(Source: ECI/ABP News/ABP Majha)
ਪੰਜਾਬ ਟੂਰਿਜ਼ਮ ਸਮਿਟ ਅਤੇ ਟਰੈਵਲ ਮਾਰਟ ਸੂਬੇ ਦੇ ਅਮੀਰ ਵਿਰਸੇ ਨੂੰ ਦਰਸਾਉਣ ਦੇ ਨਾਲ-ਨਾਲ ਸੈਰ-ਸਪਾਟੇ ਨੂੰ ਦੇਵੇਗਾ ਹੁਲਾਰਾ : ਅਨਮੋਲ ਗਗਨ ਮਾਨ
Punjab Tourism Summit : ਪੰਜਾਬ ਸਰਕਾਰ ਨੇ ਮੋਹਾਲੀ ਵਿਖੇ 11 ਤੋਂ 13 ਸਤੰਬਰ, 2023 ਤੱਕ ਹੋਣ ਵਾਲੇ ਪੰਜਾਬ ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ ਦਾ ਐਲਾਨ ਕੀਤਾ ਹੈ। ਇਸ ਸੰਮੇਲਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪੰਜਾਬ ਦੇ ਸੈਰ ਸਪਾਟਾ
Punjab Tourism Summit : ਪੰਜਾਬ ਸਰਕਾਰ ਨੇ ਮੋਹਾਲੀ ਵਿਖੇ 11 ਤੋਂ 13 ਸਤੰਬਰ, 2023 ਤੱਕ ਹੋਣ ਵਾਲੇ ਪੰਜਾਬ ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ ਦਾ ਐਲਾਨ ਕੀਤਾ ਹੈ। ਇਸ ਸੰਮੇਲਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪੰਜਾਬ ਦੇ ਸੈਰ ਸਪਾਟਾ ਵਿਭਾਗ ਵੱਲੋਂ ਦੇਸ਼ ਭਰ ਵਿੱਚ ਲੜੀਵਾਰ ਰੋਡ ਸ਼ੋਅ ਕੀਤੇ ਜਾ ਰਹੇ ਹਨ। ਪਹਿਲੇ ਰੋਡ ਸ਼ੋਅ ਦਾ ਉਦਘਾਟਨ 23 ਅਗਸਤ ਨੂੰ ਜੈਪੁਰ ਵਿੱਚ ਕੀਤਾ ਗਿਆ ਸੀ, ਜਿਸ ਤੋਂ ਬਾਅਦ 24 ਅਗਸਤ ਨੂੰ ਮੁੰਬਈ ਵਿੱਚ ਸਮਾਗਮ ਕਰਵਾਇਆ ਗਿਆ ਸੀ, ਜਿਸ ਵਿੱਚ ਸੂਬਾ ਸਰਕਾਰ ਵੱਲੋਂ ਸੈਰ-ਸਪਾਟੇ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਅੱਜ ਹੈਦਰਾਬਾਦ ਵਿਖੇ ਸਮਾਗਮ ਕਰਵਾਇਆ ਗਿਆ। ਦੱਸਣਯੋਗ ਹੈ ਕਿ ਇਸ ਲੜੀ ਦਾ ਆਖਰੀ ਰੋਡ ਸ਼ੋਅ 26 ਅਗਸਤ ਨੂੰ ਦਿੱਲੀ 'ਚ ਹੋਣਾ ਹੈ।
ਉਦਘਾਟਨੀ ਸਮਾਗਮ ਦੌਰਾਨ ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਨੇ ਸੂਬੇ ਵਿੱਚ ਸੈਰ ਸਪਾਟੇ ਨੂੰ ਹੁਲਾਰਾ ਦੇਣ ਸਬੰਧੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇੱਥੇ ਆਉਣ ਵਾਲੇ ਸੈਲਾਨੀਆਂ ਤੇ ਸਥਾਨਕ ਲੋਕਾਂ ਲਈ ਵੱਖ-ਵੱਖ ਮੌਕੇ ਪੈਦਾ ਕਰਕੇ ਸੈਰ ਸਪਾਟੇ ਨੂੰ ਪ੍ਰਫੁੱਲਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੀਆਂ ਪਹਿਲਕਦਮੀਆਂ ਦਾ ਉਦੇਸ਼ ਕਾਰੋਬਾਰ-ਅਨੁਕੂਲ ਨੀਤੀਆਂ ਅਤੇ ਵੱਖ-ਵੱਖ ਲਾਭ ਤੇ ਰਿਆਇਤਾਂ ਪ੍ਰਦਾਨ ਕਰਕੇ ਸੂਬੇ ਦੀ ਸਾਖ ਨੂੰ ਹੋਰ ਉੱਚਾ ਚੁੱਕਣਾ ਹੈ। ਉਨ੍ਹਾਂ ਨੇ ਹਾਲ ਹੀ ਦੇ ਨਿਵੇਸ਼ ਬਾਰੇ ਗੱਲ ਕਰਦਿਆਂ ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਸੈਕਟਰ ਵਿੱਚ ਵਿਸ਼ੇਸ਼ ਰਿਆਇਤਾਂ ਅਤੇ ਲਾਭਾਂ ਤੋਂ ਇਲਾਵਾ ਕਾਰੋਬਾਰ ਲਈ ਸਾਜ਼ਗਾਰ ਮਾਹੌਲ ਬਾਰੇ ਵੀ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਪੰਜਾਬ ਟੂਰਿਜ਼ਮ ਸਮਿਟ ਸੂਬੇ ਦੀ ਅਮੀਰ ਵਿਰਾਸਤ, ਰੀਤੀ-ਰਿਵਾਜ਼ ਅਤੇ ਵੱਖ ਵੱਖ ਲੋਕ ਕਲਾਵਾਂ ਨੂੰ ਪ੍ਰਦਰਸ਼ਿਤ ਕਰਦਿਆਂ ਪੰਜਾਬ ਨੂੰ ਸੈਰ-ਸਪਾਟੇ ਦੇ ਤਰਜੀਹੀ ਸਥਾਨ ਵਜੋਂ ਦਰਸਾਏਗਾ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਖ-ਵੱਖ ਪਹਿਲਕਦਮੀਆਂ ਕਰਦਿਆਂ ਸੈਰ-ਸਪਾਟੇ ਨੂੰ ਪ੍ਰਫੁੱਲਿਤ ਕਰਨ ਲਈ ਪੂਰੀ ਤਰ੍ਹਾਂ ਸਰਗਰਮ ਹੈ।
ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਟਰੈਵਲ ਮਾਰਟ ਦੇਸ਼ ਭਰ ਅਤੇ ਬਾਹਰਲੇ ਮੁਲਕਾਂ ਦੇ ਸੈਰ-ਸਪਾਟਾ ਸੈਕਟਰ ਨਾਲ ਸਬੰਧਤ ਪੇਸ਼ੇਵਰਾਂ ਨੂੰ ਇੱਕ ਮੰਚ ‘ਤੇ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਇਸ ਵਿੱਚ ਵਿਦੇਸ਼ੀ ਅਤੇ ਘਰੇਲੂ ਟੂਰ ਆਪਰੇਟਰ, ਡੀਐਮਸੀਜ਼, ਡੀਐਮਓਜ਼, ਟਰੈਵਲ ਟਰੇਡ ਮੀਡੀਆ, ਟਰੈਵਲ ਇਨਫਲੂਐਂਸਰਜ਼, ਹੋਟਲ ਆਪਰੇਟਰ, ਬੀ ਐਂਡ ਬੀ ਅਤੇ ਫਾਰਮ ਸਟੇਅ ਦੇ ਮਾਲਕਾਂ, ਸੈਰ-ਸਪਾਟਾ ਬੋਰਡਾਂ ਅਤੇ ਹੋਰਨਾਂ ਪ੍ਰਮੁੱਖ ਸ਼ਖਸੀਅਤਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਉਨ੍ਹਾਂ ਉਮੀਦ ਜਤਾਈ ਕਿ ਇਸ ਸਮਿਟ, ਜਿਸ ਵਿੱਚ ਵੱਖ-ਵੱਖ ਖੇਤਰਾਂ ਨਾਲ ਸਬੰਧਤ ਭਾਈਵਾਲ ਹਿੱਸਾ ਲੈਣਗੇ, ਦੌਰਾਨ ਪੰਜਾਬ ਸੂਬਾ ਵਿਸ਼ਵ ਭਰ ਵਿੱਚ ਇੱਕ ਤਰਜੀਹੀ ਸੈਰ-ਸਪਾਟਾ ਸਥਾਨ ਵਜੋਂ ਆਪਣੀ ਪਛਾਣ ਕਾਇਮ ਕਰੇਗਾ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ, ਰੂਪਨਗਰ, ਲੁਧਿਆਣਾ, ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਪਹਿਲਾਂ ਹੀ ਵਿਦੇਸ਼ੀ ਸੈਲਾਨੀਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਹਨ। ਸੈਰ ਸਪਾਟਾ ਵਿਭਾਗ ਵੱਲੋਂ ਪੰਜਾਬ ਨੂੰ ਭਾਰਤੀ ਸੈਰ-ਸਪਾਟੇ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਾਇਆ ਜਾਵੇਗਾ ਜਿਸ ਨਾਲ ਸਾਲ 2030 ਤੱਕ ਪੰਜਾਬ ਨੂੰ ਕੌਮਾਂਤਰੀ ਸੈਰ-ਸਪਾਟਾ ਵਿੱਚ ਅਹਿਮ ਮੁਕਾਮ ਹਾਸਲ ਕਰਨ ਲਈ ਰਾਹ ਪੱਧਰਾ ਹੋਵੇਗਾ। ਪੰਜਾਬ ਦੇ ਵਿਆਪਕ ਸੈਰ-ਸਪਾਟਾ ਦ੍ਰਿਸ਼ਟੀਕੋਣ ਨੂੰ ਅੱਗੇ ਲੈ ਜਾਣ ਲਈ, ਅਨਮੋਲ ਗਗਨ ਮਾਨ ਨੇ ਸਰਕਾਰ ਦੀਆਂ ਪਹਿਲਕਦਮੀਆਂ 'ਤੇ ਵੀ ਰੋਸ਼ਨੀ ਪਾਈ। ਕੈਬਨਿਟ ਮੰਤਰੀ ਨੇ ਕਿਹਾ ਕਿ ਐਨ.ਆਰ.ਆਈ. ਡੈਂਟਲ ਟੂਰਿਜ਼ਮ 'ਤੇ ਵਿਸ਼ੇਸ਼ ਧਿਆਨ ਦੇ ਕੇ ਜਲੰਧਰ ਵਿੱਚ ਮੈਡੀਕਲ ਟੂਰਿਜ਼ਮ ਅਤੇ ਆਧੁਨਿਕ ਡੈਂਟਲ ਸਹੂਲਤਾਂ ਵਿਕਾਸ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਮੌਜੂਦਾ ਡੈਂਟਲ ਟੂਰਿਜ਼ਮ ਤੋਂ ਸਾਰੇ ਚੰਗੀ ਤਰ੍ਹਾਂ ਜਾਣੂ ਹਨ। ਵਾਟਰ ਅਤੇ ਐਡਵੈਂਚਰ ਪਾਰਕਾਂ ਦੇ ਰਣਨੀਤਕ ਵਿਕਾਸ ਦਾ ਉਦੇਸ਼ ਸੂਬੇ ਵਿੱਚ ਵੱਧ ਤੋਂ ਵੱਧ ਸੈਲਾਨੀਆਂ ਨੂੰ ਆਕਰਸ਼ਿਤ ਕਰਨਾ ਹੈ।
ਇਸ ਦੇ ਨਾਲ ਹੀ, ਕੁਦਰਤੀ ਸੁੰਦਰਤਾ ਨਾਲ ਭਰਪੂਰ ਪੇਂਡੂ ਖੇਤਰਾਂ ਵਿੱਚ ਸੁੰਦਰ ਫਾਰਮ ਸਟੇਜ਼ ਅਤੇ ਕਾਟੇਜ ਠਹਿਰਣ ਦਾ ਮਨਮੋਹਕ ਅਤੇ ਬਿਹਤਰ ਤਜ਼ਰਬਾ ਪ੍ਰਦਾਨ ਕਰਨਗੀਆਂ। ਉਨ੍ਹਾਂ ਕਿਹਾ ਕਿ ਕਰਤਾਰਪੁਰ ਤੀਰਥ ਯਾਤਰਾ ਪ੍ਰਚਾਰ ਲਈ ਤਿਆਰ ਹੈ, ਅਤੇ ਸੂਬੇ ਦੀਆਂ ਵੱਖ-ਵੱਖ ਪਹਿਲਕਦਮੀਆਂ ਬਾਰੇ ਵਿਆਪਕ ਜਾਣਕਾਰੀ ਪ੍ਰਦਾਨ ਕਰਨ ਲਈ ਨਵੀਨਤਾਕਾਰੀ ਸਟੇਟ ਟੂਰਿਜ਼ਮ ਐਪ ਵੀ ਤਿਆਰ ਹੈ। ਅਨਮੋਲ ਗਗਨ ਮਾਨ ਨੇ ਸਰਕਾਰ ਦੇ ਨੌਜਵਾਨ ਮੰਤਰੀਆਂ ਦੇ ਜੋਸ਼, ਸੂਬੇ ਪ੍ਰਤੀ ਉਨ੍ਹਾਂ ਦੇ ਸੱਚੇ ਜਨੂੰਨ ਅਤੇ ਵਿਸ਼ਵ ਸੈਰ-ਸਪਾਟਾ ਨਕਸ਼ੇ 'ਤੇ ਅਹਿਮ ਸਥਾਨ ਬਣਾਉਣ ਲਈ ਪੰਜਾਬ ਦੀ ਅਥਾਹ ਸਮਰੱਥਾ 'ਤੇ ਵੀ ਚਾਨਣਾ ਪਾਇਆ।
ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੀ ਪ੍ਰਮੁੱਖ ਸਕੱਤਰ ਰਾਖੀ ਗੁਪਤਾ ਭੰਡਾਰੀ ਨੇ ਸੈਰ-ਸਪਾਟੇ ਵਿੱਚ ਦੋ ਮੁੱਖ ਪਹਿਲਕਦਮੀਆਂ ਵੈਲਨੈਸ ਅਤੇ ਮਹਿਲਾਵਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਇਹ ਪਹਿਲਕਦਮੀਆਂ ਪੰਜਾਬ ਦੇ ਸ਼ਾਂਤ ਮਾਹੌਲ ਅਤੇ ਅਮੀਰ ਸੱਭਿਆਚਾਰਕ ਵਿਰਾਸਤ ਨਾਲ ਤੰਦਰੁਸਤੀ ਦੀ ਭਾਲ ਕਰਨ ਵਾਲਿਆਂ ਨੂੰ ਆਕਰਸ਼ਿਤ ਕਰਨ ਅਤੇ ਸੈਰ-ਸਪਾਟਾ ਉਦਯੋਗ ਵਿੱਚ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀ ਵੈੱਲਨੈਸ ਦੇ ਕੇਂਦਰ ਵਜੋਂ ਉਭਰਣ ਦੀ ਇੱਛਾ ਇਸਦੀ ਸੱਭਿਆਚਾਰਕ ਵਿਰਾਸਤ ਨਾਲ ਮੇਲ ਖਾਂਦੀ ਹੈ। ਇਸ ਤੋਂ ਇਲਾਵਾ, ਸੈਰ-ਸਪਾਟੇ ਵਿੱਚ ਮਹਿਲਾਵਾਂ ਦਾ ਸਸ਼ਕਤੀਕਰਨ ਸਮਾਜਿਕ-ਆਰਥਿਕ ਵਿਕਾਸ ਲਈ ਅਹਿਮ ਭੂਮਿਕਾ ਨਿਭਾਉਂਦਾ ਹੈ। ਮਹਿਲਾਵਾਂ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਕੇ ਅਤੇ ਸਿਖਲਾਈ ਤੇ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕਰਕੇ, ਅਸੀਂ ਸਕਾਰਾਤਮਕ ਤਬਦੀਲੀ ਲਿਆਉਣਾ ਚਾਹੁੰਦੇ ਹਾਂ।
ਪੰਜਾਬ ਦੀਆਂ ਪਹਿਲਕਦਮੀਆਂ ਵਿੱਚ ਨਿਵੇਸ਼ ਪੰਜਾਬ, ਵਿਆਪਕ ਨਿਵੇਸ਼ ਪ੍ਰੋਤਸਾਹਨ ਦਫ਼ਤਰ, ਅਤੇ ਉਦਯੋਗਿਕ ਨੀਤੀ 2022 ਤਹਿਤ ਸੈਰ-ਸਪਾਟੇ 'ਤੇ ਵਿੱਤੀ ਪ੍ਰੋਤਸਾਹਨ ਸ਼ਾਮਲ ਹਨ। ਸੂਬੇ ਵੱਲੋਂ ਸੈਰ-ਸਪਾਟੇ ਦੇ ਵਿਕਾਸ ਲਈ ਪੇਂਡੂ ਘਰਾਂ ਅਤੇ ਫਾਰਮ ਸਟੇਅਜ਼ 'ਤੇ ਵੀ ਜ਼ੋਰ ਦੇ ਕੇ ਐਡਵੈਂਚਰ ਅਤੇ ਵਾਟਰ ਟੂਰਿਜ਼ਮ, ਵੈਲਨੈਸ ਟੂਰਿਜ਼ਮ, ਮੈਡੀਕਲ ਟੂਰਿਜ਼ਮ, ਅਤੇ ਐਗਰੀ/ਈਕੋ-ਟੂਰਿਜ਼ਮ ਆਦਿ ਖੇਤਰਾਂ 'ਤੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ। ਇਨ੍ਹਾਂ ਪਹਿਲਕਦਮੀਆਂ ਨਾਲ ਵਿਸ਼ਵ ਸੈਰ-ਸਪਾਟੇ ਦੇ ਨਕਸ਼ੇ ਵਿੱਚ ਪੰਜਾਬ ਨੂੰ ਅਹਿਮ ਸਥਾਨ ਬਣਾਉਣ ਦੇ ਨਾਲ ਨਾਲ ਪੰਜਾਬ ਦੇ ਵਸਨੀਕਾਂ ਦੇ ਜੀਵਨ ਅਤੇ ਰੋਜ਼ੀ-ਰੋਟੀ ਦੇ ਮਿਆਰ ਵਿੱਚ ਹੋਰ ਸੁਧਾਰ ਦੀ ਉਮੀਦ ਹੈ।