1984 ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਏ ਹਮਲੇ ਦੌਰਾਨ ਗੋਲ਼ੀਆਂ ਦੇ ਨਿਸ਼ਾਨ ਸਾਂਭੇਗੀ SGPC, ਭੂਰੀਵਾਲਿਆਂ ਨੂੰ ਦਿੱਤੀ ਸੇਵਾ
ਜੂਨ 1984 ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਏ ਹਮਲੇ ਦੌਰਾਨ ਪ੍ਰਭਾਵਿਤ ਹੋਈ ਡਿਓੜੀ ਦੀ ਸਾਂਭ ਸੰਭਾਲ ਲਈ ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਆਰੰਭ ਕੀਤੀ ਗਈ ਹੈ। ਡਿਓੜੀ 'ਤੇ ਲੱਗੀਆਂ ਗੋਲ਼ੀਆਂ ਦੇ ਨਿਸ਼ਾਨਾਂ ਨੂੰ ਸੁਰੱਖਿਅਤ ਰੱਖਣ ਲਈ ਵਿਸ਼ੇਸ਼ ਫਰੇਮ ਲਾ ਕੇ ਸ਼ੀਸ਼ੇ ’ਚ ਮੜਿਆ ਜਾਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਇਸ ਨੂੰ ਸੰਭਾਲਣ ਦੇ ਕਾਰਜ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਨੂੰ ਦਿੱਤੀ ਗਈ ਹੈ।
ਅੰਮ੍ਰਿਤਸਰ: ਜੂਨ 1984 ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਏ ਹਮਲੇ ਦੌਰਾਨ ਪ੍ਰਭਾਵਿਤ ਹੋਈ ਡਿਓੜੀ ਦੀ ਸਾਂਭ ਸੰਭਾਲ ਲਈ ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਆਰੰਭ ਕੀਤੀ ਗਈ ਹੈ। ਡਿਓੜੀ 'ਤੇ ਲੱਗੀਆਂ ਗੋਲ਼ੀਆਂ ਦੇ ਨਿਸ਼ਾਨਾਂ ਨੂੰ ਸੁਰੱਖਿਅਤ ਰੱਖਣ ਲਈ ਵਿਸ਼ੇਸ਼ ਫਰੇਮ ਲਾ ਕੇ ਸ਼ੀਸ਼ੇ ’ਚ ਮੜਿਆ ਜਾਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਇਸ ਨੂੰ ਸੰਭਾਲਣ ਦੇ ਕਾਰਜ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਨੂੰ ਦਿੱਤੀ ਗਈ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਕੜਾਹ ਪ੍ਰਸ਼ਾਦਿ ਵਾਲੀ ਬਾਹੀ ’ਤੇ ਬਣੀ ਡਿਓੜੀ ਦੀ ਸਾਂਭ-ਸੰਭਾਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਰਜ ਆਰੰਭ ਦਿੱਤਾ ਹੈ। ਇਸ ਦੀ ਸ਼ੁਰੂਆਤ ਅੱਜ ਅਰਦਾਸ ਉਪਰੰਤ ਕੀਤੀ ਗਈ। ਇਸ ਡਿਓੜੀ ਉੱਪਰ ਜੂਨ 1984 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸਮੇਂ ਦੀ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਲੱਗੀਆਂ ਗੋਲੀਆਂ ਦੇ ਨਿਸ਼ਾਨ ਅੱਜ ਵੀ ਮੌਜੂਦ ਹਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਜੂਨ 1984 ਵਿਚ ਕੇਂਦਰ ਦੀ ਕਾਂਗਰਸ ਸਰਕਾਰ ਨੇ ਅਤਿਅੰਤ ਜ਼ੁਲਮ ਕੀਤੇ। ਸਿੱਖਾਂ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤੋਪਾਂ ਟੈਂਕਾਂ ਨਾਲ ਹਮਲਾ ਕਰਕੇ ਅਣਮਨੁੱਖੀ ਤਸ਼ੱਦਦ ਢਾਹਿਆ। ਬੇਦੋਸ਼ੀਆਂ ਸੰਗਤਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ। ਇਸ ਡਿਓੜੀ ’ਤੇ ਲੱਗੇ ਗੋਲੀਆਂ ਦੇ ਨਿਸ਼ਾਨ ਅੱਜ ਵੀ ਉਸ ਕਰੂਰ ਕਾਰੇ ਦੀ ਯਾਦ ਦਿਵਾਉਂਦੇ ਹਨ।
ਉਨ੍ਹਾਂ ਆਖਿਆ ਕਿ ਜੂਨ 1984 ਦੇ ਘੱਲੂਘਾਰੇ ਦੀ ਯਾਦ ਦਿਵਾਉਂਦੀ ਡਿਓੜੀ ਦੀ ਸੁਰੱਖਿਆ ਲਈ ਸਟੀਲ ਦੇ ਫਰੇਮ ਲਗਾ ਕੇ ਉਸ ਵਿਚ ਸ਼ੀਸ਼ਾ ਲਗਾਇਆ ਜਾਵੇਗਾ। ਇਸ ਨਾਲ ਡਿਓੜੀ ਦੀਆਂ ਕੰਧਾਂ ਅੰਦਰ ਪਾਣੀ ਜਜ਼ਬ ਹੋਣ ਤੋਂ ਬਚਾਅ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸੰਗਤਾਂ ਨੂੰ ਉਸ ਸਮੇਂ ਦੇ ਮਾਰੂ ਹਮਲੇ ਸਬੰਧੀ ਇਤਿਹਾਸ ਨੂੰ ਵੀ ਇਥੇ ਰੂਪਮਾਨ ਕੀਤਾ ਜਾਵੇਗਾ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਸ ਤੋਂ ਜਾਣੂ ਹੋ ਸਕਣ।
ਇਸ ਦੌਰਾਨ ਡਾ. ਰੂਪ ਸਿੰਘ ਨੇ ਕਿਹਾ ਕਿ ਜੂਨ 1984 ਦੇ ਦੁਖਾਂਤ ਨੂੰ ਸਿੱਖ ਕੌਮ ਕਦੇ ਨਹੀਂ ਭੁੱਲ ਸਕਦੀ। ਉਨ੍ਹਾਂ ਕਿਹਾ ਕਿ ਡਿਓੜੀ ’ਤੇ ਲੱਗੀਆਂ ਗੋਲੀਆਂ ਦੇ ਨਿਸ਼ਾਨ ਇੱਟਾਂ ’ਤੇ ਨਹੀਂ ਹਨ, ਸਗੋਂ ਸਿੱਖਾਂ ਦੇ ਹਿਰਦਿਆਂ ’ਤੇ ਉੱਕਰੇ ਹੋਏ ਹਨ। ਉਨ੍ਹਾਂ ਦੱਸਿਆ ਕਿ ਡਿਓੜੀ ’ਤੇ ਲਗਾਇਆ ਜਾਣ ਵਾਲਾ ਫਰੇਮ ਅਤੇ ਸ਼ੀਸ਼ਾ ਤਕਨੀਕੀ ਕੰਮ ਹੈ, ਜਿਸ ਨੂੰ ਲਗਾਉਣ ਲਈ ਤਕਨੀਕੀ ਮਾਹਿਰਾਂ ਦੀਆਂ ਸੇਵਾਵਾਂ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਕਾਰਜ ਤਿੰਨ ਮਹੀਨੇ ਵਿੱਚ ਮੁਕੰਮਲ ਹੋਵੇਗਾ।