ਜ਼ੀਰਾ ਸ਼ਰਾਬ ਫੈਕਟਰੀ ਬਾਰੇ ਹੋਸ਼ ਉਡਾ ਦੇਣ ਵਾਲਾ ਖੁਲਾਸਾ, ਫੈਕਟਰੀ ਤੋਂ ਇੱਕ ਕਿਲੋਮੀਟਰ ਤੱਕ ਫੈਲਿਆ ਧਰਤੀ ਹੇਠਲੇ ਪਾਣੀ 'ਚ 'ਜਹਿਰ'
ਸੀਪੀਸੀਬੀ ਦੀ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ਵਿੱਚ ਲੱਗੀ ਮਾਲਬਰੋਜ਼ ਸ਼ਰਾਬ ਫ਼ੈਕਟਰੀ ਪਾਣੀ ਨੂੰ ਪ੍ਰਦੂਸ਼ਿਤ ਕਰ ਰਹੀ ਸੀ। ਫੈਕਟਰੀ ਤੋਂ ਇੱਕ ਕਿਲੋਮੀਟਰ ਦੀ ਦੂਰੀ ’ਤੇ ਪੈਂਦੇ ਪਿੰਡ ਰਟੌਲ ਰੋਹੀ ਦੀ ਜ਼ਮੀਨ ਹੇਠਲੇ...
Punjab News: ਜ਼ੀਰਾ ਸ਼ਰਾਬ ਫੈਕਟਰੀ ਬਾਰੇ ਵੱਡਾ ਖੁਲਾਸਾ ਹੋਇਆ ਹੈ। ਹੋਸ਼ ਉਡਾ ਦੇਣ ਵਾਲਾ ਇਹ ਖੁਲਾਸਾ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੇ ਕੀਤਾ ਹੈ। ਸੀਪੀਸੀਬੀ ਦੀ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ਵਿੱਚ ਲੱਗੀ ਮਾਲਬਰੋਜ਼ ਸ਼ਰਾਬ ਫ਼ੈਕਟਰੀ ਪਾਣੀ ਨੂੰ ਪ੍ਰਦੂਸ਼ਿਤ ਕਰ ਰਹੀ ਸੀ। ਫੈਕਟਰੀ ਤੋਂ ਇੱਕ ਕਿਲੋਮੀਟਰ ਦੀ ਦੂਰੀ ’ਤੇ ਪੈਂਦੇ ਪਿੰਡ ਰਟੌਲ ਰੋਹੀ ਦੀ ਜ਼ਮੀਨ ਹੇਠਲੇ ਪਾਣੀ ਵਿੱਚ ਸਾਇਨਾਈਡ ਹੋਣ ਦੇ ਸਬੂਤ ਮਿਲੇ ਹਨ।
ਦੱਸ ਦਈਏ ਕਿ ਪਿੰਡ ਮਨਸੂਰਵਾਲ ਕਲਾਂ ਵਿੱਚ 10 ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਇਲਾਕਾ ਵਾਸੀਆਂ ਤੇ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਨੂੰ ਹੁਣ ਬੂਰ ਪੈਂਦਾ ਨਜ਼ਰ ਆਉਣ ਲੱਗ ਪਿਆ ਹੈ। ਜਾਂਚ ਅਧਿਕਾਰੀਆਂ ਦੀ ਰਿਪੋਰਟ ਨੇ ਫ਼ੈਕਟਰੀ ਨੂੰ ਪੱਕੇ ਤੌਰ ’ਤੇ ਬੰਦ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ 17 ਮਈ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਸੱਤ ਬਿੰਦੂਆਂ ’ਤੇ ਧਿਆਨ ਕੇਂਦਰਿਤ ਕਰਕੇ 45 ਦਿਨਾਂ ਦੇ ਅੰਦਰ ਕਾਰਵਾਈ ਰਿਪੋਰਟ ਮੰਗੀ ਹੈ।
ਦੂਜੇ ਪਾਸੇ ਸਾਂਝੇ ਮੋਰਚਾ ਦੀ ਅਗਵਾਈ ਹੇਠ ਫ਼ੈਕਟਰੀ ਦੇ ਬਾਹਰ ਲੱਗਾ ਧਰਨਾ ਅਜੇ ਵੀ ਜਾਰੀ ਹੈ ਤੇ ਪ੍ਰਦਰਸ਼ਕਾਰੀ ਇਸ ਨੂੰ ਮੁਕੰਮਲ ਬੰਦ ਕਰਨ ਲਈ ਪੰਜਾਬ ਸਰਕਾਰ ਪਾਸੋਂ ਲਿਖਤੀ ਹੁਕਮ ਜਾਰੀ ਕਰਨ ਦੀ ਮੰਗ ਕਰ ਰਹੇ ਹਨ। ਕੌਮੀ ਗਰੀਨ ਟ੍ਰਿਬਿਊਨਲ (ਐਨਜੀਟੀ) ਨੂੰ ਸੌਂਪੀ ਰਿਪੋਰਟ ਵਿਚ ਸੀਪੀਸੀਸਬੀ ਨੇ ਸੰਕੇਤ ਦਿੱਤਾ ਹੈ ਕਿ ਜ਼ੀਰਾ ਈਥਾਨੌਲ ਪਲਾਂਟ ਅੰਦਰ ਤੇ ਉਸ ਦੇ ਆਲੇ ਦੁਆਲੇ ਤੋਂ ਲਏ ਗਏ ਪਾਣੀ ਦੇ 29 ਨਮੂਨਿਆਂ ਵਿਚੋਂ ਕੋਈ ਵੀ ਪਾਣੀ ਮਨੁੱਖਾਂ ਦੇ ਪੀਣਯੋਗ ਨਹੀਂ ਹੈ।
ਜਾਂਚ ਦੌਰਾਨ ਇਸ ਦੇ ਇੱਕ ਦਰਜਨ ਬੋਰਾਂ ਵਿਚੋਂ ਬਦਬੂਦਾਰ ਪਾਣੀ ਜਦਕਿ ਪੰਜਾਂ ਵਿਚੋਂ ਗਰੇਅ ਰੰਗ ਦਾ ਪਾਣੀ ਮਿਲਿਆ ਹੋਣ ਦੀ ਪੁਸ਼ਟੀ ਹੋਈ। ਪਾਣੀ ਵਿੱਚ ਭਾਰੇ ਰਸਾਇਣਿਕ ਤੱਤ ਵੀ ਵੱਡੀ ਮਾਤਰਾ ਵਿਚ ਮੌਜੂਦ ਪਾਏ ਗਏ ਹਨ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਸਬੰਧਤ ਅਧਿਕਾਰੀਆਂ ਦੀ ਪ੍ਰਵਾਨਗੀ ਤੋਂ ਬਿਨਾਂ ਹੀ ਈਥਾਨੌਲ ਪਲਾਂਟ ਦੇ ਅੰਦਰ ਦਸ ਬੋਰਵੈੱਲ ਤੇ ਛੇ ਪੀਜ਼ੋਮੀਟਰ ਸਥਾਪਤ ਕੀਤੇ ਗਏ ਸਨ।
ਸੀਪੀਸੀਬੀ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਫ਼ੈਕਟਰੀ ਪ੍ਰਬੰਧਕਾਂ ਨੇ ਫ਼ੈਕਟਰੀ ਅੰਦਰ 25 ਡੂੰਘੇ ਬੋਰਵੈੱਲਾਂ ਨੂੰ ਜ਼ਹਿਰੀਲੇ ਪਾਣੀ ਨਾਲ ਭਰ ਦਿੱਤਾ ਸੀ, ਜਿਸ ਕਾਰਨ ਪੰਦਰਾਂ ਕਿਲੋਮੀਟਰ ਦੇ ਦਾਇਰੇ ਵਿਚ ਪਾਣੀ ਪ੍ਰਦੂਸ਼ਿਤ ਹੋ ਗਿਆ ਜਿਸ ਨਾਲ ਲੋਕਾਂ ਨੂੰ ਪੀਣ ਵਾਲੇ ਪਾਣੀ ਤੇ ਸਿੰਚਾਈ ਵਾਸਤੇ ਪਾਣੀ ਵਰਤਣ ਵਿੱਚ ਦਿੱਕਤ ਖੜ੍ਹੀ ਹੋ ਗਈ। ਪ੍ਰਦੂਸ਼ਿਤ ਪਾਣੀ ਨੇ ਕਈ ਜਾਨਵਰਾਂ ਦੀ ਜਾਨ ਲੈ ਲਈ ਹੈ ਤੇ ਲੋਕ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।