Badal vs Maan: ਬਾਦਲ ਦੇ ਸੁੱਖ ਵਿਲਾਸ ਤੇ ਭੱਖੀ ਸਿਆਸਤ, ਅਕਾਲੀ ਦਲ ਨੇ ਕਿਹਾ CM ਮਾਨ ਤੇ ਹੱਥ ਖੂਨ ਨਾਲ ਰੰਗੇ
Badal vs Maan: ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁੱਖ ਵਿਲਾਸ ਹੋਟਲ ਦੇ ਮਾਮਲੇ ਵਿਚ ਕੀਤੇ ਦਾਅਵਿਆਂ ਨੂੰ ਚੁਣੌਤੀ ਦਿੱਤੀ ਅਤੇ ਕਿਹਾ ਕਿ ਉਹ ਸਾਬਤ ਕਰਨ ਕਿ ਮੈਟਰੋ ਇਕੋ ਗ੍ਰੀਨਜ਼ ਨੇ 8 ਕਰੋੜ ਰੁਪਏ ਦਾ ਲਾਭ ਹਾਸਲ ਕੀਤਾ
ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁੱਖ ਵਿਲਾਸ ਹੋਟਲ ਦੇ ਮਾਮਲੇ ਵਿਚ ਕੀਤੇ ਦਾਅਵਿਆਂ ਨੂੰ ਚੁਣੌਤੀ ਦਿੱਤੀ ਅਤੇ ਕਿਹਾ ਕਿ ਉਹ ਸਾਬਤ ਕਰਨ ਕਿ ਮੈਟਰੋ ਇਕੋ ਗ੍ਰੀਨਜ਼ ਨੇ 8 ਕਰੋੜ ਰੁਪਏ ਦਾ ਲਾਭ ਹਾਸਲ ਕੀਤਾ ਤੇ 108 ਕਰੋੜ ਰੁਪਏ ਦਾ ਲਾਹਾ ਲੈਣ ਦੀ ਗੱਲ ਤਾਂ ਦੂਰ ਦੀ ਗੱਲ ਹੈ।
ਮੁੱਖ ਮੰਤਰੀ ਵੱਲੋਂ ਲਗਾਏ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਅਕਾਲੀ ਦਲ ਦੇ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਇਹ ਦੋਸ਼ ਸਿਰਫ ਮੁੱਖ ਮੰਤਰੀ ਵੱਲੋਂ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਨ ਅਤੇ ਵੱਖ-ਵੱਖ ਮੌਕਿਆਂ ’ਤੇ ਵਰਤੀ ਅਖੌਤੀ ਸਿਆਣਪ ਨਾਲ ਵਰਤਣ ਨਾਲ ਸਬੰਧਤ ਹੈ।
ਪਰਮਬੰਸ ਸਿੰਘ ਰੋਮਾਣਾ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਲਗਾਇਆ ਹਰ ਦੋਸ਼ ਝੂਠਾ ਹੈ ਅਤੇ ਜੇਕਰ ਉਹਨਾਂ ਨੇ ਮਾਮਲੇ ਵਿਚ ਮੁਆਫੀ ਨਾ ਮੰਗੀ ਤਾਂ ਫਿਰ ਉਹਨਾਂ ਨੂੰ ਮਾਣਹਾਨੀ ਦੇ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਕਿਹਾ ਕਿ ਸੁੱਖ ਵਿਲਾਸ ਦੇ ਖਿਲਾਫ ਦੋਸ਼ ਜਾਣ ਬੁੱਝ ਕੇ ਇਕ ਸਾਜ਼ਿਸ਼ ਅਧੀਨ ਲਗਾਏ ਗਏ ਹਨ।
ਉੱਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਜਿਹੜੀ ਨੀਤੀ ’ਤੇ ਮੁੱਖ ਮੰਤਰੀ ਨੇ ਸਵਾਲ ਚੁੱਕੇ ਹਨ, ਉਹ ਅੱਜ ਵੀ ਲਾਗੂ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅਸਲੀਅਤ ਇਹ ਹੈ ਕਿ ਪੰਜਾਬ ਸਰਕਾਰ ਨੇ ਨਿਸ਼ਚਿਤ ਨੀਤੀ ਅਧੀਨ ਛੋਟਾਂ ਦਿੱਤੀਆਂ ਹਨ। ੳਹਨਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਸੁੱਖ ਵਿਲਾਸ ਨਾਲੋਂ ਵੱਧ ਛੋਟਾਂ ਦਿੱਤੀਆਂ ਜਾ ਰਹੀਆਂ ਹਨ।
ਉਹਨਾਂ ਇਹ ਵੀ ਸਪਸ਼ਟ ਕੀਤਾ ਕਿ 8 ਹੋਟਲ ਤੇ 56 ਉਦਯੋਗਾਂ ਨੂੰ ਸਕੀਮ ਅਧੀਨ ਲਾਭ ਮਿਲਿਆ ਹੈ। ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਹੁਣ ਤੱਕ ਛੋਟਾਂ ਅਮਲ ਵਿਚ ਹਨ।
ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਆਪ ਸਰਕਾਰ ਵੱਲੋਂ ਉਲੀਕੀ ਨਵੀਂ ਪੰਜਾਬ ਰਾਜ ਉਦਯੋਗਿਕ ਤੇ ਵਪਾਰ ਵਿਕਾਸ ਨੀਤੀ ਲਈ ਅਗਲੇ 10 ਤੋਂ 15 ਸਾਲ ਤੱਕ ਛੋਟ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਇਸ ਤੋਂ ਸਪਸ਼ਟ ਸਾਬਤ ਹੈ ਕਿ ਮੁੱਖ ਮੰਤਰੀ ਜਾਂ ਤਾਂ ਸੂਬੇ ਦੀ ਉਦਯੋਗਿਕ ਨੀਤੀ ਲਈ ਦਿੱਤੀਆਂ ਜਾਂਦੀਆਂ ਛੋਟਾਂ ਪ੍ਰਤੀ ਅਣਜਾਣ ਹੈ ਜਾਂ ਫਿਰ ਜਾਣ ਬੁੱਝ ਕੇ ਝੂਠਾ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਬਜਾਏ ਅਜਿਹਿਆਂ ਹਰਕਤਾਂ ਕਰਨ ਦੇ ਮੁੱਖ ਮੰਤਰੀ ਨੂੰ ਇਹ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹਨਾਂ ਦੇ ਰਾਜ ਵਿਚ ਨਿਵੇਸ਼ ਕਿਉਂ ਘਟਿਆ ਹੈ।
ਰੋਮਾਣਾ ਨੇ ਕਿਹਾ ਕਿ ਮੁੱਖ ਮੰਤਰੀ ਕੋਰਾ ਝੂਠ ਬੋਲ ਰਹੇ ਹਨ ਕਿ ਸੁੱਖ ਵਿਲਾਸ ਹੋਟਲ ਵਾਸਤੇ 10 ਸਾਲਾਂ ਲਈ 108 ਕਰੋੜ ਰੁਪਏ ਦੀ ਛੋਟ ਦਿੱਤੀ ਗਈ। ਉਹਨਾਂ ਦਾਅਵਾ ਕੀਤਾ ਕਿ ਜਿਥੇ ਮੁੱਖ ਮੰਤਰੀ ਦਾਅਵਾ ਕਰ ਰਹੇ ਹਨ ਕਿ 85.84 ਕਰੋੜ ਰੁਪਏ ਦੇ ਐਸ ਜੀ ਐਸ ਟੀ/ਵੈਟ ਦੀ ਛੋਟ ਦਿੱਤੀ ਗਈ, ਉਥੇ ਅਸਲ ਵਿਚ 85 ਕਰੋੜ ਰੁਪਏ ਹੀ ਮੈਟਰੋ ਗ੍ਰੀਨ ਦੇ ਖਾਤੇ ਵਿਚ ਆਏ ਜਾਂ ਗਏ ਦਰਸਾਏ ਜਾ ਰਹੇ ਹਨ।
ਅਕਾਲੀ ਆਗੂ ਨੇ ਕਿਹਾ ਕਿ ਭਗਵੰਤ ਮਾਨ ਨੇ ਲਗਜ਼ਰੀ ਟੈਕਸ ਤੇ ਸਾਲਾਨਾ ਲਾਇਸੰਸ ਫਸ ਬਾਰੇ ਵੀ ਝੂਠ ਬੋਲਿਆ ਹੈ। ਉਹਨਾਂ ਕਿਹਾ ਕਿ ਜੁਲਾਈ 2017 ਤੋਂ ਕੇਂਦਰੀ ਮੰਤਰੀ ਮੰਡਲ ਨੇ ਲਗਜ਼ਰੀ ਟੈਕਸ ਖਤਮ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਮੈਟਰੋ ਗ੍ਰੀਨ ਨੇ 11.44 ਕਰੋੜ ਰੁਪਏ ਲਾਇਸੰਸ ਫੀਸ ਦਾ ਲਾਭ ਲਿਆ ਹੈ ਜਦੋਂ ਕਿ ਹੁਣ ਤੱਕ ਕੰਪਨੀ ਨੂੰ 79.90 ਲੱਖ ਰੁਪਏ ਦਾ ਹੀ ਲਾਭ ਮਿਲਿਆ ਹੈ।
ਪਰਮਬੰਸ ਸਿੰਘ ਰੋਮਾਣਾ ਨੇ ਮੁੱਖ ਮੰਤਰੀ ਵੱਲੋਂ ਮੁੱਖ ਹੋਟਲ ਤੱਕ ਬਣੀ ਸੜਕ ਦੇ ਦਾਅਵੇ ਵਿਚ ਕੀਤੇ ਦਾਅਵੇ ਨੂੰ ਲੀਰੋ ਲੀਰ ਕਰਦਿਆਂ ਕਿਹਾਕਿ ਹੋਟਲ ਨੇ 68.13 ਲੱਖ ਰੁਪਏ ਸੜਕ ਦੇ ਨਿਰਮਾਣ ਵਾਸਤੇ ਦਿੱਤੇ ਹਨ।
ਅਕਾਲੀ ਆਗੂ ਨੇ ਮੁੱਖ ਮੰਤਰੀ ’ਤੇ ਦੋਸ਼ ਲਗਾਇਆ ਕਿ ਉਹ ਹਮੇਸ਼ਾ ਸਿਆਸੀ ਲਾਹਾ ਖੱਟਣ ਵਾਸਤੇ ਝੂਠ ਬੋਲਦੇ ਹਨ ਤੇ ਕਿਹਾ ਕਿ ਸੱਚਾਈ ਇਹ ਹੈ ਕਿ ਪੀ ਐਲ ਪੀ ਏ ਤਹਿਤ ਐਨ ਓ ਸੀ ਸਿਰਫ ਤੇ ਸਿਰਫ ਭਾਰਤ ਸਰਕਾਰ ਅਦਾ ਕਰਦੀ ਹੈ ਤੇ ਇਸ ਵਿਚ ਰਾਜ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੁੰਦੀ। ਉਹਨਾਂ ਕਿਹਾ ਕਿ ਸੁੱਖ ਵਿਲਾਸ ਦੇ ਮਾਮਲੇ ਵਿਚ ਜੋ ਪ੍ਰਵਾਨਗੀਆਂ ਲੋੜੀਂਦੀਆਂ ਸਨ, ਉਹ 2008 ਤੋਂ 2011 ਤੱਕ ਕੇਂਦਰ ਸਰਕਾਰ ਤੋਂ ਮੰਗੀਆਂ ਗਈਆਂ ਸਨ। ਉਹਨਾਂ ਕਿਹਾ ਕਿ ਪੰਜਾਬ ਦੇ ਜੰਗਲਾਤ ਵਿਭਾਗ ਨੇ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਕੇਸਾਂ ਦਾ ਫੈਸਲਾ ਕੀਤਾ।
ਰੋਮਾਣਾ ਨੇ ਕਿਹਾ ਕਿ ਮੁੱਖ ਮੰਤਰੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਨੂੰ ਸੰਗਤਾਂ ਵੱਲੋਂ ਦਿੱਤੇ ਹੁੰਗਾਰੇ ਤੋਂ ਬੌਖਲਾ ਗਏ ਹਨ ਅਤੇ ਉਹਨਾਂ ਨੇ ਆਪਣੀ ਕੱਲ੍ਹ ਦੀ ਪ੍ਰੈਸ ਕਾਨਫਰੰਸ ਵਿਚ ਅਕਾਲੀ ਦਲ ਦੀ ਬਦਨਾਮੀ ਕਰਨ ਲਈ ਪੂਰਾ ਜ਼ੋਰ ਲਗਾਇਆ।
ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੁਸ਼ਾਸ਼ਨ ਅਧੀਨ ਪੰਜਾਬ ਕੰਗਾਲ ਹੋ ਗਿਆ ਹੈ ਤੇ ਆਪ ਸਰਕਾਰ ਨੇ ਦੋ ਸਾਲਾਂ ਵਿਚ ਹੀ 60 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਹੈ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਸਾਰੀਆਂ 23 ਫਸਲਾਂ ਐਮ ਐਸ ਪੀ ’ਤੇ ਖਰੀਦਣ ਦਾ ਵਾਅਦਾ ਕਰ ਕੇ ਇਸਨੂੰ ਪੂਰਾ ਨਾ ਕਰ ਕੇ ਕਿਸਾਨਾਂ ਨੂੰ ਫੇਲ੍ਹ ਕੀਤਾ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਗਰੀਬ ਵਰਗ ਨੂੰ ਸ਼ਗਨ ਸਕੀਮ, ਐਸ ਸੀ ਸਕਾਲਰਸ਼ਿਪ ਸਕੀਮ, ਤੇ ਮੁਫਤ ਸਾਈਕਲਾਂ ਸਮੇਤਹੋਰ ਸਕੀਮਾਂ ਦਾ ਲਾਭ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਸਮਾਜ ਦੇ ਹਰ ਵਰਗ ਨਾਲ ਧੋਖਾ ਕੀਤਾ ਹੈ।