Farmer Protest: ਹਰ ਮੰਗ ਮੰਨਣ ਲਈ ਕੇਂਦਰ ਤਿਆਰ ਪਰ ਡੱਲੇਵਾਲ ਪੰਜਾਬ ਲਈ ਨਹੀਂ ਸਗੋਂ ਪੂਰੇ ਦੇਸ਼ ਲਈ....., ਕਿਸਾਨਾਂ ਦੇ ਅੰਦੋਲਨ ਉੱਤੇ ਰਵਨੀਤ ਬਿੱਟੂ ਦਾ ਵੱਡਾ ਬਿਆਨ
ਰਵਨੀਤ ਬਿੱਟੂ ਨੇ ਸਵਾਲ ਕਰਦਿਆਂ ਕਿਹਾ ਕਿ ਜੇ ਮਹਾਰਾਸ਼ਟਰ ਇੰਨੀ ਵੱਡੀ ਮਾਤਰਾ ਵਿੱਚ ਟਮਾਟਰ ਪੇਸਟ ਪੈਦਾ ਕਰ ਸਕਦਾ ਹੈ, ਤਾਂ ਪੰਜਾਬ ਕਿਉਂ ਨਹੀਂ?"

Patiala News: ਸ਼ੰਭੂ ਤੇ ਖਨੌਰੀ ਸਰਹੱਦ ਉੱਤੇ ਚੱਲ ਰਹੇ ਪ੍ਰਦਰਸ਼ਨ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਸਾਨਾਂ ਦੀ ਏਕਤਾ ਉੱਤੇ ਸਵਾਲ ਖੜ੍ਹੇ ਕੀਤੇ ਹਨ। ਇਸ ਮੌਕੇ ਉਨ੍ਹਾਂ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਪੰਜਾਬ ਦੀਆਂ ਮੰਗਾਂ ਮੰਨਣ ਲਈ ਕੇਂਦਰ ਤਿਆਰ ਹੈ ਪਰ ਡੱਲੇਵਾਲ ਪੂਰੇ ਦੇਸ਼ ਲਈ ਸੰਘਰਸ਼ ਕਰ ਰਹੇ ਹਨ।
ਕਿਸਾਨਾਂ ਦੇ ਮੁੱਦੇ ਬਾਰੇ ਉਨ੍ਹਾਂ ਕਿਹਾ ਕਿ ਜਦੋਂ ਤੋਂ ਮੈਂ ਮੰਤਰੀ ਬਣਿਆ ਹਾਂ, ਮੈਂ ਗੱਲਬਾਤ ਦਾ ਰਸਤਾ ਲੱਭ ਰਿਹਾ ਹਾਂ ਤਾਂ ਜੋ ਇਸ ਮਾਮਲੇ ਨੂੰ ਹੱਲ ਕੀਤਾ ਜਾ ਸਕੇ ਪਰ ਕਿਸਾਨ ਆਗੂ ਮੇਰੇ 'ਤੇ ਭਰੋਸਾ ਨਹੀਂ ਕਰਦੇ, ਉਨ੍ਹਾਂ ਵੱਲੋਂ ਹੁਣ ਤੱਕ ਮੇਰੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਅਤੇ ਕਿਸਾਨ ਆਗੂ ਜਗਜੀਤ ਸਿੰਘ ਸਿਰਫ਼ ਪੰਜਾਬ ਲਈ ਹੀ ਨਹੀਂ ਸਗੋਂ ਪੂਰੇ ਦੇਸ਼ ਲਈ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਰਵਨੀਤ ਬਿੱਟੂ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਮੰਤਰੀ ਦਾ ਅਹੁਦਾ ਸਾਂਭਿਆ ਹੈ, ਉਹ ਉਸ ਵੇਲੇ ਤੋਂ ਹੀ ਕਿਸਾਨਾਂ ਦੀ ਦਿੱਕਤ ਦਾ ਹੱਲ ਕਰਵਾਉਣ ਦੀ ਗੱਲ ਰਹਿ ਰਹੇ ਹਨ ਪਰ ਕਿਸਾਨਾਂ ਨੂੰ ਮੇਰੇ ਉੱਤੇ ਭਰੋਸਾ ਹੀ ਨਹੀਂ ਹੈ ਜਾਂ ਫਿਰ ਕਿਸਾਨਾਂ ਨੂੰ ਲੱਗਦਾ ਹੈ ਕਿ ਇਸ ਮਸਲੇ ਦਾ ਹੱਲ ਕਰਰਵਾਉਣਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੈ।
ਬਿੱਟੂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਉੱਤੇ ਬੈਠੇ ਹਨ ਉਨ੍ਹਾਂ ਦੀ ਮੰਗ ਪੰਜਾਬ ਲਈ ਸਗੋਂ ਪੂਰੇ ਦੇਸ਼ ਲਈ ਹੈ ਉਸ ਨੂੰ ਪੂਰਾ ਕਰਨਾ ਵੱਡੀ ਗੱਲ ਹੈ, ਪੰਜਾਬ ਲਈ ਕੋਈ ਵੀ ਮੰਗ ਹੋਵੇ ਕੇਂਦਰ ਪੂਰੀ ਕਰਨ ਲਈ ਤਿਆਰ ਬੈਠੀ ਹੈ ਪਰ ਡੱਲੇਵਾਲ ਪੰਜਾਬ ਲਈ ਨਹੀਂ ਸਗੋਂ ਦੇਸ਼ ਲਈ ਮੰਗ ਰਹੇ ਹਨ।
ਬਿੱਟੂ ਨੇ ਕਿਹਾ ਕਿ ਇਸ ਵਾਰ ਕਿਸਾਨ ਜਥੇਬੰਦੀਆਂ ਵਿੱਚ ਏਕਤਾ ਨਹੀਂ ਹੈ। ਇਸ ਸਮੇ ਸਾਰੀਆ ਕਿਸਾਨ ਜਥੇਬੰਦੀਆ ਨੂੰ ਡੱਲੇਵਾਲ ਨਾਲ ਆਉਣਾ ਚਾਹੀਦਾ ਸੀ ਜਿਸ ਨਾਲ ਉਹ ਹੋਰ ਤਗੜੇ ਹੋਣ। ਮੈਂ ਤਾਂ ਕਿਹਾ ਸੀ ਕਿ ਕੋਈ ਵੀ ਕਿਸਾਨ ਮੇਰੇ ਨਾਲ ਆ ਕੇ ਗੱਲ ਕਰੇ ਪਰ ਕਿਸਾਨਾਂ ਨੇ ਮੇਰੇ ਨਾਲ ਕੋਈ ਰਾਬਤਾ ਨਹੀਂ ਕੀਤਾ ਹੈ।
ਜ਼ਿਕਰ ਕਰ ਦਈਏ ਕਿ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰਾਲਾ (GoI), ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU), ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਅਤੇ ਹਿੰਦੁਸਤਾਨ ਯੂਨੀਲੀਵਰ ਲਿਮਟਿਡ (HUL) ਪੰਜਾਬ ਵਿੱਚ ਟਮਾਟਰ ਉਤਪਾਦਨ ਅਤੇ ਪੇਸਟ ਨਿਰਮਾਣ ਨੂੰ ਵਧਾਉਣ ਲਈ ਸਾਂਝੀ ਚਰਚਾ ਕਰਨ ਜਾ ਰਹੇ ਹਨ। ਰਾਜਪੁਰਾ ਵਿੱਚ ਹਿੰਦੁਸਤਾਨ ਯੂਨੀਲੀਵਰ ਪਲਾਂਟ ਦੇ ਆਪਣੇ ਦੌਰੇ ਦੌਰਾਨ ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਨ੍ਹਾਂ ਹਿੱਸੇਦਾਰਾਂ ਵਿਚਕਾਰ ਸਹਿਯੋਗ 'ਤੇ ਜ਼ੋਰ ਦਿੱਤਾ ਤਾਂ ਜੋ ਪੰਜਾਬ ਦੇ ਕਿਸਾਨ ਅੰਤਰਰਾਸ਼ਟਰੀ ਮਿਆਰਾਂ ਦੇ ਟਮਾਟਰ ਉਗਾ ਸਕਣ ਅਤੇ ਬਾਅਦ ਵਿੱਚ ਟਮਾਟਰ ਪੇਸਟ ਦਾ ਉਤਪਾਦਨ ਕਰ ਸਕਣ।
ਰਾਜਪੁਰਾ ਵਿੱਚ HUL ਪਲਾਂਟ ਨੂੰ ਕੈਚੱਪ ਉਤਪਾਦਨ ਲਈ ਸਾਲਾਨਾ 11,423 ਮੀਟ੍ਰਿਕ ਟਨ ਟਮਾਟਰ ਪੇਸਟ ਦੀ ਲੋੜ ਹੁੰਦੀ ਹੈ, ਪਰ ਇਸ ਵੇਲੇ ਪੰਜਾਬ ਤੋਂ ਸਿਰਫ਼ 50 ਮੀਟ੍ਰਿਕ ਟਨ ਟਮਾਟਰ ਪੇਸਟ ਦੀ ਸਪਲਾਈ ਕੀਤੀ ਜਾਂਦੀ ਹੈ। ਸਿੰਘ ਨੇ ਪੀਏਯੂ ਲੁਧਿਆਣਾ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਹਾਈਬ੍ਰਿਡ ਟਮਾਟਰ ਬੀਜ ਵਿਕਸਤ ਕਰਨ ਲਈ ਸ਼ਾਮਲ ਕਰਨ ਦਾ ਪ੍ਰਸਤਾਵ ਦਿੱਤਾ ਤਾਂ ਜੋ ਪੰਜਾਬ ਦੇ ਕਿਸਾਨ ਟਮਾਟਰ ਦੀ ਕਾਸ਼ਤ ਕਰ ਸਕਣ, ਇਸ ਮੌਕੇ ਰਵਨੀਤ ਬਿੱਟੂ ਨੇ ਸਵਾਲ ਕਰਦਿਆਂ ਕਿਹਾ ਕਿ ਜੇ ਮਹਾਰਾਸ਼ਟਰ ਇੰਨੀ ਵੱਡੀ ਮਾਤਰਾ ਵਿੱਚ ਟਮਾਟਰ ਪੇਸਟ ਪੈਦਾ ਕਰ ਸਕਦਾ ਹੈ, ਤਾਂ ਪੰਜਾਬ ਕਿਉਂ ਨਹੀਂ?"






















