Singhu Border Murder: ਸਿੰਘੂ ਬਾਰਡਰ ਕਤਲ ਕੇਸ 'ਚ ਇੱਕ ਹੋਰ ਨਿਹੰਗ ਸਿੰਘ ਨੇ ਦਿੱਤੀ ਗ੍ਰਿਫ਼ਤਾਰੀ
ਸਿੰਘੂ ਬਾਰਡਰ ਤੇ ਸ਼ੁਕਰਵਾਰ ਨੂੰ ਹੋਏ ਕਤਲ ਮਗਰੋਂ ਇੱਕ ਹੋਰ ਨਿਹੰਗ ਸਿੰਘ ਨੇ ਸਰੰਡਰ ਕਰ ਦਿੱਤਾ ਹੈ।
ਜੰਡਿਆਲਾ ਗੁਰੂ: ਸਿੰਘੂ ਬਾਰਡਰ ਤੇ ਸ਼ੁਕਰਵਾਰ ਨੂੰ ਹੋਏ ਕਤਲ ਮਗਰੋਂ ਇੱਕ ਹੋਰ ਨਿਹੰਗ ਸਿੰਘ ਨੇ ਸਰੰਡਰ ਕਰ ਦਿੱਤਾ ਹੈ।ਨਿਹੰਗ ਨਰਾਇਣ ਸਿੰਘ ਨੇ ਜੰਡਿਆਲਾ ਗੁਰੂ ਦੇ ਪਿੰਡ ਅਮਰਕੋਟ ਤੋਂ ਗ੍ਰਿਫ਼ਤਾਰੀ ਦਿੱਤੀ ਹੈ।ਨਰਾਇਣ ਸਿੰਘ ਕਤਲ ਦਾ ਵਾਰਦਾਤ ਮਗਰੋਂ ਪਿੰਡ ਆ ਗਿਆ ਸੀ ਅਤੇ ਹੁਣ ਗੁਰੂ ਘਰ ਅਰਦਾਸ ਮਗਰੋਂ ਉਸ ਨੇ ਆਤਮ ਸਮਰਪਣ ਕੀਤਾ ਹੈ।ਇਸ ਤੋਂ ਪਹਿਲਾਂ ਨਿਹੰਗ ਸਿੰਘ ਸਰਬਜੀਤ ਸਿੰਘ ਨੇ ਕੱਲ੍ਹ ਸਰੰਡਰ ਕਰ ਦਿੱਤਾ ਸੀ।
ਸਿੰਘੂ ਬਾਰਡਰ ਕਤਲ ਕਾਂਡ 'ਚ ਮੁਲਜ਼ਮ ਨਿਹੰਗ ਸਿੰਘ ਸਰਬਜੀਤ ਸਿੰਘ ਨੂੰ 7 ਦਿਨਾਂ ਦਾ ਪੁਲਿਸ ਰਿਮਾਂਡ ਮਿਲਿਆ ਹੈ।ਨਿਹੰਗ ਸਰਬਜੀਤ ਸਿੰਘ ਨੇ ਸਿੰਘੂ ਬਾਰਡਰ ਕਤਲੇਆਮ ਮਾਮਲੇ ਵਿੱਚ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਸ਼ੁਕਰਵਾਰ ਨੂੰ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਸੀ। ਉਸਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਅਤੇ ਮੈਡੀਕਲ ਕਰਵਾਉਣ ਤੋਂ ਬਾਅਦ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ।ਸਰਬਜੀਤ ਸਿੰਘ ਨੇ ਪੁਲਿਸ ਦੇ ਸਾਹਮਣੇ ਦਾਅਵਾ ਕੀਤਾ ਕਿ ਉਹ ਇਸ ਕਤਲ ਦੇ ਪਿੱਛੇ ਸੀ।ਉਸ ਨੇ ਹੱਥ ਕੱਟਣ ਅਤੇ ਕਤਲ ਦੀ ਜ਼ਿੰਮੇਵਾਰੀ ਲਈ ਹੈ।
ਪੁਲਿਸ ਦੇ ਅਨੁਸਾਰ, ਹੁਣ ਸਰਬਜੀਤ ਤੋਂ ਪੁੱਛਗਿੱਛ ਵਿੱਚ ਇਹ ਪਤਾ ਲਗਾਇਆ ਜਾਵੇਗਾ ਕਿ ਉਸ ਸਮੇਂ ਉਸਦੇ ਨਾਲ ਉੱਥੇ ਹੋਰ ਕੌਣ ਮੌਜੂਦ ਸੀ। ਪੁਲਿਸ ਉਨ੍ਹਾਂ ਸਾਰੇ ਵੀਡੀਓਜ਼ ਨੂੰ ਵੀ ਸਕੈਨ ਕਰ ਰਹੀ ਹੈ ਜਿਨ੍ਹਾਂ ਵਿੱਚ ਇਹ ਪਾਇਆ ਜਾ ਰਿਹਾ ਹੈ ਕਿ ਕਤਲ ਕਿੰਨੀ ਬੇਰਹਿਮੀ ਨਾਲ ਕੀਤਾ ਗਿਆ ਸੀ। ਪੁਲਿਸ ਨੇ ਕਿਹਾ ਕਿ ਜਾਂਚ ਵਿੱਚ ਹੋਰ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਜੇਕਰ ਕੋਈ ਆਰੋਪੀ ਕਤਲ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਸ਼ੁੱਕਰਵਾਰ ਸਵੇਰੇ ਇੱਕ ਅਣਪਛਾਤੇ ਮ੍ਰਿਤਕ ਦੀ ਲਾਸ਼ ਸਿੰਘੂ ਸਰਹੱਦ 'ਤੇ ਪੁਲਿਸ ਬੈਰੀਕੇਡ ਨਾਲ ਬੰਨ੍ਹੀ ਹੋਈ ਮਿਲੀ ਸੀ। ਮ੍ਰਿਤਕ ਦੇਹ ਦਾ ਇੱਕ ਹੱਥ ਕੱਟਿਆ ਗਿਆ ਸੀ।ਮੌਕੇ 'ਤੇ ਪਹੁੰਚੀ ਪੁਲਿਸ ਟੀਮ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।ਦੋਸ਼ ਹੈ ਕਿ ਇਹ ਵਿਅਕਤੀ ਸਿੱਖ ਧਾਰਮਿਕ ਪਵਿੱਤਰ ਗ੍ਰੰਥ ਦਾ ਅਪਮਾਨ ਕਰਦਾ ਫੜਿਆ ਗਿਆ ਸੀ, ਜਿਸ ਤੋਂ ਬਾਅਦ ਨਿਹੰਗਾਂ ਨੇ ਉਸ ਦੀ ਹੱਤਿਆ ਕਰ ਦਿੱਤੀ।
ਇਸ ਤੋਂ ਪਹਿਲਾਂ ਹਰਿਆਣਾ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਤਰਨਤਾਰਨ ਜ਼ਿਲ੍ਹੇ ਦੇ ਚੀਮਾ ਖੁਰਦ ਪਿੰਡ ਦੇ 35-36 ਸਾਲ ਦੇ ਮਜ਼ਦੂਰ ਲਖਬੀਰ ਸਿੰਘ ਵਜੋਂ ਹੋਈ ਹੈ। ਉਹ ਅਨੁਸੂਚਿਤ ਜਾਤੀ ਦਾ ਸੀ। ਸੋਨੀਪਤ ਦੇ ਡੀਐਸਪੀ ਹੰਸਰਾਜ ਨੇ ਦੱਸਿਆ ਕਿ ਸਵੇਰੇ 5 ਵਜੇ ਕੁੰਡਲੀ ਥਾਣੇ ਵਿੱਚ ਸੂਚਨਾ ਮਿਲੀ ਸੀ ਕਿ ਕਿਸਾਨ ਅੰਦੋਲਨ ਦੇ ਮੰਚ ਦੇ ਨਜ਼ਦੀਕ ਇੱਕ ਵਿਅਕਤੀ ਦੇ ਹੱਥ -ਪੈਰ ਵੱਢਕੇ ਬੈਰੀਕੇਡ ਨਾਲ ਬਨ੍ਹ ਦਿੱਤਾ ਗਿਆ ਹੈ।