ਆਉਣ ਵਾਲੇ ਸਮੇਂ ਵਿੱਚ ਸੋਹੀਆਂ ਬੀੜ ਵਿੱਚ 'ਕਾਲੇ ਹਿਰਨ' ਬਣਨਗੇ ਖਿੱਚ ਦਾ ਕੇਂਦਰ-ਅਰੋੜਾ
ਇਹ ਬੀੜ 700 ਏਕੜ ਤੋਂ ਵੀ ਵੱਧ ਖੇਤਰ ਵਿੱਚ ਫੈਲੀ ਹੋਈ ਹੈ ਜੋ ਕਿ ਛੱਤਬੀੜ ਤੋਂ ਵੀ ਜ਼ਿਆਦਾ ਹੈ। ਕੁਦਰਤੀ ਖ਼ੂਬਸੂਰਤੀ ਨਾਲ ਭਰਪੂਰ ਇਸ ਅਣਗੌਲੀ ਬੀੜ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਉੱਤੇ ਲੋਕਾਂ ਦੀ ਖਿੱਚ ਦਾ ਕੇਂਦਰ ਬਣਾਇਆ ਜਾਵੇਗਾ
ਚੰਡੀਗੜ੍ਹ: ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸੋਹੀਆਂ ਬੀੜ ਨੂੰ ਈਕੋ ਟੂਰਿਜ਼ਮ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ। ਅਰੋੜਾ ਨੇ ਇਹ ਪ੍ਰਗਟਾਵਾ ਅੱਜ ਚੀਫ਼ ਵਾਈਲਡ ਲਾਈਫ ਵਾਰਡਨ ਪੰਜਾਬ ਪ੍ਰਵੀਨ ਕੁਮਾਰ, ਮੁੱਖ ਵਣਪਾਲ ਵਾਈਲਡ ਲਾਈਫ ਗੀਤਾਂਜਲੀ, ਵਾਈਲਡ ਲਾਈਫ ਇੰਸਟੀਚਿਊਟ ਦੇਹਰਾਦੂਨ ਦੇ ਮਾਹਿਰਾਂ ਡਾ. ਹਬੀਬ ਬਿਲਾਲ ਤੇ ਡਾ. ਸਮਰਾਟ ਅਤੇ ਡਵੀਜ਼ਨਲ ਵਣ ਮੰਡਲ ਅਫ਼ਸਰ ਸ੍ਰੀਮਤੀ ਮੋਨਿਕਾ ਦੇਵੀ ਯਾਦਵ ਨਾਲ ਸੋਹੀਆਂ ਬੀੜ ਵਿਖੇ ਵਿਸਤ੍ਰਿਤ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਇਹ ਬੀੜ 700 ਏਕੜ ਤੋਂ ਵੀ ਵੱਧ ਖੇਤਰ ਵਿੱਚ ਫੈਲੀ ਹੋਈ ਹੈ ਜੋ ਕਿ ਛੱਤਬੀੜ ਤੋਂ ਵੀ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਖ਼ੂਬਸੂਰਤੀ ਨਾਲ ਭਰਪੂਰ ਇਸ ਅਣਗੌਲੀ ਬੀੜ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਉੱਤੇ ਲੋਕਾਂ ਦੀ ਖਿੱਚ ਦਾ ਕੇਂਦਰ ਬਣਾਉਣ ਲਈ ਉਹ ਜਲਦੀ ਹੀ ਇਸ ਮਾਮਲੇ ਬਾਰੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਜਾਣੂ ਕਰਵਾਉਣਗੇ ਅਤੇ ਫਿਰ ਮੁੱਖ ਮੰਤਰੀ ਵੱਲੋਂ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਇਸ ਬੀੜ ਦੀ ਦਿੱਖ ਨੂੰ ਸੰਵਾਰਨ ਦੀ ਪ੍ਰਵਾਨਗੀ ਲਈ ਜਾਵੇਗੀ।
@BhagwantMann g’sGovt intends2develop unattended Vil Sohian Bir(Sanctuary)in Sunam into ’Eco-Tourism-cum-Black Buck(Kala Hiran)Natural Habitat’ for which had a detailed meeting&round of Bir with Sen Officials of Forest&Wildlife Dept&Experts frm Wildlife Institute Dehradun pic.twitter.com/e2OweATmzt
— Aman Arora (@AroraAmanSunam) September 11, 2022
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਰਾਜ ਜਾਨਵਰ (ਸਟੇਟ ਐਨੀਮਲ) ਕਾਲੇ ਹਿਰਨ ਦੀ ਅਲੋਪ ਹੋ ਰਹੀ ਪ੍ਰਜਾਤੀ ਨੂੰ ਬਚਾਉਣ ਦੇ ਉਦਮ ਵਜੋਂ ਸੋਹੀਆਂ ਬੀੜ ਵਿਖੇ ਕਾਲੇ ਹਿਰਨ ਲਿਆਉਣ ਬਾਰੇ ਵੀ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਤਾਂ ਜੋ ਲੋਕ ਕਾਲੇ ਹਿਰਨ ਦੇਖਣ ਲਈ ਇਸ ਬੀੜ ਪ੍ਰਤੀ ਆਕਰਸ਼ਿਤ ਹੋ ਸਕਣ। ਉਨ੍ਹਾਂ ਕਿਹਾ ਕਿ ਜੰਗਲੀ ਜੀਵ ਅਤੇ ਵਣ ਮਾਹਿਰਾਂ ਦੀ ਰਾਏ ਅਨੁਸਾਰ ਇਸ ਬੀੜ ਵਿੱਚ ਅਜਿਹੇ ਰੁੱਖ ਵੀ ਲਗਾਏ ਜਾਣਗੇ ਜੋ ਜੀਵ ਜੰਤੂਆਂ ਦਾ ਬਸੇਰਾ ਬਣਨਗੇ ਅਤੇ ਇਸ ਸਥਾਨ ਦੀ ਖ਼ੂਬਸੂਰਤੀ ਵਿਚ ਹੋਰ ਵਾਧਾ ਕਰਨਗੇ।
ਕੈਬਨਿਟ ਮੰਤਰੀ ਨੇ ਕਿਹਾ ਲਗਭਗ ਦੋ ਢਾਈ ਮਹੀਨੇ ਪਹਿਲਾਂ ਉਨ੍ਹਾਂ ਵੱਲੋਂ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਸਮੇਤ ਇਸ ਬੀੜ ਦਾ ਦੌਰਾ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਉਹ ਲਗਾਤਾਰ ਇਸ ਬੀੜ ਦੇ ਕਾਇਆ ਕਲਪ ਲਈ ਜੰਗਲੀ ਜੀਵ ਅਤੇ ਵਣ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੋਹੀਆਂ ਬੀੜ ਨੂੰ ਈਕੋ ਟੂਰਿਜ਼ਮ ਵਜੋਂ ਵਿਕਸਤ ਕਰਨ ਲਈ ਮੁਢਲੇ ਤੌਰ ਉੱਤੇ ਖ਼ਾਕਾ ਤਿਆਰ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਸੁਧਾਰ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।