ਪੰਜਾਬ ਪੁਲਿਸ ਵੱਲੋਂ ਰੋਡ ਸੈਫਟੀ ਡਰਾਈਵ ਦੀ ਸ਼ੁਰੂਆਤ, ਦੁਰਘਟਨਾ ਨਾਲ ਹੋਣ ਵਾਲੀਆਂ ਮੌਤਾਂ 'ਚ 15 ਫ਼ੀਸਦ ਤੋਂ 20 ਫ਼ੀਸਦ ਤਕ ਹੋਵੇਗੀ ਕਮੀ
Punjab News : ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ ਸਕੂਲੀ ਜ਼ੋਨਾਂ ਵਿੱਚ ਵਾਹਨਾਂ ਦੀ ਗਤੀ ਸੀਮਾ 25 ਕਿਲੋਮੀਟਰ ਪ੍ਰਤੀ ਘੰਟਾ ਤੈਅ ਕੀਤੇ ਜਾਣ ਤੋਂ ਬਾਅਦ ਡੀਜੀਪੀ ਨੇ ਟਰੈਫ਼ਿਕ ਪੁਲਿਸ ਨੂੰ ਇਨ੍ਹਾਂ ਹੁਕਮਾਂ ਨੂੰ ਤੁਰੰਤ ਲਾਗੂ ਕਰਨ ਦੇ ਹੁਕਮ ਦਿੱਤੇ।
ਚੰਡੀਗੜ੍ਹ : ਸੂਬੇ 'ਚ ਸੜਕ ਹਾਦਸਿਆਂ 'ਚ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਅਤੇ ਸੜਕ ਸੁਰੱਖਿਆ ਦੀ ਸਥਿਤੀ ਵਿੱਚ ਸੁਧਾਰ ਕਰਨ ਦੇ ਉਦੇਸ਼ ਨਾਲ, ਪੰਜਾਬ ਪੁਲਿਸ ਨੇ 'ਮੁਵਿੰਗ ਟ੍ਰੈਫਿਕ ਵਾਇਲੇਸ਼ਨ' 'ਤੇ ਕੇਂਦ੍ਰਤ ਸੂਬਾ ਪੱਧਰੀ ਰੋਡ ਸੇਫਟੀ ਐਜੂਕੇਸ਼ਨ ਅਤੇ ਇਨਫੋਰਸਮੈਂਟ ਡਰਾਈਵ ਦੀ ਸ਼ੁਰੂਆਤ ਕੀਤੀ ਹੈ। 'ਮੁਵਿੰਗ ਟ੍ਰੈਫਿਕ ਵਾਇਲੇਸ਼ਨ' ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਣਾ, ਹੈਲਮੇਟ ਨਾ ਪਾਉਣਾ ਜਾਂ ਸੀਟ-ਬੈਲਟ ਨਾ ਲਗਾਉਣਾ, ਤੇਜ਼ ਰਫ਼ਤਾਰ, ਹਾਈ ਬੀਮ, ਗੱਡੀ ਚਲਾਉਂਦੇ ਸਮੇਂ ਮੋਬਾਈਲ ਫ਼ੋਨ ਦੀ ਵਰਤੋਂ ਕਰਨਾ ਅਤੇ ਟਰੈਫ਼ਿਕ ਸਿਗਨਲ ਤੋੜਨਾ ਸ਼ਾਮਲ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ, ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਸ੍ਰੀ ਵੀਕੇ ਭਾਵਰਾ ਨੇ ਕਿਹਾ ਕਿ ਸਾਰੀ ਇਨਫੋਰਸਮੈਂਟ ਰਣਨੀਤੀ ਪਿਛਲੇ ਸਾਲ ਦੇ ਰੁਝਾਨਾਂ ਅਤੇ ਸੜਕ ਹਾਦਸਿਆਂ ਦੇ ਕਾਰਨਾਂ ਦੇ ਆਧਾਰ 'ਤੇ ਵਿਉਂਤਬੱਧ ਕੀਤੀ ਗਈ ਹੈ। ਡੀਜੀਪੀ ਨੇ ਕਿਹਾ ਕਿ ਪੰਜਾਬ ਵਿੱਚ ਵੱਖ-ਵੱਖ ਸੜਕ ਹਾਦਸਿਆਂ ਵਿੱਚ ਰੋਜ਼ਾਨਾ ਔਸਤਨ 11-12 ਕੀਮਤੀ ਜਾਨਾਂ ਜਾਂਦੀਆਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਟਰੈਫਿਕ ਨਿਯਮਾਂ ਦੀ ਉਲੰਘਣਾ ਉੱਤੇ ਧਿਆਨ ਕੇਂਦ੍ਰਤ ਕਰਕੇ ਰੋਕਿਆ ਜਾ ਸਕਦਾ ਹੈ ਜਾਂ ਇਹਨਾਂ ਹਾਦਸਿਆਂ ਦੀ ਗੰਭੀਰਤਾ ਨੂੰ ਘਟਾਇਆ ਜਾ ਸਕਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਜ਼ਿਆਦਾਤਰ ਸੜਕ ਦੁਰਘਟਨਾਵਾਂ ਅੱਧੀ ਰਾਤ ਨੂੰ ਹੁੰਦੀਆਂ ਹਨ ਜਿਹਨਾਂ ਵਿੱਚ ਜ਼ਿਆਦਾ ਮੌਤਾਂ ਹੁੰਦੀਆਂ ਹਨ। ਉਨ੍ਹਾਂ ਨੂੰ ਰੋਕਣ ਲਈ ਐਡਵਾਂਸਡ ਟ੍ਰੈਫਿਕ ਮੈਨੇਜਮੈਂਟ ਟੈਕਨਾਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਟ੍ਰੈਫਿਕ ਪੁਲਿਸ ਕਰਮਚਾਰੀਆਂ ਦੀ ਗਿਣਤੀ ਵੀ ਵਧਾਈ ਜਾ ਰਹੀ ਹੈ।
ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ ਸਕੂਲੀ ਜ਼ੋਨਾਂ ਵਿੱਚ ਵਾਹਨਾਂ ਦੀ ਗਤੀ ਸੀਮਾ 25 ਕਿਲੋਮੀਟਰ ਪ੍ਰਤੀ ਘੰਟਾ ਤੈਅ ਕੀਤੇ ਜਾਣ ਤੋਂ ਬਾਅਦ ਡੀਜੀਪੀ ਨੇ ਟਰੈਫ਼ਿਕ ਪੁਲਿਸ ਨੂੰ ਇਨ੍ਹਾਂ ਹੁਕਮਾਂ ਨੂੰ ਤੁਰੰਤ ਲਾਗੂ ਕਰਨ ਦੇ ਹੁਕਮ ਦਿੱਤੇ ਅਤੇ ਜੇਕਰ ਕੋਈ ਇਸ ਗਤੀ ਸੀਮਾ ਦੀ ਉਲੰਘਣਾ ਕਰਦਾ ਹੈ ਤਾਂ ਉਸ ਦਾ ਤੁਰੰਤ ਚਲਾਨ ਕੱਟਣ ਦੇ ਸਖ਼ਤ ਹੁਕਮ ਵੀ ਦਿੱਤੇ ਗਏ ਹਨ।
ਅੰਕੜੇ ਦਰਸਾਉਂਦੇ ਹਨ ਕਿ ਔਸਤਨ ਲਗਭਗ 45 ਫ਼ੀਸਦ ਸੜਕ ਦੁਰਘਟਨਾਵਾਂ ਵਿੱਚ ਦੋਪਹੀਆ ਵਾਹਨ ਸ਼ਾਮਲ ਹੁੰਦੇ ਹਨ ਜੋ ਚਾਰ ਪਹੀਆ ਵਾਹਨਾਂ ਜਾਂ ਟਰੱਕਾਂ ਨਾਲ ਟੱਕਰ ਹੋਣ ਨਾਲ ਦੁਰਘਟਨਾ ਦਾ ਸ਼ਿਕਾਰ ਹੁੰਦੇ ਹਨ। ਜਿਸ ਦਾ ਕਾਰਨ ਜ਼ਿਆਦਾਤਰ ਪੀੜਤ ਜਾਂ ਦੋਸ਼ੀ ਵੱਲੋਂ ਤੇਜ਼ ਰਫਤਾਰ, ਸ਼ਰਾਬ ਪੀ ਕੇ ਡਰਾਈਵਿੰਗ, ਮੋਬਾਈਲ ਫੋਨ ਦੀ ਵਰਤੋਂ, ਹੈਲਮੇਟ ਜਾਂ ਸੀਟ ਬੈਲਟ ਨਾ ਪਹਿਨਣਾ ਹੁੰਦਾ ਹੈ।
ਅਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ ਟਰੈਫ਼ਿਕ) ਅਮਰਦੀਪ ਸਿੰਘ ਰਾਏ ਨੇ ਸਮੂਹ ਜ਼ਿਲ੍ਹਾ ਟ੍ਰੈਫਿਕ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਉਹ ਆਉਣ-ਜਾਣ ਵਾਲੇ ਲੋਕਾਂ ਨੂੰ ਜਾਗਰੂਕ ਕਰਕੇ, ਉਨ੍ਹਾਂ ਨੂੰ ਚੁਣੌਤੀ ਦੇਣ ਜਾਂ ਕੋਈ ਹੋਰ ਢੁਕਵੇਂ ਉਪਾਅ ਨਾਲ 'ਮੁਵਿੰਗ ਟ੍ਰੈਫਿਕ ਵਾਇਲੇਸ਼ਨ' ਨੂੰ ਘੱਟ ਤੋਂ ਘੱਟ ਕਰਨ 'ਤੇ ਜ਼ੋਰ ਦੇਣ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ।
ਏਡੀਜੀਪੀ ਰਾਏ ਨੇ ਕਿਹਾ, “ਇਹ ਇੱਕ ਬਹੁਤ ਹੀ ਵਿਗਿਆਨਕ ਢੰਗ ਨਾਲ ਚਲਾਈ ਜਾਣ ਵਾਲੀ ਇਨਫੋਰਸਮੈਂਟ ਡਰਾਈਵ ਹੈ, ਜੋ ਲੰਬੇ ਸਮੇਂ ਦੇ ਵਿਵਹਾਰਿਕ ਬਦਲਾਅ 'ਤੇ ਕੇਂਦ੍ਰਿਤ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹੀਆਂ ਇਨਫੋਰਸਮੈਂਟ ਰਣਨੀਤੀਆਂ ਨਾਲ ਮੌਜੂਦਾ ਸਥਿਤੀ ਦੇ ਸੰਦਰਭ ਵਿਚ ਸੜਕ ਦੁਰਘਟਨਾਵਾਂ ਵਿੱਚ ਹੋਣ ਵਾਲੀਆਂ ਮੌਤਾਂ ਨੂੰ 15-20 ਫ਼ੀਸਦ ਤੱਕ ਘਟਾਇਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿੱਚ, ਮੁਹਿੰਮ ਦੇ ਪਹਿਲੇ 15 ਦਿਨ ਆਉਣ-ਜਾਣ ਵਾਲੇ ਲੋਕਾਂ ਨੂੰ ਸੁਚੇਤ ਕਰਨ ਲਈ ਸੜਕ ਸੁਰੱਖਿਆ ਸਬੰਧੀ ਸਿੱਖਿਆ ਅਤੇ ਜਾਗਰੂਕਤਾ 'ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਸਖ਼ਤੀ ਨਾਲ ਇਨਫੋਰਸਮੈਂਟ ਡਰਾਈਵ ਚਲਾਈ ਜਾਵੇਗੀ।
ਦੱਸਣਯੋਗ ਹੈ ਕਿ ਕੋਵਿਡ-19 ਪਾਬੰਦੀਆਂ ਦੌਰਾਨ, ਅਜਿਹੇ ਬਹੁਤ ਸਾਰੇ ਪ੍ਰਯੋਗਾਂ ਨੇ ਪੰਜਾਬ ਦੀਆਂ ਲੋੜਾਂ ਮੁਤਾਬਕ ਵਿਸ਼ੇਸ਼ ਤੌਰ 'ਤੇ ਢੁਕਵੇਂ ਸਬੂਤ ਆਧਾਰਿਤ ਟ੍ਰੈਫਿਕ ਇਨਫੋਰਸਮੈਂਟ ਐਕਸ਼ਨ ਪਲਾਨ ਦੀ ਰਣਨੀਤੀ ਬਣਾਉਣ ਵਿੱਚ ਮਦਦ ਕੀਤੀ ਹੈ।