Punjab News: ਪੰਜਾਬ ਦੇ ਸਕੂਲਾਂ ਨੂੰ ਮੁੜ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਵੱਲੋਂ ਤੁਰੰਤ ਖਾਲੀ ਕਰਵਾਏ ਗਏ ਸਕੂਲ, ਇਲਾਕੇ 'ਚ ਸਹਿਮ ਦਾ ਮਾਹੌਲ
ਕੋਰਟ ਤੋਂ ਬਾਅਦ ਹੁਣ ਪੰਜਾਬ ਦੇ ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਹੈ। ਪੁਲਿਸ ਵੱਲੋਂ ਤੁਰੰਤ ਸਕੂਲ ਖਾਲੀ ਕਰਵਾ ਲਏ ਗਏ ਹਨ। ਮੋਗਾ ਦੇ ਦੋ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਮੇਲ ਮਿਲਣ ਕਰਕੇ ਹੜਕੰਪ ਮੱਚ ਗਿਆ ਹੈ।

Punjab Schools Evacuated After Bomb Threat: ਮੋਗਾ ਵਿੱਚ ਬੁੱਧਵਾਰ ਨੂੰ ਦੋ ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਡੀ.ਐਨ. ਮਾਡਲ ਸਕੂਲ, ਕੋਟ ਇਸੇਖਾਂ ਅਤੇ ਕੈਂਬ੍ਰਿਜ਼ ਸਕੂਲ ਨੂੰ ਸਵੇਰੇ 8:36 ਵਜੇ ਈਮੇਲ ਰਾਹੀਂ ਬੰਬ ਧਮਕੀ ਮਿਲੀ।
ਸਕੂਲ ਖੁੱਲ੍ਹਦੇ ਹੀ ਮਿਲੀ ਧਮਕੀ
ਮੋਗਾ ਵਿੱਚ 20 ਦਿਨ ਬਾਅਦ ਅੱਜ ਹੀ ਸਕੂਲ ਖੁੱਲੇ ਸਨ ਅਤੇ ਬਹੁਤ ਸਾਰੇ ਬੱਚੇ ਸਕੂਲ ਪਹੁੰਚੇ ਸਨ। ਅਚਾਨਕ ਮਿਲੀ ਧਮਕੀ ਦੇ ਬਾਅਦ ਬੱਚਿਆਂ ਦੇ ਮਾਪਿਆਂ ਨੂੰ ਤੁਰੰਤ ਸੂਚਿਤ ਕੀਤਾ ਗਿਆ ਅਤੇ ਸਾਰੇ ਬੱਚਿਆਂ ਨੂੰ ਸੁਰੱਖਿਅਤ ਤਰੀਕੇ ਨਾਲ ਘਰ ਭੇਜਿਆ ਗਿਆ। ਫਿਲਹਾਲ ਪੁਲਿਸ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਕਿਸੇ ਵੀ ਕਿਸਮ ਦੀ ਸੰਦੇਹਜਨਕ ਵਸਤੂ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ। ਪੁਲਿਸ ਦੀ ਤਲਾਸ਼ ਜਾਰੀ ਹੈ। ਪੁਲਿਸ ਤੇ ਬੰਬ ਸਕੁਐਡ ਟੀਮ ਸਕੂਲਾਂ ਦੀ ਜਾਂਚ ਕਰ ਰਹੇ ਹਨ।
ਦੱਸ ਦਈਏ ਅੱਜ ਪੰਜਾਬ ਦੀਆਂ ਅਦਾਲਤਾਂ ਨੂੰ ਵੀ ਧਮਕੀ ਭਰੀ ਮੇਲ ਮਿਲੀ ਸੀ। ਜੀ ਹਾਂ ਲੁਧਿਆਣਾ ਵਿੱਚ ਗਣਤੰਤਰ ਦਿਵਸ 26 ਜਨਵਰੀ ਤੋਂ ਸਿੱਧਾ ਪਹਿਲਾਂ ਸੁਰੱਖਿਆ ਏਜੰਸੀਆਂ ਦੀ ਨੀਂਦ ਉਡ ਗਈ ਹੈ, ਜਦੋਂ ਜਿਊਡੀਸ਼ੀਅਲ ਬਿਲਡਿੰਗ ਨੂੰ ਬੰਬ ਨਾਲ ਉਡਾਉਣ ਦੀ ਇੱਕ ਹੋਰ ਧਮਕੀ ਭਰੀ ਈਮੇਲ ਮਿਲੀ। ਜਿਸ ਤੋਂ ਬਾਅਦ ਹੜਕੰਪ ਮਚ ਗਿਆ।
ਇੰਗਲਿਸ਼ ਆਫਿਸ ਨੂੰ ਮਿਲੀ ਇਸ ਮੇਲ ਦੇ ਬਾਅਦ ਪੁਲਿਸ ਅਤੇ ਬੰਬ ਨਿਰੋਧਕ ਦਸਤਿਆਂ ਨੇ ਸਾਰੇ ਕੰਪਲੈਕਸ ਨੂੰ ਘੇਰ ਲਿਆ ਹੈ। ਸਾਵਧਾਨੀ ਵੱਜੋਂ ਵਕੀਲਾਂ ਅਤੇ ਸਟਾਫ ਨੂੰ ਚੈਂਬਰ ਤੋਂ ਦੂਰ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ।
ਲੁਧਿਆਣਾ ਡਿਸਟ੍ਰਿਕਟ ਬਾਰ ਅਸੋਸੀਏਸ਼ਨ ਦੇ ਪ੍ਰਧਾਨ ਵਿਪਿਨ ਸੱਗੜ ਨੇ ਦੱਸਿਆ ਕਿ ਸਵੇਰੇ 8:15 ਵਜੇ ਇੱਕ ਈਮੇਲ ਪ੍ਰਾਪਤ ਹੋਈ, ਜਿਸ ਵਿੱਚ ਕੋਰਟ ਬਿਲਡਿੰਗ ਨੂੰ ਬੰਬ ਨਾਲ ਉਡਾਉਣ ਦੀ ਗੱਲ ਕੀਤੀ ਗਈ ਸੀ। ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਨੂੰ ਮੌਕੇ ‘ਤੇ ਬੁਲਾਇਆ ਗਿਆ ਅਤੇ ਬੰਬ ਨਿਰੋਧਕ ਦਸਤਿਆਂ ਨੂੰ ਤਾਇਨਾਤ ਕੀਤਾ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















