ਰਾਮ ਰਹੀਮ 'ਤੇ ਹਰਿਆਣਾ ਸਰਕਾਰ ਫਿਰ ਹੋਈ ਮਿਹਰਬਾਨ, 1 ਮਹੀਨੇ ਦੀ ਪੈਰੋਲ 'ਤੇ ਆਇਆ ਬਾਹਰ
ਹਰਿਆਣਾ ਸਰਕਾਰ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ 'ਤੇ ਫਿਰ ਮੇਹਰਬਾਨ ਹੋ ਗਈ ਹੈ। ਰਾਮ ਰਹੀਮ ਨੂੰ ਕਰੀਬ ਇੱਕ ਮਹੀਨੇ ਦੀ ਪੈਰੋਲ ਦਿੱਤੀ ਗਈ ਹੈ।
ਸ਼ੰਕਰ ਦਾਸ ਦੀ ਰਿਪੋਰਟ
ਚੰਡੀਗੜ੍ਹ: ਹਰਿਆਣਾ ਸਰਕਾਰ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ 'ਤੇ ਫਿਰ ਮਿਹਰਬਾਨ ਹੋ ਗਈ ਹੈ। ਰਾਮ ਰਹੀਮ ਨੂੰ ਕਰੀਬ ਇੱਕ ਮਹੀਨੇ ਦੀ ਪੈਰੋਲ ਦਿੱਤੀ ਗਈ ਹੈ। ਰਾਮ ਰਹੀਮ ਅੱਜ ਸਵੇਰੇ 5.30 ਵਜੇ ਸੁਰੱਖਿਆ ਵਿਚਕਾਰ ਜੇਲ੍ਹ ਤੋਂ ਬਾਹਰ ਆਇਆ ਹੈ। ਸੂਤਰਾਂ ਮੁਤਾਬਕ ਜੇਲ੍ਹ ਤੋਂ ਬਾਹਰ ਆਉਣ ਮਗਰੋਂ ਰਾਮ ਰਹੀਮ ਬਾਗਪਤ ਸਥਿਤ ਆਪਣੇ ਆਸ਼ਰਮ ਚਲਾ ਗਿਆ। ਦੱਸ ਦੇਈਏ ਕਿ ਦੋ ਸਾਧਵੀਆਂ ਨਾਲ ਬਲਾਤਕਾਰ ਤੇ ਦੋ ਕਤਲਾਂ ਦਾ ਦੋਸ਼ੀ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ।
ਇਸ ਤੋਂ ਪਹਿਲਾਂ ਇਸ ਸਾਲ 7 ਫਰਵਰੀ ਨੂੰ ਗੁਰਮੀਤ ਰਾਮ ਰਹੀਮ ਨੂੰ 21 ਦਿਨਾਂ ਦੀ ਪੈਰੋਲ ਮਿਲੀ ਸੀ। ਰਾਮ ਰਹੀਮ ਨੂੰ 28 ਫਰਵਰੀ ਨੂੰ ਪੈਰੋਲ ਦੀ ਮਿਆਦ ਖਤਮ ਹੋਣ ਤੋਂ ਬਾਅਦ ਸੁਨਾਰੀਆ ਜੇਲ੍ਹ ਲਿਆਂਦਾ ਗਿਆ ਸੀ। ਪਿਛਲੇ ਸਾਲ ਵੀ ਡੇਰਾ ਮੁਖੀ ਨੂੰ ਆਪਣੀ ਬੀਮਾਰ ਮਾਂ ਨੂੰ ਮਿਲਣ ਲਈ ਸਵੇਰ ਤੋਂ ਸ਼ਾਮ ਤੱਕ ਐਮਰਜੈਂਸੀ ਪੈਰੋਲ ਦਿੱਤੀ ਗਈ ਸੀ।
21 ਦਿਨਾਂ ਦੀ ਪੈਰੋਲ ਦੌਰਾਨ ਦਿੱਤੀ ਗਈ ਸੀ ਜ਼ੈੱਡ ਪਲੱਸ ਸੁਰੱਖਿਆ
ਫਰਵਰੀ 'ਚ ਰਾਮ ਰਹੀਮ ਨੂੰ 21 ਦਿਨਾਂ ਦੀ ਪੈਰੋਲ ਮਿਲੀ ਸੀ। ਇਸ ਦੌਰਾਨ ਸਰਕਾਰ ਨੇ ਰਾਮ ਰਹੀਮ ਦੀ ਜਾਨ ਨੂੰ ਖਤਰਾ ਦੱਸਦੇ ਹੋਏ ਉਸ ਨੂੰ ਜ਼ੈੱਡ ਪਲੱਸ ਸੁਰੱਖਿਆ ਵੀ ਦਿੱਤੀ ਸੀ। ਫਰਲੋ ਦੌਰਾਨ ਰਾਮ ਰਹੀਮ ਜ਼ਿਆਦਾਤਰ ਸਮਾਂ ਆਪਣੇ ਗੁਰੂਗ੍ਰਾਮ ਆਸ਼ਰਮ 'ਚ ਹੀ ਰਿਹਾ। ਏਡੀਜੀਪੀ (ਸੀਆਈਡੀ) ਦੀ ਰਿਪੋਰਟ 'ਤੇ ਸਰਕਾਰ ਵੱਲੋਂ ਸੁਰੱਖਿਆ ਦਾ ਆਧਾਰ ਬਣਾਇਆ ਗਿਆ ਸੀ। ਸਰਕਾਰ ਨੇ ਕਿਹਾ ਸੀ ਕਿ ਖਾਲਿਸਤਾਨ ਸਮਰਥਕ ਡੇਰਾ ਮੁਖੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਇਸ ਲਈ ਉਨ੍ਹਾਂ ਨੂੰ ਸਖ਼ਤ ਸੁਰੱਖਿਆ ਦਿੱਤੀ ਜਾ ਰਹੀ ਹੈ।
ਰਾਮ ਰਹੀਮ ਨੂੰ ਕਿਉਂ ਮਿਲੀ ਸੀ ਸਜ਼ਾ?
ਰਾਮ ਰਹੀਮ ਸਿਰਸਾ ਸਥਿਤ ਆਪਣੇ ਆਸ਼ਰਮ 'ਚ ਦੋ ਔਰਤਾਂ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਅਗਸਤ 2017 ਵਿੱਚ ਰਾਮ ਰਹੀਮ ਨੂੰ ਇਸ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਸੀ। ਇਸ ਤੋਂ ਇਲਾਵਾ ਗੁਰਮੀਤ ਰਾਮ ਰਹੀਮ ਨੂੰ ਸਾਬਕਾ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਵੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ।