Punjab Water Row: ਪੰਜਾਬ ਦੇ ਪਾਣੀਆਂ 'ਤੇ ਬੀਜੇਪੀ ਦਾ ਸਖਤ ਸਟੈਂਡ, ਅਸੀਂ ਪੰਜਾਬੀਆਂ ਨਾਲ ਡਟ ਕੇ ਖੜ੍ਹੇ...
ਪੰਜਾਬ ਤੇ ਹਰਿਆਣਾ ਵਿਚਾਲੇ ਪਾਣੀਆਂ ਨੂੰ ਲੈ ਕੇ ਛਿੜੇ ਵਿਵਾਦ ਉਪਰ ਪੰਜਾਬ ਬੀਜੇਪੀ ਨੇ ਸਖਤ ਸਟੈਂਡ ਲਿਆ ਹੈ। ਪੰਜਾਬ ਬੀਜੇਪੀ ਦੇ ਸਾਬਕਾ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਹਰਿਆਣਾ ਨੂੰ ਵਾਧੂ ਪਾਣੀ ਦੇਣ..

Punjab Water Row: ਪੰਜਾਬ ਤੇ ਹਰਿਆਣਾ ਵਿਚਾਲੇ ਪਾਣੀਆਂ ਨੂੰ ਲੈ ਕੇ ਛਿੜੇ ਵਿਵਾਦ ਉਪਰ ਪੰਜਾਬ ਬੀਜੇਪੀ ਨੇ ਸਖਤ ਸਟੈਂਡ ਲਿਆ ਹੈ। ਪੰਜਾਬ ਬੀਜੇਪੀ ਦੇ ਸਾਬਕਾ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਮੁੱਦੇ ’ਤੇ ਪੰਜਾਬ ਬੀਜੇਪੀ ਪੰਜਾਬੀਆਂ ਨਾਲ ਖੜ੍ਹੀ ਹੈ। ਅੱਜ ਪੰਜਾਬ ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ ਤੇ ਉਹ ਇਸ ਮਾਮਲੇ ’ਤੇ ਆਪਣਾ ਸਟੈਂਡ ਪਹਿਲਾਂ ਹੀ ਸਰਬ ਪਾਰਟੀ ਮੀਟਿੰਗ ਵਿੱਚ ਸਪਸ਼ਟ ਕਰ ਚੁੱਕੇ ਹਨ।
ਇਸ ਦੇ ਨਾਲ ਹੀ ਅਸ਼ਵਨੀ ਸ਼ਰਮਾ ਨੇ ਸਵਾਲ ਚੁੱਕਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਤਿੰਨ ਸਾਲ ਬੀਤ ਚੁੱਕੇ ਹਨ ਤੇ ਪਹਿਲਾਂ ਵੀ ਹਰਿਆਣਾ ਨੂੰ ਵਾਧੂ ਪਾਣੀ ਦਿੱਤਾ ਜਾਂਦਾ ਰਿਹਾ ਹੈ, ਪਰ ਇਸ ਸਾਲ ਇਹ ਵਿਵਾਦ ਖੜ੍ਹਾ ਕਰਨ ਦਾ ਕਾਰਨ ਕਿਉਂ ਬਣਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਹੀ ਮਸਲਿਆਂ ਨੂੰ ਬੈਠ ਕੇ ਗੱਲਬਾਤ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਵਿਧਾਨ ਸਭਾ ਪਹੁੰਚੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਾਡੇ ਕੋਲ ਦੇਣ ਲਈ ਪਾਣੀ ਦੀ ਇੱਕ ਬੂੰਦ ਵੀ ਨਹੀਂ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇੱਕ ਸਖ਼ਤ ਫੈਸਲਾ ਲਿਆ ਜਾਵੇ ਤਾਂ ਜੋ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਬਚਾ ਸਕੀਏ।
ਉਧਰ, ਪੰਜਾਬ ਦੇ ਸਿੰਚਾਈ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਜੇਕਰ ਬੀਬੀਐਮਬੀ ਨਿਯਮਾਂ ਅਨੁਸਾਰ ਮੀਟਿੰਗ ਬੁਲਾਉਂਦਾ ਹੈ, ਤਾਂ ਅਸੀਂ ਜਾਵਾਂਗੇ। ਅਸੀਂ ਪਹਿਲੇ ਦਿਨ ਤੋਂ ਹੀ ਡੈਮ ਸੇਫਟੀ ਐਕਟ ਦੇ ਵਿਰੁੱਧ ਹਾਂ। ਅਸੀਂ ਇਸ ਮਾਮਲੇ ਦੇ ਹਰ ਪਹਿਲੂ 'ਤੇ ਵਿਚਾਰ ਕਰਾਂਗੇ। ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਇਹ ਗਲਤ ਕਦਮ ਚੁੱਕਿਆ ਹੈ। ਇਹ ਉਸੇ ਤਰ੍ਹਾਂ ਦਾ ਕਾਨੂੰਨ ਹੈ, ਜਿਸ ਤਹਿਤ ਪੰਜਾਬ ਦਾ ਪਾਣੀ ਜ਼ਬਰਦਸਤੀ ਹਰਿਆਣਾ ਨੂੰ ਦੇਣ ਲਈ ਕਿਹਾ ਜਾ ਰਿਹਾ ਹੈ। ਹਰਿਆਣਾ ਦੇ ਆਗੂ ਆਪਣੀ ਰਾਜਨੀਤੀ ਕਰ ਰਹੇ ਹਨ।
ਦੱਸ ਦਈਏ ਕਿ ਪਾਣੀਆਂ ਦੇ ਮੁੱਦੇ ਉਪਰ ਅੱਜ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਹੈ। ਇਹ ਇੱਕ ਦਿਨ ਦਾ ਵਿਸ਼ੇਸ਼ ਇਜਲਾਸ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਵੱਲੋਂ 30 ਅਪਰੈਲ ਨੂੰ ਜਾਰੀ ਕੀਤੇ ਗਏ ਹੁਕਮ ’ਤੇ ਚਰਚਾ ਕਰਨ ਲਈ ਬੁਲਾਇਆ ਗਿਆ ਹੈ, ਜਿਸ ਵਿੱਚ ਪੰਜਾਬ ਨੂੰ ਹਰਿਆਣਾ ਨੂੰ ਕੁੱਲ 8500 ਕਿਊਸਿਕ ਵਾਧੂ ਪਾਣੀ ਦੇਣ ਲਈ ਕਿਹਾ ਗਿਆ ਹੈ। ਜਦੋਂ ਕਿ ਪੰਜਾਬ ਭਾਖੜਾ ਡੈਮ ਤੋਂ ਗੁਆਂਢੀ ਸੂਬੇ ਨੂੰ 4000 ਕਿਊਸਿਕ ਵਾਧੂ ਪਾਣੀ ਦੇ ਰਿਹਾ ਸੀ।
ਪੰਜਾਬ ਨੇ ਹਰਿਆਣਾ ਦੀ 4500 ਕਿਊਸਿਕ ਹੋਰ ਪਾਣੀ ਦੇਣ ਦੀ ਮੰਗ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਸੂਬੇ ਦੀਆਂ ਸਾਰੀਆਂ ਵਿਰੋਧੀ ਸਿਆਸੀ ਪਾਰਟੀਆਂ ਪਹਿਲਾਂ ਹੀ ਇਸ ਮੁੱਦੇ ’ਤੇ ਸੱਤਾਧਾਰੀ ਪਾਰਟੀ, ਆਮ ਆਦਮੀ ਪਾਰਟੀ ਦਾ ਸਮਰਥਨ ਕਰ ਚੁੱਕੀਆਂ ਹਨ। ਅੱਜ ਸਦਨ ਵਿੱਚ ਹਰਿਆਣਾ ਨੂੰ ਪਾਣੀ ਨਾ ਦੇਣ ਦਾ ਪ੍ਰਸਤਾਵ ਪਾਸ ਕੀਤਾ ਜਾਵੇਗਾ। ਇਸ ਦੇ ਨਾਲ ਹੀ ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਤੇ ਬੀਜੇਪੀ ਵਿਰੁੱਧ ਨਿੰਦਾ ਮਤਾ ਲਿਆਂਦਾ ਜਾਵੇਗਾ।






















