ਪੰਜਾਬ 'ਚ ਬੰਧੂਆ ਮਜਦੂਰੀ 'ਤੇ ਸਿਆਸਤ ਤੇਜ਼, ਕੈਪਟਨ ਸਰਕਾਰ ਵੱਲੋਂ ਕੇਂਦਰ 'ਤੇ ਕਿਸਾਨਾਂ ਨੂੰ ਬਦਨਾਮ ਕਰਨ ਦੇ ਇਲਜ਼ਾਮ
ਚਿੱਠੀ 'ਚ ਬੀਐਸਐਫ ਤੋਂ ਮਿਲੀ ਜਾਣਕਾਰੀ ਦਾ ਹਵਾਲਾ ਦਿੱਤਾ ਗਿਆ ਹੈ। ਜਿਸ ਦੇ ਮੁਤਾਬਕ ਸਾਲ 2019-20 'ਚ 58 ਖੇਤੀ ਮਜਦੂਰਾਂ ਨੂੰ ਛੁਡਾਇਆ ਗਿਆ ਸੀ।
ਚੰਡੀਗੜ੍ਹ: ਪੰਜਾਬ ਦੀ ਸਿਆਸਤ 'ਚ ਇਕ ਚਿੱਠੀ ਨੇ ਭੂਚਾਲ ਲਿਆ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ 17 ਮਾਰਚ ਨੂੰ ਪੰਜਾਬ ਦੇ ਮੁੱਖ ਸਕੱਤਰ ਤੇ ਡੀਜੀਪੀ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਕੰਮ ਕਰਨ ਵਾਲੇ ਯੂਪੀ-ਬਿਹਾਰ ਤੋਂ ਆਉਣ ਵਾਲੇ ਖੇਤੀ ਮਜਦੂਰਾਂ ਨੂੰ ਨਸ਼ੇ ਦਾ ਆਦੀ ਬਣਾ ਕੇ ਬੰਧੂਆ ਮਜਦੂਰੀ ਕਰਵਾਈ ਜਾਂਦੀ ਹੈ। ਏਨਾ ਹੀ ਨਹੀਂ ਕਈ ਮਜਦੂਰਾਂ ਨੂੰ ਘੰਟਿਆਂ ਬੱਧੀ ਕੰਮ ਬਦਲੇ ਨਿਗੂਣੀ ਤਨਖਾਹ ਦਿੱਤੀ ਜਾਂਦੀ ਹੈ।
ਚਿੱਠੀ 'ਚ ਬੀਐਸਐਫ ਤੋਂ ਮਿਲੀ ਜਾਣਕਾਰੀ ਦਾ ਹਵਾਲਾ ਦਿੱਤਾ ਗਿਆ ਹੈ। ਜਿਸ ਦੇ ਮੁਤਾਬਕ ਸਾਲ 2019-20 'ਚ 58 ਖੇਤੀ ਮਜਦੂਰਾਂ ਨੂੰ ਛੁਡਾਇਆ ਗਿਆ ਸੀ। ਹਾਲਾਂਕਿ ਪੰਜਾਬ ਦੀਆਂ ਪਾਰਟੀਆਂ ਇਸ ਅੰਦੋਲਨਕਾਰੀ ਕਿਸਾਨਾਂ ਨੂੰ ਤੋੜਨ ਵਾਲਾ ਕਦਮ ਦੱਸ ਰਹੀਆਂ ਹਨ।
ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ, 'ਇਹ ਸਰਾਸਰ ਗਲਤ ਹੈ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਭਾਰਤ ਸਰਕਾਰ ਨੂੰ ਤਤਕਾਲ ਪ੍ਰਭਾਵ ਨਾਲ ਆਪਣੀ ਚਿੱਠੀ ਵਾਪਸ ਲੈਣੀ ਚਾਹੀਦੀ ਹੈ ਤੇ ਪੰਜਾਬ ਦੇ ਕਿਸਾਨਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ। ਜੋ ਕਿਸਾਨ ਦਿੱਲੀ ਬੈਠੇ ਹਨ ਉਨ੍ਹਾਂ ਨੂੰ ਉਥਲ ਪੁਥਲ ਕਰਨ ਲਈ ਅਜਿਹੇ ਕਦਮ ਚੁੱਕੇ ਜਾ ਰਹੇ ਹਨ।'
SAD ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ, 'ਕੇਂਦਰ ਸਰਕਾਰ ਦੇ ਮਨ 'ਚ ਪੰਜਾਬ ਦੇ ਕਿਸਾਨਾਂ ਪ੍ਰਤੀ ਨਫਰਤ ਜਾਗ ਗਈ ਹੈ। ਉਹ ਹਰ ਚੀਜ਼ 'ਤੇ ਇਲਜ਼ਾਮ ਲਾਉਣ ਲੱਗਦੇ ਹਨ। ਉਨ੍ਹਾਂ ਜੋ ਲਿਖਿਆ ਹੈ ਉਸਦਾ ਸਬੂਤ ਦੇਣ। ਉਹ ਆਪਣੀ ਕਮਜ਼ੋਰੀ ਲੁਕਾ ਰਹੇ ਹਨ।'
ਬੀਜੇਪੀ ਨੇ ਕੈਪਟਨ ਸਰਕਾਰ 'ਤੇ ਸਾਧਿਆ ਨਿਸ਼ਾਨਾ
ਬੀਜੇਪੀ ਇਸ ਮੁੱਦੇ 'ਤੇ ਪੰਜਾਬ ਦੀ ਕੈਪਟਨ ਸਰਕਾਰ 'ਤੇ ਨਿਸ਼ਾਨਾ ਸਾਧ ਰਹੀ ਹੈ। ਬੀਜੇਪੀ ਲੀਡਰ ਤਰੁਣ ਚੁੱਘ ਨੇ ਕਿਹਾ, 'ਨਾ ਇਹ ਚਿੱਠੀ ਲੇਬਰ ਦੇ ਖਿਲਾਫ ਹੈ ਤੇ ਨਾ ਹੀ ਕਿਸਾਨਾਂ ਦੇ ਖਿਲਾਫ। ਕੇਂਦਰੀ ਗ੍ਰਹਿ ਮੰਤਰਾਲੇ ਨੇ ਬੀਐਸਐਫ ਦੀ ਜਾਣਕਾਰੀ ਦੇ ਮੁਤਾਬਕ ਪੰਜਾਬ ਦੇ ਗ੍ਰਹਿ ਮੰਤਰਾਲੇ ਨੂੰ ਸਾਵਧਾਨ ਕੀਤਾ ਹੈ।
ਬੀਜੇਪੀ ਦਾ ਇਲਜ਼ਾਮ ਹੈ ਕਿ ਕੈਪਟਨ ਸਾਹਿਬ ਜਨਤਾ ਨੂੰ ਨਸ਼ੇ ਦੀ ਵਜ੍ਹਾ ਨਾਲ ਮਰਨ ਵਾਲਿਆਂ ਦੀ ਸੰਖਿਆ ਬਾਰੇ ਵੀ ਦੱਸਣ। ਅੱਜ ਕੈਪਟਨ ਸਰਕਾਰ ਮਾਫੀਆ ਦੇ ਸਾਹਮਣੇ ਸਰੰਡਰ ਕਰਦੇ ਹਨ, ਚਾਹੇ ਉਹ ਡਰੱਗ ਮਾਫੀਆ ਹੋਵੇ, ਚਾਹੇ ਰੇਤ ਮਾਫੀਆ ਹੋਵੇ। ਮਾਫੀਆ ਪੰਜਾਬ ਦੀ ਸਰਕਾਰ ਦੀ ਨੀਤੀ ਤੇ ਨੇਚਾ ਤੈਅ ਕਰ ਰਹੇ ਹਨ।