Dastaan-E-Sirhind ਫ਼ਿਲਮ ਮੇਕਰਜ਼ ਨੇ ਮੁੜ ਬੋਲਿਆ ਵੱਡਾ ਝੂਠ ! SGPC ਨੇ ਕੀਤਾ ਵੱਡਾ ਖੁਲਾਸਾ
Dastaan-E-Sirhind Objection by SGPC -
ਪੰਜਾਬੀ ਸਿਨੇਮਾ ਦੀ ਸਭ ਤੋਂ ਵੱਖਰੀ ਬਣੀ ਦਾਸਤਾਨ-ਏ-ਸਰਹਿੰਦ ਫਿਲਮ ਨੂੰ ਲੈ ਕੇ ਮੁੜ ਵਿਵਾਦ ਖੜ੍ਹਾ ਹੋ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਫਿਲਮ 'ਤੇ ਮੁੜ ਇਤਰਾਜ਼ ਲਗਾ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਹੈ ਕਿ ਦਾਸਤਾਨ-ਏ-ਸਰਹਿੰਦ ਫ਼ਿਲਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ। ਇਸ ਦੇ 5 ਨਵੰਬਰ ਨੂੰ ਜਾਰੀ ਹੋਣ ਬਾਰੇ ਲਗਾਏ ਜਾ ਰਹੇ ਬੋਰਡਾਂ ਲਈ ਫ਼ਿਲਮ ਦੇ ਪ੍ਰਬੰਧਕ ਹੀ ਜਵਾਬਦੇਹ ਹਨ। ਸੰਗਤ ਨੂੰ ਅਪੀਲ ਹੈ ਕਿ ਕਿਸੇ ਵੀ ਤਰ੍ਹਾਂ ਦੇ ਝੂਠੇ ਪ੍ਰਚਾਰ ਤੋਂ ਸੁਚੇਤ ਰਹੇ ਅਤੇ ਫ਼ਿਲਮ ਦੇ ਪ੍ਰਬੰਧਕਾਂ ਨੂੰ ਵੀ ਬੇਨਤੀ ਹੈ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਹੀ ਫ਼ਿਲਮ ਸਬੰਧੀ ਕੋਈ ਫੈਸਲਾ ਲੈਣ।
ਸੰਗਤ ਨੂੰ ਇਹ ਵੀ ਯਾਦ ਕਰਵਾਇਆ ਜਾਂਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਮਤੇ ਰਾਹੀਂ ਗੁਰੂ ਸਾਹਿਬਾਨ, ਉਨ੍ਹਾਂ ਦੇ ਪਰਿਵਾਰ ਅਤੇ ਸਾਹਿਬਜ਼ਾਦਿਆਂ ਬਾਰੇ ਕਿਸੇ ਵੀ ਤਰ੍ਹਾਂ ਦੇ ਫਿਲਮਾਂਕਣ 'ਤੇ ਰੋਕ ਲਗਾਈ ਹੋਈ ਹੈ।
ਪਿਛਲੇ ਸਾਲ ਵੀ ਇਸ ਫਿਲਮ 'ਤੇ ਇਤਰਾਜ਼ ਲਗਾਇਆ ਗਿਆ ਸੀ ਜਿਸ ਕਾਰਨ ਫਿਲਮ ਮੇਕਰਜ਼ ਇਸ ਨੂੰ ਰਿਲੀਜ਼ ਨਹੀਂ ਕਰ ਪਾਏ ਸਨ ਤੇ ਹੁਣ ਫਿਰ ਸ਼੍ਰੋਮਣੀ ਕਮੇਟੀ ਲੇ ਸਾਫ਼ ਕਹਿ ਦਿੱਤਾ ਹੈ ਕਿ ਸਾਡੇ ਤੋਂ ਕੋਈ ਮਨਜ਼ੂਰੀ ਨਹੀਂ ਲਈ ਗਈ। ਹਲਾਕਿ ਫਿਲਮ ਮੇਕਰਜ਼ ਦਾ ਦਾਅਵਾ ਹੈ ਕਿ ਪਿਛਲੀ ਵਾਰ ਕੁੱਝ ਦਸਤਾਵੇਜ਼ਾਂ ਦੀ ਘਾਟ ਕਾਰਨ ਸ਼੍ਰੋਮਣੀ ਕਮੇਟੀ ਨੇ ਮਨਜ਼ੂਰੀ ਨਹੀਂ ਦਿੱਤੀ ਸੀ ਪਰ ਹੁਣ ਸਾਰੇ ਡਾਕੂਮੈਂਟ ਦੇ ਦਿੱਤੇ ਹਨ।
ਕਿਉਂ ਹੋ ਰਿਹਾ ਵਿਰੋਧੀ
‘ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ, ‘ਆਵਾਜ਼-ਏ-ਕੌਮ’ ਜੱਥੇਬੰਦੀ ਅਤੇ ਜਲੰਧਰ ਦੀਆਂ ਸਿੰਘ ਸਭਾਵਾਂ ਅਤੇ ਸਮੂਹ ਜਥੇਬੰਦੀਆਂ ਵੱਲੋਂ ‘ਦਾਸਤਾਨ-ਏ-ਸਰਹਿੰਦ’ ਫ਼ਿਲਮ ਦਾ ਵਿਰੋਧ ਕਰਦਿਆਂ ਕਿਹਾ ਗਿਆ ਸੀ ਕਿ ਇਸ ਤਰ੍ਹਾਂ ਕਾਰਟੂਨ ਫ਼ਿਲਮਾਂ ਦਾ ਸਹਾਰਾ ਲੈ ਕੇ ਸਿੱਖਾਂ ਨੂੰ ਬੁੱਤਪ੍ਰਸਤੀ ਵੱਲ ਧੱਕਿਆ ਜਾ ਰਿਹਾ ਹੈ, ਪਰ ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਇਸ ਫ਼ਿਲਮ ਦਾ ਜ਼ੋਰਦਾਰ ਵਿਰੋਧ ਕਰਦਿਆਂ ਇਸਨੂੰ ਰਿਲੀਜ਼ ਨਹੀਂ ਹੋਣ ਦਿੱਤਾ ਜਾਵੇਗਾ।
ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੇ ਕਿਹਾ ਕੇ ਪੰਥ ਨੂੰ ਇੱਕ ਮਜਬੂਤ ਪੈਨਲ ਬਨਾਉਣਾ ਚਾਹੀਦਾ ਹੈ ਜੋ ਬੜੀ ਦੂਰ ਅੰਦੇਸ਼ੀ ਨਾਲ ਨਵੀਂ ਤਕਨੀਕ ਨਾਲ ਸਿੱਖੀ ਦਾ ਪਰਚਾਰ ਕਰਨ ਵਾਲੀਆਂ ਗਤੀ ਵਿਧੀਆਂ ਨੂੰ ਦੇਖੇ ਜਿਸ ਵਿੱਚ ਸ਼੍ਰੋਮਣੀ ਕਮੇਟੀ ਦੀ ਐਗਜੈਕਟਿਵ ਦੀ ਤਰਾਂ ਵਿਰੋਧੀ ਵਿਚਾਰਾਂ ਦੇ ਮੈਂਬਰ ਵੀ ਲਏ ਜਾਣ ਤਾਂ ਜੋ ਆਪਸੀ ਪਾਟੋਧਾੜ ਤੋਂ ਬੱਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਭਾਵੇਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਪੈਨਲ ਪਹਿਲਾਂ ਵੀ ਹੈ ਪਰ ਪਿੱਛਲੇ ਲੰਮੇ ਸਮੇ ਤੋਂ ਉਸ ਦੀ ਭੂਮਿਕਾ ਪੰਥ ਦੀਆਂ ਭਾਵਨਾਮਾਂ ਦੀ ਤਰਜਮਾਨੀ ਨਹੀ ਕਰ ਰਹੀ।
ਫ਼ਿਲਮ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਐਨੀਮੇਸ਼ਨ ਰਾਹੀਂ ਪਰਦੇ ਉੱਤੇ ਦਿਖਾਇਆ ਗਿਆ ਹੈ। ਇਸੇ ਗੱਲ ਉੱਤੇ ਇਤਰਾਜ਼ ਹੈ। ਪਿਛਲੇ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਇੱਕ ਵਫ਼ਦ ਮਿਲਿਆ ਸੀ ਜਿਸ ਨੇ ਫ਼ਿਲਮ ਉੱਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ।
''ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇਹ ਹੁਕਮ ਹੈ ਕਿ ਗੁਰਮਤਿ ਰਵਾਇਤ ਅਨੁਸਾਰ ਗੁਰੂ ਸਾਹਿਬਾਨ, ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ, ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਿਤ ਮਹਾਨ ਗੁਰਸਿੱਖਾਂ ਅਤੇ ਸ਼ਹੀਦਾਂ ਦੀਆਂ ਮੂਰਤਾਂ ਬਣਾਉਣੀਆਂ ਜਾਂ ਉਨ੍ਹਾਂ ਦੀ ਨਕਲ ਕਰਨੀ, ਸਵਾਂਗ ਰਚਣ ਦੀ ਸਖ਼ਤ ਮਨਾਹੀ ਹੈ।''