(Source: ECI/ABP News/ABP Majha)
ਸਿੱਧੂ ਮੂਸੇਵਾਲਾ ਕਤਲ ਬਾਰੇ ਵੱਡਾ ਖੁਲਾਸਾ! ਕਤਲ ਤੋਂ ਡੇਢ ਮਹੀਨੇ ਬਾਅਦ ਵੀ ਪੁਲਿਸ ਨਹੀਂ ਲੱਭ ਸਕੀ ਹਥਿਆਰ
ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਹੱਤਿਆ ਲਈ ਇੱਕ ਏਕੇ-47, 30 ਬੋਰ ਦਾ ਪਿਸਤੌਲ ਤੇ ਨੌਂ ਐਮਐਮ ਦੇ ਚਾਰ ਜਾਂ ਪੰਜ ਪਿਸਤੌਲ ਵਰਤੇ ਗਏ। ਹੈਰਾਨੀ ਦੀ ਗੱਲ ਹੈ ਕਤਲ ਤੋਂ ਡੇਢ ਮਹੀਨਾ ਬਾਅਦ ਵੀ ਪੁਲਿਸ ਹਥਿਆਰ ਨਹੀਂ ਲੱਭ ਸਕੀ
ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਬਾਰੇ ਵੱਡਾ ਖੁਲਾਸਾ ਹੋਇਆ ਹੈ। ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗਾਇਕ ਦੀ ਹੱਤਿਆ ਲਈ ਇੱਕ ਏਕੇ-47, ਇੱਕ 30 ਬੋਰ ਦਾ ਪਿਸਤੌਲ ਤੇ ਨੌਂ ਐਮਐਮ ਦੇ ਚਾਰ ਜਾਂ ਪੰਜ ਪਿਸਤੌਲ ਵਰਤੇ ਗਏ ਸਨ। ਹੈਰਾਨੀ ਦੀ ਗੱਲ ਹੈ ਕਿ ਕਤਲ ਤੋਂ ਡੇਢ ਮਹੀਨਾ ਬਾਅਦ ਵੀ ਪੁਲਿਸ ਹਥਿਆਰ ਨਹੀਂ ਲੱਭ ਸਕੀ।
ਪੁਲਿਸ ਦਾਅਵਾ ਕਰ ਰਹੀ ਹੈ ਕਿ ਕਤਲ ਕਰਨ ਵਾਲੇ ਪ੍ਰਿਆਵਰਤ ਫੌਜੀ, ਕਸ਼ਿਸ਼, ਅੰਕਿਤ ਤੇ ਸਚਿਨ ਭਿਵਾਨੀ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਪਰ ਤਿੰਨ ਹੋਰ ਸ਼ੂਟਰ ਜਗਰੂਪ ਰੂਪਾ, ਮਨਪ੍ਰੀਤ ਮਾਣੂ ਤੇ ਦੀਪਕ ਮੁੰਡੀ ਅਜੇ ਵੀ ਫਰਾਰ ਹਨ। ਇਹ ਵੀ ਅਹਿਮ ਹੈ ਕਿ ਪੁਲਿਸ ਨਿੱਤ ਨਵੇਂ ਖੁਲਾਸੇ ਕਰ ਰਹੀ ਹੈ ਪਰ ਕਤਲ ਲਈ ਵਰਤੇ ਹਥਿਆਰ ਬਰਾਮਦ ਨਹੀਂ ਕਰ ਸਕੀ।
ਪੁਲਿਸ ਸੂਤਰਾਂ ਮੁਤਾਬਕ ਕਾਰਤੂਸਾਂ ਦੀ ਫੋਰੈਂਸਿਕ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਏਕੇ-47 ਤੇ ਪਿਸਤੌਲ ਵਰਤੇ ਗਏ ਹਨ। ਸ਼ੂਟਰਾਂ ਨੇ ਤਿੰਨ ਦਰਜਨ ਤੋਂ ਵੱਧ ਗੋਲੀਆਂ ਕਾਰ ਉਤੇ ਮਾਰੀਆਂ ਸਨ। ਕਈ ਹੋਰ ਗੋਲੀਆਂ ਨੇੜਲੇ ਘਰਾਂ ਦੀਆਂ ਕੰਧਾਂ ਵਿੱਚ ਫਸੀਆਂ ਤੇ ਕੁਝ ਖੇਤਾਂ ਵਿੱਚੋਂ ਮਿਲੀਆਂ ਹਨ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਸ਼ੂਟਰਾਂ ਨੇ ਹਥਿਆਰ ਹਰਿਆਣਾ ਵਿੱਚ ਇੱਕ ਵਿਅਕਤੀ ਨੂੰ ਸੌਂਪੇ ਤੇ ਮਗਰੋਂ ਵੱਖ-ਵੱਖ ਥਾਵਾਂ ਵੱਲ ਫਰਾਰ ਹੋ ਗਏ।
ਪੁਲਿਸ ਨੇ ਇਸ ਮਾਮਲੇ ਵਿੱਚ ਗ੍ਰੇਨੇਡ ਲਾਂਚਰ ਦੇ ਨਾਲ 8 ਗ੍ਰੇਨੇਡ, ਨੌਂ ਇਲੈਕਟ੍ਰਿਕ ਡੈਟੋਨੇਟਰਜ਼, ਇੱਕ ਅਸਾਲਟ ਰਾਈਫਲ ਤੇ 20 ਕਾਰਤੂਸ ਵੀ ਬਰਾਮਦ ਕੀਤੇ ਸਨ। ਇਸ ਤੋਂ ਇਲਾਵਾ ਤਿੰਨ ਅਤਿ-ਆਧੁਨਿਕ ਪਿਸਤੌਲ ਵੀ ਮਿਲੇ ਸਨ। ਪੁਲਿਸ ਨੇ ਦੱਸਿਆ ਸੀ ਕਿ ਇਹ ਸਾਰਾ ਅਸਲਾ ਹਮਲਾਵਰਾਂ ਦੀ ਦੂਜੀ ਯੋਜਨਾ ਦਾ ਹਿੱਸਾ ਸੀ। ਜੇਕਰ ਹਥਿਆਰ ਕੰਮ ਨਾ ਕਰਦੇ ਤਾਂ ਗ੍ਰੇਨੇਡ ਦੀ ਵਰਤੋਂ ਵੀ ਕੀਤੀ ਜਾ ਸਕਦੀ ਸੀ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਦਿਨ ਦਹਾੜੇ ਮਾਨਸਾ ਦੇ ਪਿੰਡ ਜਵਾਹਰਕੇ `ਚ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਸੀ। ਉਨ੍ਹਾਂ ਦੀ ਮੌਤ ਦਾ ਪੰਜਾਬੀ ਇੰਡਸਟਰੀ ਨੂੰ ਡੂੰਘਾ ਸਦਮਾ ਲੱਗਿਆ ਸੀ। ਸਿਰਫ਼ ਪੰਜਾਬੀ ਇੰਡਟਸਰੀ ਹੀ ਨਹੀਂ, ਸਗੋਂ ਪੂਰੀ ਦੁਨੀਆ ਵਿੱਚ ਕਲਾਕਾਰਾਂ ਨੇ ਉਨ੍ਹਾਂ ਦੀ ਮੌਤ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ।
ਇਸ ਦੇ ਨਾਲ ਹੀ ਇਹ ਵੀ ਦਸ ਦਈਏ ਕਿ ਮੂਸੇਵਾਲਾ ਦੀ ਮੌਤ ਤੋਂ ਡੇਢ ਮਹੀਨੇ ਬਾਅਦ ਵੀ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲ ਸਕਿਆ ਹੈ। ਜਿਸ ਤੋਂ ਬਾਅਦ ਪੰਜਾਬੀ ਇੰਡਟਸਰੀ ਦੇ ਕਲਾਕਾਰਾਂ ਨੇ ਸਿੱਧੂ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਮੁੱਖ ਮੰਤਰੀ ਮਾਨ ਨੂੰ ਮਿਲਣ ਦਾ ਫ਼ੈਸਲਾ ਕੀਤਾ ਹੈ।