ਪੰਥ ਬਚਾਓ ਤੋਂ ਲੈ ਕੇ ਨਸ਼ਾ ਤਸਕਰ ਬਚਾਓ ਮੁਹਿੰਮ ਤੱਕ ਪਹੁੰਚਿਆ ਸ਼੍ਰੋਮਣੀ ਅਕਾਲੀ ਦਲ, ਆਪ ਦਾ ਵੱਡਾ ਇਲਜ਼ਾਮ
ਅੱਜ ਪੂਰਾ ਪੰਜਾਬ ਦੇਖ ਰਿਹਾ ਹੈ ਕਿ ਕਿਵੇਂ ਅਕਾਲੀ ਦਲ ਨਸ਼ਾ ਤਸਕਰ ਨੂੰ ਬਚਾਉਣ ਲਈ ਕਾਨੂੰਨ ਤੋੜ ਰਿਹਾ ਹੈ ਤੇ ਅਸੀਂ ਆਪਣੀ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਕਰ ਰਹੇ ਹਾਂ ਪਰ ਅਕਾਲੀ ਪੰਜਾਬ ਦੀਆਂ ਅਦਾਲਤਾਂ ਨੂੰ ਖ਼ਤਰਾ ਪੈਦਾ ਕਰ ਰਹੇ ਹਨ।
Punjab News: ਪੰਜਾਬ ਵਿੱਚ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਫਸੇ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਮੋਹਾਲੀ ਅਦਾਲਤ ਵਿੱਚ ਪੇਸ਼ੀ ਦੌਰਾਨ ਮਾਹੌਲ ਤਣਾਅਪੂਰਨ ਹੋ ਗਿਆ। ਇਸ ਮੌਕੇ ਪ੍ਰਦਰਸ਼ਨ ਕਰ ਰਹੇ ਅਕਾਲੀ ਦਲ ਦੇ ਲੀਡਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਤੇ ਕਈਆਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਜਿਸ ਨੂੰ ਅਕਾਲੀ ਦਲ ਦੇ ਵਰਕਰ ਪੰਜਾਬ ਵਿੱਚ ਅਣਐਲਾਨੀ ਐਮਰਜੈਂਸੀ ਕਰਾਰ ਦੇ ਰਹੇ ਹਨ।
ਇਸ ਨੂੰ ਲੈ ਕੇ ਹੁਣ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਅੱਜ ਅਕਾਲੀ ਦਲ ਨਸ਼ਾ ਤਸਕਰ ਨੂੰ ਬਚਾਉਣ ਲਈ ਪ੍ਰਦਰਸ਼ਨ ਕਰਕੇ ਕਾਨੂੰਨ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਰਪਾਲ ਚੀਮਾ ਨੇ ਕਿਹਾ ਕਿ ਅਕਾਲੀ ਦਲ ਦੀ ਸ਼ੁਰੂਆਤ ਪੰਥ ਦੀ ਰੱਖਿਆ ਕਰਨ ਲਈ ਹੋਈ ਸੀ ਪਰ ਅੱਜ ਅਕਾਲੀ ਦਲ ਪੰਥ ਬਚਾਓ ਮੁਹਿੰਮ ਤੋਂ ਨਸ਼ਾ ਤਸਕਰ ਬਚਾਓ ਮੁਹਿੰਮ ਤੱਕ ਪਹੁੰਚ ਗਿਆ ਹੈ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇੱਕ ਮਹੱਤਵਪੂਰਨ ਵਿਸ਼ੇ 'ਤੇ ਸੰਬੋਧਨ ਕਰਦੇ ਹੋਏ, ਚੰਡੀਗੜ੍ਹ ਤੋਂ Live https://t.co/CoA3TarhQk
— AAP Punjab (@AAPPunjab) July 2, 2025
ਅੱਜ ਪੂਰਾ ਪੰਜਾਬ ਦੇਖ ਰਿਹਾ ਹੈ ਕਿ ਕਿਵੇਂ ਅਕਾਲੀ ਦਲ ਨਸ਼ਾ ਤਸਕਰ ਨੂੰ ਬਚਾਉਣ ਲਈ ਕਾਨੂੰਨ ਤੋੜ ਰਿਹਾ ਹੈ ਤੇ ਅਸੀਂ ਆਪਣੀ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਕਰ ਰਹੇ ਹਾਂ ਪਰ ਅਕਾਲੀ ਪੰਜਾਬ ਦੀਆਂ ਅਦਾਲਤਾਂ ਨੂੰ ਖ਼ਤਰਾ ਪੈਦਾ ਕਰ ਰਹੇ ਹਨ। ਅਸੀਂ ਕਾਨੂੰਨ ਦੇ ਹਿਸਾਬ ਨਾਲ ਇਨ੍ਹਾਂ ਉੱਤੇ ਬਣਦੀ ਕਾਰਵਾਈ ਕਰਾਂਗੇ। ਇਸ ਦੇ ਨਾਲ ਹੀ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਇਸ ਮਾਮਲੇ ਉੱਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਨ।
ਜ਼ਿਕਰ ਕਰ ਦਈਏ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਮਜੀਠੀਆ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਲਈ ਸਮਰਥਕਾਂ ਨਾਲ ਮੋਹਾਲੀ ਪਹੁੰਚੇ। ਉਨ੍ਹਾਂ ਨੂੰ ਅਦਾਲਤ ਵੱਲ ਆਉਂਦੇ ਦੇਖ ਕੇ ਪੁਲਿਸ ਨੇ ਉਨ੍ਹਾਂ ਨੂੰ ਘੇਰ ਲਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਦੌਰਾਨ ਸੁਖਬੀਰ ਬਾਦਲ ਅਤੇ ਪੰਜਾਬ ਪੁਲਿਸ ਅਧਿਕਾਰੀਆਂ ਵਿਚਕਾਰ ਤਿੱਖੀ ਬਹਿਸ ਹੋਈ। ਪੁਲਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਸੁਰੱਖਿਆ ਕਾਰਨਾਂ ਕਰਕੇ ਉਹ ਅਦਾਲਤ ਵੱਲ ਨਹੀਂ ਜਾ ਸਕਦੇ। ਜਿਸ ਤੋਂ ਬਾਅਦ ਅਕਾਲੀ ਵਰਕਰ ਗੁੱਸੇ ਵਿੱਚ ਆ ਗਏ। ਇਸ ਦੌਰਾਨ ਪੁਲਿਸ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅਕਾਲੀ ਆਗੂਆਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਤਾਂ ਜੋ ਉਹ ਮੋਹਾਲੀ ਨਾ ਜਾ ਸਕਣ।






















