ਛੱਤ ਡਿੱਗਣ ਨਾਲ ਪਰਿਵਾਰ ਦੇ ਦੋ ਜੀਆਂ ਦੀ ਮੌਤ ਤਿੰਨ ਜ਼ਖਮੀ
ਫਿਰੋਜ਼ਪੁਰ: ਅੱਜ ਤੜਕਸਾਰ ਪਏ ਮੀਂਹ ਨੇ ਜਿਥੇ ਆਮ ਲੋਕਾਂ ਨੂੰ ਕਾਫੀ ਰਾਹਤ ਦਿੱਤੀ, ਉਥੇ ਇਹ ਬਾਰਿਸ਼ ਪ੍ਰਵਾਸੀ ਮਜ਼ਦੂਰ ਪਰਿਵਾਰ ’ਤੇ ਕਹਿਰ ਢਾਹ ਗਈ। ਫ਼ਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਕੀ ਦੇ ਇੱਕ ਘਰ ਵਿੱਚ ਰਹਿ ਰਹੇ ਪ੍ਰਵਾਸੀ ਮਜ਼ਦੂਰ ’ਤੇ ਬਾਰਿਸ਼ ਨੇ ਉਸ ਸਮੇਂ ਜਾਨੀ ਕਹਿਰ ਢਾਹਿਆ ਜਦੋਂ ਘਰ ਦੀ ਡਾਟ ਵਾਲੀ ਛੱਡ ਡਿੱਗਣ ਨਾਲ ਦੋ ਲੜਕੀਆਂ ਦੀ ਮੌਤ ਹੋ ਗਈ ਤੇ ਪਰਿਵਾਰ ਦੇ 3 ਮੈਂਬਰ ਗੰਭੀਰ ਜ਼ਖ਼ਮੀ ਹੋ ਗਏ।
ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਘਟਨਾ ਸਥਾਨ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਤੜਕਸਾਰ ਸ਼ੁਰੂ ਹੋਈ ਬਾਰਿਸ਼ ਸਦਕਾ ਉਕਤ ਪਰਿਵਾਰ ਦੇ ਘਰ ਦੀ ਡਾਟਾਂ ਵਾਲੀ ਛੱਤ ਡਿੱਗਣ ਨਾਲ ਮਲਬੇ ਹੇਠ ਆਈਆਂ ਦੋ ਬੱਚੀਆਂ ਤਾਂ ਮੌਕੇ ’ਤੇ ਦਮ ਤੋੜ ਗਈਆਂ ਜਦਕਿ ਬਾਕੀ ਮੈਂਬਰਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਲੋਕਾਂ ਨੇ ਦੱਸਿਆ ਕਿ ਪੀੜਤ ਪ੍ਰਵਾਸੀ ਪਰਿਵਾਰ ਖੇਤਾਂ 'ਚ ਮਜ਼ਦੂਰੀ ਕਰਦਾ ਸੀ।
ਘਟਨਾ ਸਥਾਨ ’ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਭੇਜਿਆ ਜਾ ਰਿਹਾ ਹੈ, ਜਦਕਿ ਜ਼ਖ਼ਮੀਆਂ ਦਾ ਹਸਪਤਾਲ ਤੋਂ ਇਲਾਜ ਕਰਵਾਇਆ ਜਾ ਰਿਹਾ ਹੈ।