ਰਾਜਾ ਵੜਿੰਗ ਨੇ ਸਾਬਕਾ ਵਿਧਾਇਕ ਅੰਗਦ ਸੈਣੀ ਨੂੰ ਮੁੜ ਕਾਂਗਰਸ 'ਚ ਲਿਆਂਦਾ
ਕਾਂਗਰਸ ਦੀ ਟਿਕਟ ਨਾ ਮਿਲਣ ਕਰਕੇ ਅੰਗਦ ਸੈਣੀ ਨੇ 2022 ਦੀਆਂ ਚੋਣਾਂ 'ਚ ਆਜ਼ਾਦ ਤੌਰ 'ਤੇ ਚੋਣ ਲੜੀ ਸੀ। ਅੰਗਦ ਸੈਣੀ ਦੀ ਪਤਨੀ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੌਰਾਨ ਭਾਜਪਾ 'ਚ ਸ਼ਾਮਲ ਹੋ ਗਈ ਸੀ।
ਚੰਡੀਗੜ੍ਹ: ਨਵਾਂਸ਼ਹਿਰ ਦੇ ਸਾਬਕਾ ਵਿਧਾਇਕ ਅੰਗਦ ਸੈਣੀ ਮੁੜ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਭਾਰਤ ਭੂਸ਼ਣ ਆਸ਼ੂ ਨੇ ਪਾਰਟੀ ਵਿੱਚ ਸ਼ਾਮਲ ਕੀਤਾ ਹੈ।
ਦੱਸ ਦਈਏ ਕਿ ਕਾਂਗਰਸ ਦੀ ਟਿਕਟ ਨਾ ਮਿਲਣ ਕਰਕੇ ਅੰਗਦ ਸੈਣੀ ਨੇ 2022 ਦੀਆਂ ਚੋਣਾਂ 'ਚ ਆਜ਼ਾਦ ਤੌਰ 'ਤੇ ਚੋਣ ਲੜੀ ਸੀ। ਅੰਗਦ ਸੈਣੀ ਦੀ ਪਤਨੀ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੌਰਾਨ ਭਾਜਪਾ 'ਚ ਸ਼ਾਮਲ ਹੋ ਗਈ ਸੀ। ਇਸ ਕਾਰਨ ਅੰਗਦ ਸੈਣੀ ਨੂੰ ਪੰਜਾਬ ਵਿੱਚ ਟਿਕਟ ਨਹੀਂ ਦਿੱਤੀ ਗਈ ਸੀ।
ਦਰਅਸਲ ਉੱਤਰ ਪ੍ਰਦੇਸ਼ 'ਚ ਅੰਗਦ ਸਿੰਘ ਦੀ ਪਤਨੀ ਅਦਿਤੀ ਸਿੰਘ ਕਾਂਗਰਸ ਛੱਡ ਭਾਜਪਾ 'ਚ ਸ਼ਾਮਲ ਹੋ ਗਈ ਸੀ। ਅੰਗਦ ਸਿੰਘ ਨਵਾਂਸ਼ਹਿਰ ਵਿਧਾਨ ਸਭਾ ਹਲਕੇ ਤੋਂ ਤੇ ਅਦਿਤੀ ਸਿੰਘ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ 'ਤੇ ਜਿੱਤ ਕੇ ਪਹਿਲੀ ਵਾਰ ਵਿਧਾਇਕ ਬਣੇ ਹਨ। ਦੋਵਾਂ ਨੇ 2017 ਵਿੱਚ ਸਰਗਰਮ ਰਾਜਨੀਤੀ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ।
ਇਹ ਵੀ ਅਹਿਮ ਹੈ ਕਿ ਅੰਗਦ ਦੇ ਸਮਰਥਕ ਸਰਪੰਚਾਂ, ਅਹੁਦੇਦਾਰਾਂ ਨੇ ਵੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਬੇਸ਼ੱਕ ਅਦਿਤੀ ਉੱਤਰ ਪ੍ਰਦੇਸ਼ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਈ ਹੈ, ਪਰ ਇਸ ਵਾਰ ਮੁੜ ਅੰਗਦ ਸਿੰਘ ਨੂੰ ਪੰਜਾਬ ਦੇ ਨਵਾਂਸ਼ਹਿਰ ਵਿਧਾਨ ਸਭਾ ਹਲਕੇ ਤੋਂ ਟਿਕਟ ਦਿੱਤੀ ਜਾਵੇ ਪਰ ਹਾਈਕਮਾਂਡ ਨੇ ਕਿਸੇ ਦੀ ਨਾ ਸੁਣੀ ਤੇ ਅੰਗਦ ਦੀ ਟਿਕਟ ਕੱਟ ਦਿੱਤੀ। ਇਸ ਵਾਰ ਨਵਾਂਸ਼ਹਿਰ ਵਿੱਚ ਕਾਂਗਰਸ ਨੇ ਸਤਵੀਰ ਸਿੰਘ ਸੈਣੀ ਉਰਫ਼ ਪਾਲੀ ਝਿੱਕੀ ਨੂੰ ਟਿਕਟ ਦਿੱਤੀ ਸੀ।
ਟਿਕਟ ਨਾ ਮਿਲਣ ਕਰਕੇ ਨਵਾਂਸ਼ਹਿਰ ਤੋਂ ਸਾਬਕਾ ਵਿਧਾਇਕ ਅੰਗਦ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਪਰ ਹਾਰ ਗਏ। ਉਨ੍ਹਾਂ ਦੋਸ਼ ਲਾਇਆ ਸੀ ਕਿ ਉਨ੍ਹਾਂ ਨੂੰ ਟਿਕਟ ਨਾ ਮਿਲਣ ਵਿੱਚ ਉਨ੍ਹਾਂ ਦੇ ਵਿਰੋਧੀਆਂ ਦੀ ਵੀ ਵੱਡੀ ਭੂਮਿਕਾ ਹੈ।