Shaheedi Jor Mela 2022: ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਨੂੰ ਸਿੱਜਦਾ ਕਰਨ ਪਹੁੰਚ ਰਹੀਆਂ ਵੱਡੀ ਗਿਣਤੀ ਸੰਗਤਾਂ
ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਇਸ ਵਾਰ ਆਖੰਡ ਪਾਠ ਸਾਹਿਬ ਦੀ ਆਰੰਭਤਾ ਦਾ ਸਮਾਂ ਸਵੇਰੇ 9 ਵਜੇ ਦੀ ਥਾਂ 7 ਵਜੇ ਕੀਤਾ ਗਿਆ, ਜਿਸ ਕਾਰਨ 28 ਦਸੰਬਰ ਨੂੰ ਭੋਗ ਦਾ ਸਮਾਂ ਹੁਣ ਸਵੇਰੇ 6 ਵਜੇ ਹੋਵੇਗਾ।
Shaheedi Jor Mela 2022: ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਤਿੰਨ ਰੋਜ਼ਾ ਸ਼ਹੀਦੀ ਸਭਾ ਵਿੱਚ ਦੁਨੀਆ ਭਰ ਤੋਂ ਸੰਗਤਾਂ ਪਹੁੰਚ ਰਹੀਆਂ ਹਨ। ਇਸ ਮੌਕੇ ਵੱਡੀ ਗਿਣਤੀ ਸੰਗਤਾਂ ਮੱਥਾ ਟੇਕ ਰਹੀਆਂ ਹਨ।
ਸ਼ਹੀਦੀ ਸਭਾ ਦੀ ਸ਼ੁਰੂਆਤ ਸੋਮਵਾਰ ਨੂੰ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿੱਚ ਅਖੰਡ ਪਾਠ ਸਾਹਿਬ ਆਰੰਭ ਕਰਕੇ ਕੀਤੀ ਗਈ ਜਿਸ ਦੇ ਭੋਗ ਕੱਲ੍ਹ ਬੁੱਧਵਾਰ ਨੂੰ ਪਾਏ ਜਾਣਗੇ। ਹਾਸਲ ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਇਸ ਵਾਰ ਆਖੰਡ ਪਾਠ ਸਾਹਿਬ ਦੀ ਆਰੰਭਤਾ ਦਾ ਸਮਾਂ ਸਵੇਰੇ 9 ਵਜੇ ਦੀ ਥਾਂ 7 ਵਜੇ ਕੀਤਾ ਗਿਆ, ਜਿਸ ਕਾਰਨ 28 ਦਸੰਬਰ ਨੂੰ ਭੋਗ ਦਾ ਸਮਾਂ ਹੁਣ ਸਵੇਰੇ 6 ਵਜੇ ਹੋਵੇਗਾ।
ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਦੱਸਿਆ ਕਿ 28 ਦਸੰਬਰ ਨੂੰ ਨਗਰ ਕੀਰਤਨ ਹੁੰਦਾ ਹੈ ਤੇ ਆਖੰਡ ਪਾਠ ਸਾਹਿਬ ਦੇ ਭੋਗ ਦਾ ਪਹਿਲਾ ਸਮਾਂ 10 ਵਜੇ ਹੁੰਦਾ ਸੀ, ਜਿਸ ਕਾਰਨ ਭੋਗ ਮੌਕੇ ਸ਼ਮੂਲੀਅਤ ਕਰਨ ਵਾਲਿਆਂ ਨੂੰ ਨਗਰ ਕੀਰਤਨ ਦੀ ਆਰੰਭਤਾ ਸਮਾਗਮਾਂ ਵਿੱਚ ਸ਼ਾਮਲ ਹੋਣ ਵੇਲੇ ਦਿੱਕਤ ਆਉਂਦੀ ਸੀ।
ਉਨ੍ਹਾਂ ਦੱਸਿਆ ਕਿ ਨਿਹੰਗ ਮੁਖੀ ਜਥੇਦਾਰ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਹੇਠ ਸਮੂਹ ਨਿਹੰਗ ਜਥੇਬੰਦੀਆਂ ਵੱਲੋਂ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਛਾਉਣੀ ਬੁੱਢਾ ਦਲ ਫ਼ਤਹਿਗੜ੍ਹ ਸਾਹਿਬ ਵਿੱਚ 29 ਦਸੰਬਰ ਨੂੰ ਪੁਰਾਤਨ ਰਵਾਇਤਾਂ ਮੁਤਾਬਕ ਪੂਰੇ ਜਾਹੋ ਜਲਾਲ ਨਾਲ ਖ਼ਾਲਸਾਈ ਮਹੱਲਾ ਕੱਢਿਆ ਜਾਵੇਗਾ।
ਹਾਸਲ ਜਾਣਕਾਰੀ ਅਨੁਸਾਰ ਸਭਾ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਜ਼ੁਰਗਾਂ, ਮਹਿਲਾਵਾਂ, ਬੱਚਿਆਂ ਤੇ ਦਿਵਿਆਂਗਜਨਾਂ ਨੂੰ ਆਵਾਜਾਈ ਦੀ ਮੁਫ਼ਤ ਸਹੂਲਤ ਦੇਣ ਲਈ ਈ-ਰਿਕਸ਼ਾ ਸੇਵਾ ਚਾਲੂ ਕੀਤੀ ਗਈ ਹੈ। ਸੋਮਵਾਰ ਨੂੰ ਹੋਏ ਸਮਾਗਮਾਂ ਤਹਿਤ ਭਾਸ਼ਾ ਵਿਭਾਗ ਵੱਲੋਂ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਵੀ ਸ਼ਮੂਲੀਅਤ ਕੀਤੀ ।
ਵਿਭਾਗ ਦੀ ਸਹਾਇਕ ਡਾਇਰੈਕਟਰ ਹਰਭਜਨ ਕੌਰ ਨੇ ਕਿਹਾ ਕਿ ਵਿਭਾਗ ਵੱਲੋਂ ਹਰ ਸਾਲ ਕਵੀ ਦਰਬਾਰ ਕਰਵਾ ਕੇ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ । ਇਸੇ ਦੌਰਾਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਵੱਖ-ਵੱਖ ਸਰਕਾਰੀ ਵਿਭਾਗਾਂ ਤੇ ਗ਼ੈਰ ਸਰਕਾਰੀ ਅਦਾਰਿਆਂ ਵੱਲੋਂ ਵਿਕਾਸ ਪ੍ਰਦਰਸ਼ਨੀ ਵੀ ਸ਼ੁਰੂ ਕੀਤੀ ਗਈ ਹੈ ।