Weather Update: ਹੁੰਮਸ ਭਰੀ ਗਰਮੀ ਤੋਂ ਮਿਲੇਗੀ ਰਾਹਤ, 18 ਜ਼ਿਲ੍ਹਿਆਂ 'ਚ ਮੀਂਹ ਦਾ ਯੈਲੋ ਅਲਰਟ, ਇੱਥੇ 10 ਵਜੇ ਤੱਕ ਪਵੇਗਾ ਭਾਰੀ ਮੀਂਹ, ਜਾਣੋ ਮੌਸਮ ਦਾ ਹਾਲ
Weather Update: ਅੱਜ ਯਾਨੀ ਬੁੱਧਵਾਰ ਨੂੰ ਪੰਜਾਬ 'ਚ ਚੰਗੀ ਬਾਰਿਸ਼ ਹੋਣ ਦੇ ਆਸਾਰ ਹਨ, ਜਿਸ ਨਾਲ ਆਉਣ ਵਾਲੇ ਦਿਨਾਂ 'ਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।
Punjab Weather Update: ਕੁਝ ਸਮੇਂ ਤੋਂ ਮੀਂਹ ਨਾ ਪੈਣ ਕਰਕੇ ਪੰਜਾਬ 'ਚ ਤਾਪਮਾਨ ਫਿਰ ਵੱਧ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਵੱਧ ਤੋਂ ਵੱਧ ਦਿਨ ਦੇ ਤਾਪਮਾਨ ਵਿੱਚ 0.6 ਡਿਗਰੀ ਦਾ ਵਾਧਾ ਦੇਖਿਆ ਗਿਆ। ਅੱਜ ਯਾਨੀ ਬੁੱਧਵਾਰ ਨੂੰ ਪੰਜਾਬ 'ਚ ਚੰਗੀ ਬਾਰਿਸ਼ ਹੋਣ ਦੇ ਆਸਾਰ ਹਨ, ਜਿਸ ਨਾਲ ਆਉਣ ਵਾਲੇ ਦਿਨਾਂ 'ਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਨੇ ਪਟਿਆਲਾ, ਐਸਏਐਸ ਨਗਰ ਅਤੇ ਫਤਿਹਗੜ੍ਹ ਸਾਹਿਬ ਵਿੱਚ ਸਾਢੇ 10 ਵਜੇ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।
ਮੌਸਮ ਵਿਭਾਗ ਅਨੁਸਾਰ ਬੀਤੀ ਸ਼ਾਮ ਪਟਿਆਲਾ, ਅੰਮ੍ਰਿਤਸਰ ਵਿੱਚ 32.5 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਇਸ ਤੋਂ ਇਲਾਵਾ ਰੂਪਨਗਰ ਵਿੱਚ 8.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦੋਂ ਕਿ ਬਾਕੀ ਜ਼ਿਲ੍ਹਿਆਂ ਵਿੱਚ ਦਿਨ ਗਰਮ ਅਤੇ ਨਮੀ ਵਾਲਾ ਰਿਹਾ। ਬਠਿੰਡਾ ਦਾ ਤਾਪਮਾਨ ਇੱਕ ਵਾਰ ਫਿਰ 42 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ 38.7 ਡਿਗਰੀ, ਲੁਧਿਆਣਾ ਵਿੱਚ 37.4 ਡਿਗਰੀ, ਪਟਿਆਲਾ ਵਿੱਚ 38.3 ਡਿਗਰੀ, ਫਰੀਦਕੋਟ ਅਤੇ ਗੁਰਦਾਸਪੁਰ ਵਿੱਚ 38 ਡਿਗਰੀ ਅਤੇ ਜਲੰਧਰ ਵਿੱਚ 37.3 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
ਪੰਜਾਬ 'ਚ ਇਕ ਹਫਤੇ ਦੇ ਹੁੰਮਸ ਅਤੇ ਗਰਮੀ ਭਰੇ ਦਿਨਾਂ ਤੋਂ ਬਾਅਦ ਬੁੱਧਵਾਰ ਅਤੇ ਵੀਰਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ, ਮੋਗਾ, ਕਪੂਰਥਲਾ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਰੂਪਨਗਰ, ਬਰਨਾਲਾ, ਸੰਗਰੂਰ, ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਐਸਏਐਸ ਨਗਰ ਵਿੱਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ 18 ਜ਼ਿਲ੍ਹਿਆਂ 'ਚ ਬੁੱਧਵਾਰ ਅਤੇ ਵੀਰਵਾਰ ਨੂੰ 40 ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਪੰਜਾਬ 'ਚ ਮੀਂਹ ਕਿਸਾਨਾਂ ਲਈ ਕਾਫੀ ਫਾਇਦੇਮੰਦ ਹੋਣ ਵਾਲਾ ਹੈ। ਮਾਨਸੂਨ ਸੀਜ਼ਨ 'ਚ ਹੁਣ ਤੱਕ ਪੰਜਾਬ 'ਚ 1 ਜੂਨ ਤੋਂ 15 ਜੁਲਾਈ ਤੱਕ 34 ਫੀਸਦੀ ਘੱਟ ਬਾਰਿਸ਼ ਹੋਈ ਹੈ। ਜਿਸ ਕਾਰਨ ਕਿਸਾਨ ਝੋਨੇ ਦੀ ਕਾਸ਼ਤ ਲਈ ਪੂਰੀ ਤਰ੍ਹਾਂ ਧਰਤੀ ਹੇਠਲੇ ਪਾਣੀ 'ਤੇ ਨਿਰਭਰ ਹਨ।
ਖੇਤੀਬਾੜੀ ਵਿਭਾਗ ਦੇ ਅਨੁਮਾਨ ਅਨੁਸਾਰ ਇਸ ਵਾਰ ਪੰਜਾਬ ਵਿੱਚ 32 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਬਿਜਾਈ ਹੋਈ ਹੈ। ਇਸ ਮੀਂਹ ਤੋਂ ਬਾਅਦ ਕਿਸਾਨਾਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ। ਮੀਂਹ ਨਾ ਪੈਣ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।