ਈਡੀ ਤੇ ਆਈਟੀ ਦੀ ਰੇਡ 'ਤੇ ਪੁੱਛਿਆ ਸਵਾਲ ਤਾਂ ਖਫ਼ਾ ਹੋਏ ਸੁਖਬੀਰ ਬਾਦਲ ਛੱਡ ਗਏ ਪ੍ਰੈੱਸ ਕਾਨਫ਼ਰੰਸ
ਸੁਖਬੀਰ ਬਾਦਲ ਨੇ ਕਾਨਫਰੰਸ ਦੀ ਸ਼ੁਰੂਆਤ ਸਰਕਾਰ ਬਣਨ 'ਤੇ ਅਕਾਲੀ ਦਲ ਵੱਲੋਂ ਸਨਅਤਕਾਰਾਂ ਦੇ ਹਿੱਤਾਂ ਵਿੱਚ ਕੀਤੇ ਜਾਣ ਵਾਲੇ ਕੰਮਾਂ ਨਾਲ ਕੀਤੀ।
ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਲੁਧਿਆਣਾ ਦੇ ਸਨਅਤਕਾਰਾਂ ਨਾਲ ਵਿਚਾਰ-ਵਟਾਂਦਰਾ ਕਰਨ ਲਈ ਸਮਾਗਮ ਉਲੀਕਿਆ ਗਿਆ। ਸਨਅਤਕਾਰਾਂ ਦੇ ਵਿਚਾਰ ਲੈ ਕੇ ਇਸ ਨੂੰ ਮੈਨੀਫੈਸਟੋ ਵਿੱਚ ਸ਼ਾਮਲ ਕਰਨ ਦੀ ਗੱਲ ਕਹੀ ਗਈ। ਇਸ ਦੌਰਾਨ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕਰਨ ਲਈ ਸੁਖਬੀਰ ਬਾਦਲ ਪਹੁੰਚੇ ਤਾਂ ਪੁੱਛੇ ਗਏ ਸਵਾਲ ਤੋਂ ਸੁਖਬੀਰ ਖਫਾ ਹੋ ਕੇ ਚਲੇ ਗਏ।
ਸੁਖਬੀਰ ਬਾਦਲ ਨੇ ਕਾਨਫਰੰਸ ਦੀ ਸ਼ੁਰੂਆਤ ਸਰਕਾਰ ਬਣਨ 'ਤੇ ਅਕਾਲੀ ਦਲ ਵੱਲੋਂ ਸਨਅਤਕਾਰਾਂ ਦੇ ਹਿੱਤਾਂ ਵਿੱਚ ਕੀਤੇ ਜਾਣ ਵਾਲੇ ਕੰਮਾਂ ਨਾਲ ਕੀਤੀ। ਇਸ ਤੋਂ ਬਾਅਦ ਪੱਤਰਕਾਰਾਂ ਨੇ ਜਦੋਂ ਸੁਖਬੀਰ ਬਾਦਲ ਨੂੰ ਸਵਾਲ ਕੀਤਾ ਕਿ ਤੁਹਾਡੇ ਕਰੀਬੀਆਂ ਦੇ ਦਫਤਰਾਂ ਵਿੱਚ ਛਾਪੇਮਾਰੀ ਹੋ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਮੈਂ ਇਸ ਗੱਲ 'ਤੇ ਕੁਝ ਨਹੀਂ ਕਹਿਣਾ ਚਾਹਾਂਗਾ।
ਉਨ੍ਹਾਂ ਕਿਹਾ ਕਿ ਇਹ ਏਜੰਸੀ ਦਾ ਕੰਮ ਹੈ। ਇਸ ਵਿੱਚ ਮੈਂ ਇੰਟਰਫੇਅਰ ਨਹੀਂ ਕਰ ਸਕਦਾ। ਜਦੋਂ ਮੁੜ ਤੋਂ ਉਨ੍ਹਾਂ ਨੂੰ ਇਹ ਸਵਾਲ ਕੀਤਾ ਕਿ ਤੁਹਾਡੇ ਕਰੀਬੀਆਂ 'ਤੇ ਕਿਉਂ ਚੋਣਾਂ ਤੋਂ ਪਹਿਲਾਂ ਹੀ ਛਾਪੇਮਾਰੀ ਹੋਈ ਤਾਂ ਉਹ ਕੁਝ ਵੀ ਬਿਨਾਂ ਬੋਲੇ ਪ੍ਰੈੱਸ ਕਾਨਫਰੰਸ ਛੱਡ ਕੇ ਚਲੇ ਗਏ।
ਹਾਲਾਂਕਿ ਪ੍ਰੈੱਸ ਕਾਨਫ਼ਰੰਸ ਛੱਡਣ ਤੋਂ ਪਹਿਲਾਂ ਸੁਖਬੀਰ ਬਾਦਲ ਕੇਜਰੀਵਾਲ 'ਤੇ ਨਿਸ਼ਾਨਾ ਵਿੰਨ੍ਹਦੇ ਜ਼ਰੂਰ ਵਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਜਿੰਨਾ ਝੂਠ ਕੋਈ ਨਹੀਂ ਬੋਲਦਾ। ਉਨ੍ਹਾਂ ਨੇ ਕਿਹਾ ਸੀ ਕਿ ਉਹ ਚੋਣਾਂ ਨਹੀਂ ਲੜਨਗੇ ਪਰ ਲੜੇ। ਫਿਰ ਕੋਠੀ, ਵੀਆਈਪੀ ਕਲਚਰ ਨਹੀਂ ਲੈਣਗੇ ਤੇ ਹੁਣ ਉਹ ਵੀ ਲੈ ਗਏ।
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: