ਸ਼੍ਰੋਮਣੀ ਅਕਾਲੀ ਦਲ ਨੇ ਖਿੱਚੀ ਤਿਆਰੀ, ਜਥੇਬੰਦਕ ਚੋਣਾਂ ਦੀਆਂ ਤਾਰੀਕਾਂ ਦਾ ਕੀਤਾ ਐਲਾਨ, ਭਰਤੀ ਦੀ ਆਖ਼ਰੀ ਤਾਰੀਕ ਵੀ ਆਈ ਸਾਹਮਣੇ
ਜਿਸ ਕਿਸੇ ਨੇ ਵੀ ਆਪਣੀ ਭਰਤੀ ਹਾਲੇ ਤੱਕ ਪਾਰਟੀ ਦਫਤਰ ਵਿੱਚ ਜਮਾ ਨਹੀ ਕਰਵਾਈ ਉਹਨਾਂ ਨੂੰ 31 ਮਾਰਚ ਨੂੰ ਭਰਤੀ ਜਮਾ ਕਰਵਾਉਣ ਦਾ ਆਖਰੀ ਮੌਕਾ ਦਿੱਤਾ ਜਾਂਦਾ ਹੈ ਅਤੇ 31 ਮਾਰਚ ਨੂੰ ਸ਼ਾਮ 5 ਵਜੇ ਤੋਂ ਬਾਅਦ ਕਿਸੇ ਦੀ ਵੀ ਭਰਤੀ ਜਮਾ ਨਹੀ ਕੀਤੀ ਜਾਵੇਗੀ।
Punjab News: ਸ਼੍ਰੋਮਣੀ ਅਕਾਲੀ ਦਲ ਦੀ ਅੱਜ ਪਾਰਟੀ ਦੇ ਮੁੱਖ ਦਫਤਰ ਵਿੱਚ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਹੋਈ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪਾਰਟੀ ਦੀਆਂ ਜਥੇਬੰਦਕ ਚੋਣਾਂ 2 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਤੇ ਪਹਿਲੇ ਪੜਾਅ ਵਿੱਚ ਜ਼ਿਲ੍ਹਾ ਅਤੇ ਸੂਬਾ ਡੈਲੀਗੇਟਾਂ ਦੀਆਂ ਚੋਣਾਂ 6 ਅਪ੍ਰੈਲ ਤੱਕ ਸੰਪੂਰਨ ਹੋ ਜਾਣਗੀਆਂ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅੱਜ ਹੋਈ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਜਿਸ ਕਿਸੇ ਨੇ ਵੀ ਆਪਣੀ ਭਰਤੀ ਹਾਲੇ ਤੱਕ ਪਾਰਟੀ ਦਫਤਰ ਵਿੱਚ ਜਮਾ ਨਹੀ ਕਰਵਾਈ ਉਹਨਾਂ ਨੂੰ 31 ਮਾਰਚ ਨੂੰ ਭਰਤੀ ਜਮਾ ਕਰਵਾਉਣ ਦਾ ਆਖਰੀ ਮੌਕਾ ਦਿੱਤਾ ਜਾਂਦਾ ਹੈ ਅਤੇ 31 ਮਾਰਚ ਨੂੰ ਸ਼ਾਮ 5 ਵਜੇ ਤੋਂ ਬਾਅਦ ਕਿਸੇ ਦੀ ਵੀ ਭਰਤੀ ਜਮਾ ਨਹੀ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ 1 ਅਪ੍ਰੈਲ ਨੂੰ ਪਾਰਟੀ ਦੇ ਸਾਰੇ ਅਬਜਰਵਰ ਸਹਿਬਾਨ ਦੀ ਮੀਟਿੰਗ ਪਾਰਟੀ ਦੇ ਮੁੱਖ ਦਫਤਰ ਵਿੱਚ ਹੋਵੇਗੀ ਜਿਸ ਵਿੱਚ ਉਹਨਾਂ ਨੂੰ ਚੋਣ ਪ੍ਰਕ੍ਰਿਆ ਸਬੰਧੀ ਹਦਾਇਤਾਂ ਦੇਣ ਦੇ ਨਾਲ-ਨਾਲ ਹਲਕਾਵਾਈਜ਼ ਸਰਕਲ ਡੈਲੀਗੇਟਾਂ ਦੀ ਲਿਸਟਾਂ ਸੌਂਪੀਆਂ ਜਾਣਗੀਆਂ। ਇਹਨਾਂ ਅਧਿਕਾਰਤ ਲਿਸਟਾਂ ਦੇ ਆਧਾਰ ਤੇ 2 ਅਪ੍ਰੈਲ ਤੋਂ ਲੈ ਕੇ 6 ਅਪ੍ਰੈਲ ਤੱਕ ਹਲਕਾਵਾਈਜ਼ ਸਾਰੇ ਜਿਲਾ ਅਤੇ ਸੂਬਾ ਡੈਲੀਗੇਟਸ ਦੀ ਚੋਣ ਕੀਤੀ ਜਾਵੇਗੀ ਅਤੇ 7 ਅਪ੍ਰੈਲ 2025 ਨੂੰ ਸਾਰੇ ਅਬਜ਼ਰਵਰ ਸਹਿਬਾਨ ਵੱਲੋਂ ਜ਼ਿਲ੍ਹਾ ਤੇ ਸਟੇਟ ਡੈਲੀਗੇਟਸ ਦੀਆਂ ਲਿਸਟਾਂ ਪਾਰਟੀ ਦੇ ਮੁੱਖ ਦਫਤਰ ਵਿੱਚ ਸੌਂਪਣ ਦੀ ਆਖਰੀ ਮਿਤੀ ਰੱਖੀ ਗਈ ਹੈ।
ਅੱਜ ਦੀ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਵਿੱਚ ਗੁਲਜਾਰ ਸਿੰਘ ਰਾਣੀਕੇ, ਜਨਮੇਜਾ ਸਿੰਘ ਸੇਖੋਂ, ਡਾ. ਦਲਜੀਤ ਸਿੰਘ ਚੀਮਾ ਤੇ ਹੀਰਾ ਸਿੰਘ ਗਾਬੜੀਆ ਹਾਜ਼ਰ ਸਨ ਤੇ ਮਹੇਸ਼ਇਦਰ ਸਿੰਘ ਗਰੇਵਾਲ ਆਨਲਾਈਨ ਮੀਟਿੰਗ ਵਿੱਚ ਸ਼ਾਮਲ ਹੋਏ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।






















