਮਾਨ ਦੇਣ ਦੀ ਆਗਿਆ ਦੇ ਦਿੱਤੀ ਪਰ ਸ਼ੱਕ ਪੈਣ ‘ਤੇ ਜਾਂਚ ਕੀਤੀ। ਜਾਂਚ ਦੌਰਾਨ ਕੈਰਮ ਬੋਰਡ ਵਿੱਚ ਲੁਕੋ ਕੇ ਰੱਖੇ ਛੇ ਮੋਬਾਈਲ, ਤਿੰਨ ਹੈੱਡਫ਼ੋਨ ਤੇ ਦੋ ਡੇਟਾ ਕੇਬਲ ਬਰਾਮਦ ਹੋਈਆਂ। ਪੁਲਿਸ ਨੇ ਤਿੰਨਾਂ ਦਾਨੀ ਸੱਜਣਾਂ ਨੂੰ ਗ੍ਰਿਫ਼ਤਾਰ ਕਰ ਤਲਾਸ਼ੀ ਲਈ ਤਾਂ 38,000 ਰੁਪਏ ਨਕਦ ਤੇ ਇੱਕ ਮੋਬਾਈਲ ਫ਼ੋਨ ਜ਼ਬਤ ਕੀਤਾ। ਇਕਬਾਲ ਸਿੰਘ ਨੇ ਦੱਸਿਆ ਕਿ ਗੈਂਗਸਟਰ ਦੀਪਕ ਉਰਫ਼ ਟੀਨੂੰ ‘ਤੇ ਕਤਲ, ਕਤਲ ਦੀ ਕੋਸ਼ਿਸ਼, ਲੁੱਟ, ਡਕੈਤੀ, ਫਿਰੌਤੀ ਮੰਗਣ, ਬਲੈਕਮੇਲ ਤੇ ਲੜਾਈ-ਝਗੜੇ ਆਦਿ ਦੇ ਤਕਰੀਬਨ 30 ਕੇਸ ਦਰਜ ਹਨ।