ਫਿਰ ਮੁਸੀਬਤ 'ਚ ਘਿਰੇ ਢੱਡਰੀਆਂ ਵਾਲੇ, ਅਕਾਲ ਤਖ਼ਤ ਹੋ ਸਕਦੇ ਤਲਬ
ਅਕਸਰ ਵਿਵਾਦਾਂ ਵਿੱਚ ਰਹਿਣ ਵਾਲੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਹੁਣ ਸਿੱਖ ਪੰਥ ਦੇ ਸਮੂਹ ਪ੍ਰਚਾਰਕ ਸਾਹਿਬਾਨ ਵੱਲੋਂ ਢੱਡਰੀਆ ਵਾਲੇ ਖ਼ਿਲਾਫ਼ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਕਾਇਤ ਕੀਤੀ ਗਈ ਹੈ।
ਅੰਮ੍ਰਿਤਸਰ: ਅਕਸਰ ਵਿਵਾਦਾਂ ਵਿੱਚ ਰਹਿਣ ਵਾਲੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਹੁਣ ਸਿੱਖ ਪੰਥ ਦੇ ਸਮੂਹ ਪ੍ਰਚਾਰਕ ਸਾਹਿਬਾਨ ਵੱਲੋਂ ਢੱਡਰੀਆ ਵਾਲੇ ਖ਼ਿਲਾਫ਼ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਕਾਇਤ ਕੀਤੀ ਗਈ ਹੈ।
ਬੀਤੇ ਦਿਨੀਂ ਢੱਡਰੀਆਂ ਵਾਲੇ ਵੱਲੋਂ ਅਪਣੇ ਇੱਕ ਦੀਵਾਨ ਵਿੱਚ ਸੂਰਜ ਪ੍ਰਕਾਸ਼ ਗ੍ਰੰਥ ਦਾ ਹਵਾਲਾ ਦਿੰਦੇ ਹੋਏ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਤੇ ਮਾਈ ਭਾਗੋ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਸੀ, ਜਿਸ 'ਤੇ ਸਖ਼ਤ ਸਟੈਂਡ ਲੈਂਦਿਆਂ ਸਮੂਹ ਪ੍ਰਚਾਰਕ ਸਾਹਿਬਾਨ ਤੇ ਜਥੇਬੰਦੀਆਂ ਵੱਲੋਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।
ਸ਼ੁੱਕਰਵਾਰ ਨੂੰ 'ਏਬੀਪੀ ਸਾਂਝਾ' ਨਾਲ ਵਿਸ਼ੇਸ਼ ਗੱਲ-ਬਾਤ ਦੌਰਾਨ ਉੱਘੇ ਸਿੱਖ ਪ੍ਰਚਾਰਕ ਤੇ ਸ਼ਿਕਾਇਤਕਰਤਾ ਗਿਆਨੀ ਹਰਦੀਪ ਸਿੰਘ ਨੇ ਸੂਰਜ ਪ੍ਰਕਾਸ਼ ਗ੍ਰੰਥ ਦੀਆਂ ਉਨ੍ਹਾਂ ਤੁਕਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੂਰੀ ਘਟਨਾ ਦਾ ਕੇਵਲ ਇੱਕ ਪੱਖ ਹੀ ਪੇਸ਼ ਕੀਤਾ ਗਿਆ ਹੈ ਜਦਕਿ ਦੂਸਰੀ ਤੁਕ ਦਾ ਉਚਾਰਨ ਹੀ ਨਹੀਂ ਕੀਤਾ ਗਿਆ ਜੋ ਕਿ ਸਰਾਸਰ ਸਿੱਖ ਸੰਗਤਾਂ ਨੂੰ ਗੁਮਰਾਹ ਕਰਨ ਦੀ ਇਕ ਕੋਝੀ ਸਾਜਿਸ਼ ਹੈ।
ਉਨ੍ਹਾਂ ਕਿਹਾ ਕਿ ਸਿੱਖ ਇਤਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਜਿਸ ਨੂੰ ਸਿੱਖ ਪੰਥ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਇਹ ਇੱਕ ਸਿਧਾਂਤਕ ਲੜਾਈ ਹੈ ਜੋ ਸਿਰਫ ਦਮਦਮੀ ਟਕਸਾਲ ਜਾ ਢੱਡਰੀਆਂ ਵਾਲੇ ਦੀ ਕੋਈ ਨਿੱਜੀ ਲੜਾਈ ਨਹੀਂ, ਬਲਕਿ ਸਮੁੱਚੇ ਪੰਥ ਦੀ ਮੰਗ ਹੈ।