ਜਨਰਲ ਰਾਵਤ ਦੇ ਹਾਦਸਾਗ੍ਰਸਤ ਹੈਲੀਕਾਪਟਰ 'ਚ ਹੀ ਸਵਾਰ ਸੀ ਪੰਜਾਬ ਦਾ ਨਾਇਕ ਗੁਰਸੇਵਕ
ਤਰਨ ਤਾਰਨ ਦੇ ਰਹਿਣ ਵਾਲੇ ਨਾਇਕ ਗੁਰਸੇਵਕ ਵੀ ਹਾਦਸੇ ਦਾ ਸ਼ਿਕਾਰ ਹੋਏ ਹੈਲੀਕਾਪਟਰ 'ਚ ਸਵਾਰ ਸੀ। ਗੁਰਸੇਵਕ ਸਿੰਘ ਸਰਹੱਦੀ ਪਿੰਡ ਦੋਦੇ ਸੋਢੀਆਂ ਦਾ ਰਹਿਣ ਵਾਲਾ ਸੀ।
ਤਰਨ ਤਾਰਨ: ਤਾਮਿਲਨਾਡੂ ਦੇ ਨੀਲਗਿਰੀ ਜ਼ਿਲ੍ਹੇ ਦੇ ਪੱਛਮੀ ਘਾਟ ਖੇਤਰ 'ਚ ਬੁੱਧਵਾਰ ਦੁਪਹਿਰ ਨੂੰ ਭਾਰਤੀ ਫੌਜ ਦਾ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਇਸ ਭਿਆਨਕ ਹਾਦਸੇ 'ਚ ਹੀ ਦੇਸ਼ ਦੇ ਸੀਡੀਐਸ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਤੇ 11 ਅਧਿਕਾਰੀ ਸ਼ਹੀਦ ਹੋ ਗਏ। ਇਸ ਹਾਦਸੇ 'ਚ ਸ਼ਹੀਦ ਹੋਣ ਵਾਲਿਆਂ ਵਿੱਚ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਦੋਦੇ ਸੋਢੀਆਂ ਦਾ ਰਹਿਣ ਵਾਲਾ ਨਾਇਕ ਗੁਰਸੇਵਕ ਸਿੰਘ ਪੁੱਤਰ ਕਾਬਲ ਸਿੰਘ ਵੀ ਸ਼ਾਮਲ ਸੀ।
ਹਾਸਲ ਜਾਣਕਾਰੀ ਮੁਤਾਬਕ 30 ਸਾਲਾ ਗੁਰਸੇਵਕ ਸਿੰਘ ਦੀ ਸ਼ਹਾਦਤ ਦੀ ਖ਼ਬਰ ਨਾਲ ਸਰਹੱਦੀ ਪਿੰਡ ਦੋਦੇ ਸੋਢੀਆਂ ਵਿੱਚ ਸੋਗ ਦਾ ਮਾਹੌਲ ਬਣ ਗਿਆ। ਗੁਰਸੇਵਕ ਸਿੰਘ ਦੋ ਬੱਚਿਆਂ ਦਾ ਪਿਤਾ ਹੈ। ਗੁਰਸੇਵਕ ਦੀ ਸ਼ਹਾਦਤ ਦੀ ਖ਼ਬਰ ਮਿਲਦਿਆਂ ਹੀ ਸਰਪੰਚ ਗੁਰਬਾਜ਼ ਸਿੰਘ ਨੇ ਪਰਿਵਾਰ ਨਾਲ ਸੰਪਰਕ ਕੀਤਾ। ਪਰਿਵਾਰ ਨੇ ਸਾਢੇ ਦਸ ਵਜੇ ਜ਼ਿਲ੍ਹੇ ਦੇ ਡੀਸੀ ਰਾਹੀਂ ਭਾਰਤੀ ਫ਼ੌਜ ਤੋਂ ਇਹ ਸੂਚਨਾ ਮਿਲੀ।
ਦੱਸ ਦਈਏ ਕਿ ਨਾਇਕ ਗੁਰਸੇਵਕ ਸਿੰਘ ਦੇ ਪਿਤਾ ਕਾਬਲ ਸਿੰਘ ਨੂੰ ਇਸ ਹਾਦਸੇ ਦਾ ਪਤਾ ਲੱਗਦਿਆਂ ਹੀ ਉਹ ਸਦਮੇ 'ਚ ਆ ਗਏ। ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਨਾਇਕ ਗੁਰਸੇਵਕ ਸਿੰਘ ਦੀ ਮ੍ਰਿਤਕ ਦੇਹ ਵੀਰਵਾਰ ਨੂੰ ਪਿੰਡ ਪਹੁੰਚਣਗੇ।
ਉਧਰ ਦੂਜੇ ਪਾਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਡੀਸੀ ਕੁਲਵੰਤ ਸਿੰਘ, ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਨਾਇਕ ਗੁਰਸੇਵਕ ਸਿੰਘ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: