ਬੀਜੇਪੀ ਵਿਧਾਇਕ ਨਾਲ ਕੁੱਟਮਾਰ ਤੋਂ ਬਾਅਦ ਹਾਈਕਮਾਨ ਕਰੇਗੀ ਕਾਰਵਾਈ ਦਾ ਫੈਸਲਾ
ਅਰੁਣ ਨਾਰੰਗ ਨੇ ਸਵਾਲ ਚੁੱਕਿਆ ਕਿ ਜੇਕਰ ਪੰਜਾਬ ਸਰਕਾਰ ਪੰਜਾਬ ਦੇ ਵਿਧਾਇਕਾਂ ਨੂੰ ਸੁਰੱਖਿਆ ਨਹੀਂ ਦੇ ਸਕਦੀ ਤਾਂ ਆਮ ਆਦਮੀ ਨੂੰ ਕੀ ਸੁਰੱਖਿਆ ਦੇਵੇਗੀ।
ਮੁਕਤਸਰ: ਇੱਥੋਂ ਦੇ ਵਿਧਾਨ ਸਭਾ ਖੇਤਰ ਮਲੋਟ ਵਿੱਚ ਬੀਜੇਪੀ ਦੇ ਵਿਧਾਇਕ ਰੁਣ ਨਾਰੰਗ ਦੀ ਮਾਰਕੁੱਟ ਕਰਨ ਤੇ ਕੱਪੜੇ ਪਾੜ੍ਹਨ ਦੇ ਮਾਮਲੇ ਵਿੱਚ ਬੀਜੇਪੀ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਅਰੁਣ ਨਾਰੰਗ ਨੇ ਸਵਾਲ ਚੁੱਕਿਆ ਕਿ ਜੇਕਰ ਪੰਜਾਬ ਸਰਕਾਰ ਪੰਜਾਬ ਦੇ ਵਿਧਾਇਕਾਂ ਨੂੰ ਸੁਰੱਖਿਆ ਨਹੀਂ ਦੇ ਸਕਦੀ ਤਾਂ ਆਮ ਆਦਮੀ ਨੂੰ ਕੀ ਸੁਰੱਖਿਆ ਦੇਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੀ ਇੰਟੈਲੀਜੈਂਸ ਨੂੰ ਪਹਿਲਾਂ ਤੋਂ ਖਬਰ ਸੀ ਕਿ ਅਜਿਹਾ ਕੁਝ ਹੋ ਸਕਦਾ ਹੈ ਪਰ ਫਿਰ ਵੀ ਉਨ੍ਹਾਂ ਸੁਰੱਖਿਆ ਮੁਹੱਈਆ ਨਹੀਂ ਕਰਵਾਈ। ਉਨ੍ਹਾਂ ਕਿਹਾ ਇਸ ਘਟਨਾ ਮਗਰੋਂ ਬੀਜੇਪੀ ਕੀ ਕਾਰਵਾਈ ਕਰੇਗੀ ਇਸ ਬਾਰੇ ਹਾਈਕਾਮਨ ਫੈਸਲਾ ਲਵੇਗੀ।
ਸ਼ਨੀਵਾਰ ਮਲੋਟ 'ਚ ਭਾਜਪਾ ਦੇ ਇੱਕ ਪ੍ਰੋਗਰਾਮ 'ਚ ਸ਼ਿਰਕਤ ਕਰਨ ਲਈ ਪਹੁੰਚੇ ਭਾਜਪਾ ਵਿਧਾਇਕ ਨਾਲ ਕੁੱਟਮਾਰ, ਕਾਲਖ ਲਾਉਣੀ ਤੇ ਆਪਣੇ ਬਚਾਉ ਦੌਰਾਨ ਇੱਕ ਦੁਕਾਨ 'ਚ ਸ਼ਰਨ ਲੈਣ ਤੋਂ ਬਾਅਦ ਬਾਹਰ ਆਉਣ 'ਤੇ ਜਿਸ ਤਰ੍ਹਾਂ ਦਾ ਵਤੀਰਾ ਉਨ੍ਹਾਂ ਨਾਲ ਵਰਤਿਆ ਗਿਆ ਹੈ, ਉਸ ਨੂੰ ਲੈਕੇ ਇਸ ਕਾਰਵਾਈ ਨੂੰ ਅੰਜਾਮ ਦੇਣ ਵਾਲਿਆਂ ਦੀ ਨਿੰਦਾ ਹੋ ਰਹੀ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਇਸਦੀ ਨਿਖੇਧੀ ਕਰਦਿਆਂ ਟਵੀਟ ਕੀਤਾ ਹੈ।
ਉਧਰ, ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਲੀਡਰ ਡਾ. ਦਰਸ਼ਨਪਾਲ ਨੇ ਕਿਹਾ ਹੈ ਕਿ ਕਿਸਾਨਾਂ ਵੱਲੋਂ ਭਾਜਪਾ ਵਿਧਾਇਕ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ ਹੈ ਪਰ ਕੁਝ ਹਾਲਾਤ ਕਾਰਨ ਇਹ ਰੋਸ ਮੁਜ਼ਾਹਰਾ ਹਿੰਸਕ ਰੂਪ ਧਾਰ ਗਿਆ ਤੇ ਵਿਧਾਇਕ ਨਾਲ ਬਦਸਲੂਕੀ ਕੀਤੀ ਗਈ ਹੈ। ਉਨ੍ਹਾਂ ਕਿਹਾ, ‘ਲੋਕ ਨੁਮਾਇੰਦਿਆਂ ਨਾਲ ਅਜਿਹਾ ਵਿਹਾਰ ਕੀਤਾ ਜਾਣਾ ਚਿੰਤਾ ਦਾ ਵਿਸ਼ਾ ਹੈ ਤੇ ਅਜਿਹੇ ਵਿਹਾਰ ਨੂੰ ਉਤਸ਼ਾਹਿਤ ਨਹੀਂ ਕੀਤਾ ਜਾਣਾ ਚਾਹੀਦਾ। ਅਸੀਂ ਇਸ ਘਟਨਾ ਦੀ ਸਖਤੀ ਨਾਲ ਨਿੰਦਾ ਕਰਦੇ ਹਾਂ।
ਦੱਸ ਦਈਏ ਕਿ ਸ਼ਨੀਵਾਰ ਨੂੰ ਕਿਸਾਨ ਜਥੇਬੰਦੀਆਂ ਨੇ ਮਲੋਟ ਦੇ ਭਾਜਪਾ ਦਫਤਰ ’ਚ ਮੀਟਿੰਗ ਕਰਨ ਆਏ ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ ਦਾ ਸਖਤ ਵਿਰੋਧ ਕੀਤਾ ਤੇ ਉਨ੍ਹਾਂ ਦੇ ਚਿਹਰੇ ਤੇ ਕਾਰ ’ਤੇ ਕਾਲਖ਼ ਮਲ ਦਿੱਤੀ। ਸੁਰੱਖਿਆ ਕਰਮੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਭੀੜ ਵਿੱਚੋਂ ਸੁਰੱਖਿਅਤ ਕੱਢ ਲਿਆਏ ਪਰ ਜਦ ਉਨ੍ਹਾਂ ਨੂੰ ਕਿਸੇ ਅਗਲੀ ਥਾਂ ਤਬਦੀਲ ਕੀਤਾ ਜਾਣਾ ਸੀ ਤਾਂ ਕਿਸਾਨ ਤੇ ਹੋਰ ਭਰਾਤਰੀ ਜਥੇਬੰਦੀਆਂ ਉਨ੍ਹਾਂ ਦੇ ਮਗਰ ਪੈ ਗਈਆਂ ਤੇ ਵਿਰੋਧ ਲਗਾਤਾਰ ਜਾਰੀ ਰਿਹਾ। ਇਸ ਖਿੱਚ-ਧੂਹ ’ਚ ਵਿਧਾਇਕ ਨਾਰੰਗ ਦੇ ਸਾਰੇ ਕੱਪੜੇ ਵੀ ਪਾੜ ਗਏ। ਇਸ ਦੌਰਾਨ ਸੁਰੱਖਿਆ ਕਰਮੀਆਂ ਨੇ ਭਾਰੀ ਮੁਸ਼ੱਕਤ ਨਾਲ ਉਨ੍ਹਾਂ ਨੂੰ ਉਥੋਂ ਕੱਢ ਕੇ ਇਕ ਹੋਰ ਨੇੜਲੇ ਵਰਕਰ ਦੀ ਦੁਕਾਨ ਵਿੱਚ ਸੁਰੱਖਿਅਤ ਕੀਤਾ।