ਸਿੱਧੂ ਮੂਸੇਵਾਲਾ ਕਤਲ ਕੇਸ 'ਚ ਵੱਡੀ ਕਾਮਯਾਬੀ, ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਤੇ ਨਵਨਾਥ ਸੂਰਿਆਵੰਸ਼ੀ ਗ੍ਰਿਫਤਾਰ, ਦੋਵਾਂ ਨੇ ਮਾਰੀਆਂ ਸੀ ਗੋਲੀਆਂ
ਸੰਤੋਸ਼ ਜਾਧਵ ਬਦਨਾਮ ਗੈਂਗਸਟਰ ਅਰੁਣ ਗਵਲੀ ਗੈਂਗ ਦਾ ਸਰਗਨਾ ਹੈ। ਦਿੱਲੀ ਪੁਲਿਸ ਨੇ ਸੰਤੋਸ਼ ਜਾਧਵ ਤੇ ਨਵਨਾਥ ਸੂਰਿਆਵੰਸ਼ੀ ਨੂੰ ਮੂਸੇਵਾਲਾ ਦੀ ਹੱਤਿਆ ਵਿੱਚ ਸ਼ਾਮਲ ਦੱਸਿਆ ਸੀ।
ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਵੱਡੀ ਸਫਲਤਾ ਹੱਥ ਲੱਗਣ ਦਾ ਦਾਅਵਾ ਕੀਤਾ ਗਿਆ ਹੈ। ਮਹਾਰਾਸ਼ਟਰ ਦੇ ਪੁਣੇ ਤੋਂ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਸਾਥੀ ਨਵਨਾਥ ਸੂਰਿਆਵੰਸ਼ੀ ਸਮੇਤ ਗੁਜਰਾਤ ਦੇ ਕੱਛ ਤੋਂ ਫੜਿਆ ਗਿਆ ਸੀ। ਪੁਣੇ ਪੁਲਿਸ ਦੀ ਟੀਮ ਨੂੰ ਇਹ ਕਾਮਯਾਬੀ ਮਿਲੀ ਹੈ। ਦੋਵਾਂ ਨੂੰ 20 ਜੂਨ ਤੱਕ ਰਿਮਾਂਡ 'ਤੇ ਲਿਆ ਗਿਆ ਹੈ। ਪੁਲਿਸ ਮੁਤਾਬਕ ਦੋਵਾਂ ਨੇ ਸਿੱਧੂ ਮੂਸੇਵਾਲਾ 'ਤੇ ਫਾਇਰਿੰਗ ਕੀਤੀ ਸੀ।
ਸੰਤੋਸ਼ ਜਾਧਵ ਬਦਨਾਮ ਗੈਂਗਸਟਰ ਅਰੁਣ ਗਵਲੀ ਗੈਂਗ ਦਾ ਸਰਗਨਾ ਹੈ। ਦਿੱਲੀ ਪੁਲਿਸ ਨੇ ਸੰਤੋਸ਼ ਜਾਧਵ ਤੇ ਨਵਨਾਥ ਸੂਰਿਆਵੰਸ਼ੀ ਨੂੰ ਮੂਸੇਵਾਲਾ ਦੀ ਹੱਤਿਆ ਵਿੱਚ ਸ਼ਾਮਲ ਦੱਸਿਆ ਸੀ। ਇਸ ਤੋਂ ਬਾਅਦ ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ। ਫਿਲਹਾਲ ਉਸ ਨੂੰ 2021 'ਚ ਪੁਣੇ 'ਚ ਦਰਜ ਹੋਏ ਕਤਲ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਦੀ ਟੀਮ ਸੰਤੋਸ਼ ਜਾਧਵ ਤੇ ਨਵਨਾਥ ਸੂਰਿਆਵੰਸ਼ੀ ਤੋਂ ਪੁੱਛਗਿੱਛ ਲਈ ਪੁਣੇ ਰਵਾਨਾ ਹੋ ਰਹੀ ਹੈ। ਪੰਜਾਬ ਪੁਲਿਸ ਦੀ ਇੱਕ ਟੀਮ ਸੌਰਵ ਮਹਾਕਾਲ ਤੋਂ ਪੁੱਛਗਿੱਛ ਕਰਨ ਲਈ ਉੱਥੇ ਪਹੁੰਚ ਚੁੱਕੀ ਹੈ।
ਪੰਜਾਬ ਪੁਲਿਸ ਵੱਲੋਂ ਹੁਣ ਤੱਕ ਨੌਂ ਲੋਕ ਗ੍ਰਿਫਤਾਰ
ਪੰਜਾਬ ਪੁਲਿਸ ਨੇ ਹੁਣ ਤੱਕ ਇਸ ਕੇਸ ਵਿੱਚ ਨੌਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲਾ ਸੰਦੀਪ ਕੁਮਾਰ ਉਰਫ ਕੇਕੜਾ ਵੀ ਸ਼ਾਮਲ ਹੈ। ਉਹ ਹੁਣ ਪੁਲਿਸ ਰਿਮਾਂਡ ’ਤੇ ਹੈ। ਉਸ ਤੋਂ ਇਲਾਵਾ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਮੋਨੂੰ ਡਾਗਰ, ਪਵਨ, ਨਸੀਬ ਖ਼ਾਨ ਦਾ ਵੀ ਕੇਕੜਾ ਦੇ ਨਾਲ ਹੀ 15 ਜੂਨ ਤੱਕ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਦਕਿ ਮਨਪ੍ਰੀਤ ਮੰਨਾ, ਮਨਪ੍ਰੀਤ ਭਾਊ, ਸਰਾਜ ਮਿੰਟੂ, ਪ੍ਰਭਦੀਪ ਸਿੰਘ ਪੱਬੀ ਤੇ ਚਰਨਜੀਤ ਸਿੰਘ ਚੇਤਨ ਨੂੰ 14 ਦਿਨਾਂ ਦੇ ਜੁਡੀਸ਼ਲ ਰਿਮਾਂਡ ’ਤੇ ਮਾਨਸਾ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ।
ਕਤਲ ਲਈ ਵਰਤੇ ਹਥਿਆਰਾਂ ਬਾਰੇ ਵੀ ਸਪੱਸ਼ਟ ਨਹੀਂ ਪੁਲਿਸ
ਇਹ ਵੀ ਅਹਿਮ ਹੈ ਕਿ ਪੁਲਿਸ ਹਾਲੇ ਤੱਕ ਕਤਲ ਲਈ ਵਰਤੇ ਗਏ ਹਥਿਆਰਾਂ ਬਾਰੇ ਵੀ ਸਪੱਸ਼ਟ ਨਹੀਂ ਹੋ ਸਕੀ। ਸਿੱਧੂ ਮੂਸੇਵਾਲਾ ਦੇ ਸਰੀਰ ਉੱਤੇ 24 ਗੋਲੀਆਂ ਦੇ ਨਿਸ਼ਾਨ ਮਿਲੇ ਸਨ, ਜਿਨ੍ਹਾਂ ਵਿੱਚੋਂ 7 ਗੋਲੀਆਂ ਉਸ ਦੇ ਸਰੀਰ ਅੰਦਰੋਂ ਮਿਲੀਆਂ ਸਨ। ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਸਿੱਧੂ ਮੂਸੇਵਾਲਾ ਦੇ ਕਤਲ ਲਈ 3 ਕਿਸਮ ਦੇ ਹਥਿਆਰ ਵਰਤੇ ਗਏ ਹਨ ਤੇ ਇਨ੍ਹਾਂ ਵਿੱਚੋਂ ਇੱਕ ਰੂਸੀ ਏਐਨ-94 ਹੋਣ ਦਾ ਵੀ ਦਾਅਵਾ ਸੀ, ਪਰ ਯਕੀਨ ਨਾਲ ਇਸ ਹਥਿਆਰ ਦੀ ਵਰਤੋਂ ਹੋਣ ਬਾਰੇ ਪੰਜਾਬ ਪੁਲਿਸ ਹਾਲੇ ਕੁਝ ਨਹੀਂ ਕਹਿ ਰਹੀ। ਪੁਲਿਸ ਅਫ਼ਸਰਾਂ ਦਾ ਕਹਿਣਾ ਹੈ ਕਿ ਸਬੂਤ ਲੈਬਾਰਟਰੀ ’ਚ ਭੇਜੇ ਗਏ ਹਨ ਤੇ ਰਿਪੋਰਟਾਂ ਆਉਣ ’ਤੇ ਹੀ ਅਸਲੀਅਤ ਪਤਾ ਲੱਗ ਸਕੇਗੀ।