Russia Ukraine War: ਹਾਲਾਤ ਸੁਧਰਨ 'ਤੇ ਮੁੜ ਯੂਕਰੇਨ ਜਾ ਪੜ੍ਹਾਈ ਪੂਰੀ ਕਰਨਾ ਚਾਹੁੰਦੀ ਗੁਰਲੀਨ
ਯੂਕਰੇਨ ਤੋਂ ਬੀਤੀ ਦੇਰ ਸ਼ਾਮ ਲੁਧਿਆਣਾ ਪਹੁੰਚੀ ਗੁਰਲੀਨ ਕੌਰ ਨੇ ਦੱਸਿਆ ਕਿ ਉਹ ਖਾਰਕੀਵ ਨੈਸ਼ਨਲ ਯੂਨੀਵਰਸਿਟੀ ਵਿਚ MBBS ਦੀ ਪੜ੍ਹਾਈ ਕਰ ਰਹੀ ਸੀ ਅਤੇ ਛੇਵੇਂ ਸਮੈਸਟਰ ਦੀ ਵਿਦਿਆਰਥਣ ਸੀ।
ਲੁਧਿਆਣਾ: ਯੂਕਰੇਨ ਤੋਂ ਬੀਤੀ ਦੇਰ ਸ਼ਾਮ ਲੁਧਿਆਣਾ ਪਹੁੰਚੀ ਗੁਰਲੀਨ ਕੌਰ ਨੇ ਦੱਸਿਆ ਕਿ ਉਹ ਖਾਰਕੀਵ ਨੈਸ਼ਨਲ ਯੂਨੀਵਰਸਿਟੀ ਵਿਚ MBBS ਦੀ ਪੜ੍ਹਾਈ ਕਰ ਰਹੀ ਸੀ ਅਤੇ ਛੇਵੇਂ ਸਮੈਸਟਰ ਦੀ ਵਿਦਿਆਰਥਣ ਸੀ। 24 ਫਰਵਰੀ ਨੂੰ ਜਦੋਂ ਰੂਸ ਵੱਲੋਂ ਯੂਕਰੇਨ ਤੇ ਹਮਲਾ ਕੀਤਾ ਗਿਆ ਤਾਂ ਉਨ੍ਹਾਂ ਨੂੰ ਬੰਬਬਾਰੀ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਅਤੇ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਉਥੋਂ ਨਿਕਲਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ।
ਇਸ ਦੌਰਾਨ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ। ਉਹ ਪਹਿਲਾਂ ਟੈਕਸੀ ਰਾਹੀਂ ਰੇਲਵੇ ਸਟੇਸ਼ਨ ਪਹੁੰਚੀ। ਫਿਰ ਟ੍ਰੇਨ ਫੜੀ ਤੇ ਬੱਸ ਦਾ ਸਫ਼ਰ ਵੀ ਕਰਨਾ ਪਿਆ। ਹਾਲਾਂਕਿ ਬੱਸ ਨੇ ਉਨ੍ਹਾਂ ਨੂੰ ਕਾਫੀ ਪਹਿਲਾਂ ਉਤਾਰ ਦਿੱਤਾ।ਜਿਸ ਮਗਰੋਂ ਉਸਨੂੰ ਪੈਦਲ ਵੀ ਸਫਰ ਕਰਨਾ ਪਿਆ। ਉਨ੍ਹਾਂ ਦੇ ਕਈ ਸਾਥੀ ਪਿੱਛੇ ਵੀ ਰਹਿ ਗਏ ਤੇ ਉਮੀਦ ਕਰਦੇ ਹਨ ਕਿ ਭਾਰਤ ਸਰਕਾਰ ਜਲਦ ਹੀ ਸਾਰਿਆ ਨੂੰ ਸੁਰੱਖਿਅਤ ਵਾਪਸ ਲੈ ਆਵੇਗੀ।
ਹਾਲਾਂਕਿ ਯੂਕਰੇਨ ਵਿੱਚ MBBS ਦੀ ਪੜ੍ਹਾਈ ਕਰਨ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਇੱਥੇ ਨੀਟ ਦੀ ਪ੍ਰੀਖਿਆ ਕਲੀਅਰ ਕਰਨ ਤੋਂ ਬਾਅਦ ਵੀ ਤੁਹਾਨੂੰ ਪੜ੍ਹਾਈ ਲਈ ਬਹੁਤ ਜ਼ਿਆਦਾ ਪੈਸੇ ਦੇਣੇ ਪੈਂਦੇ ਹਨ। ਸਰਕਾਰੀ ਕਾਲਜਾਂ ਵਿੱਚ ਸੀਟਾਂ ਬਹੁਤ ਘੱਟ ਹਨ ਅਤੇ ਪ੍ਰਾਈਵੇਟ ਕਾਲਜਾਂ 'ਚ MBBS ਦੀ ਪੜ੍ਹਾਈ ਬਹੁਤ ਮਹਿੰਗੀ ਹੈ। ਜਦਕਿ ਯੂਕਰੇਨ ਵਿਚ ਕਰੀਬ 50 ਲੱਖ ਰੁਪਏ ਵਿੱਚ ਸਾਰੀ ਪੜ੍ਹਾਈ ਹੋ ਜਾਂਦੀ ਹੈ ਅਤੇ ਸੁਵਿਧਾਵਾਂ ਵੀ ਬਹੁਤ ਵਧੀਆ ਹਨ।
ਇਸ ਤੋਂ ਇਲਾਵਾ, ਯੂਕ੍ਰੇਨ ਵਿਚ ਵੀ MBBS ਦੀ ਪੜ੍ਹਾਈ ਕਰਨ ਵਾਸਤੇ ਤੁਹਾਡੇ ਨੀਟ ਦੇ ਨੰਬਰ ਦੇਖੇ ਜਾਂਦੇ ਹਨ ਅਤੇ ਤੁਹਾਡਾ ਲੋਕਲ ਪੱਧਰ ਤੇ ਵੀ ਟੈਸਟ ਲਿਆ ਜਾਂਦਾ ਹੈ। ਹਾਲਾਂਕਿ ਇੱਥੇ ਆ ਕੇ ਉਨ੍ਹਾਂ ਨੂੰ ਮੈਡੀਕਲ ਕੌਂਸਲ ਆਫ ਇੰਡੀਆ ਦੇ ਕੁਝ ਟੈਸਟ ਪਾਸ ਕਰਨੇ ਪੈਂਦੇ ਹਨ, ਲੇਕਿਨ ਮੱਧ ਵਰਗ ਦੇ ਬੱਚੇ ਕੀ ਕਰ ਸਕਦੇ ਹਨ, ਜਿਨ੍ਹਾਂ ਕੋਲ ਇੱਥੇ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਵਾਸਤੇ ਬਹੁਤ ਜ਼ਿਆਦਾ ਪੈਸੇ ਨਹੀਂ ਹਨ।
ਹਾਲਾਂਕਿ ਜੇਕਰ ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਰੁਕਦੀ ਹੈ ਤਾਂ ਉਹ ਵਾਪਸ ਯੂਕਰੇਨ ਜਰੂਰ ਜਾਣਗੇ, ਕਿਉਂਕਿ ਹਾਲੇ ਉਨ੍ਹਾਂ ਦੀ ਅੱਧੀ ਪੜ੍ਹਾਈ ਬਾਕੀ ਹੈ। ਉਨ੍ਹਾਂ ਦੱਸਿਆ ਕਿ ਯੂਕਰੇਨ ਵਿੱਚ MBBS 6 ਸਾਲਾਂ ਦੀ ਹੁੰਦੀ ਹੈ, ਜਿਸ ਵਿਚ 12 ਸਮੈਸਟਰ ਆਉਂਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਭਾਰਤ ਸਰਕਾਰ ਨੂੰ ਵੀ ਹਾਲਾਤ ਹੋਰ ਵਿਗੜਨ ਤੇ ਇੱਥੇ ਉਨ੍ਹਾਂ ਦੀ ਭਲਾਈ ਦਾ ਬੰਦੋਬਸਤ ਕਰਨ ਦੀ ਅਪੀਲ ਕੀਤੀ ਹੈ।