ਨਸ਼ਾ ਤਸਕਰਾਂ ਦੀ ਗੋਲੀ ਦੇ ਸ਼ਿਕਾਰ STF ਮੁਲਾਜ਼ਮ ਗੁਰਦੀਪ ਦਾ ਸਸਕਾਰ, STF ਮੁਖੀ ਸਿੱਧੂ ਨੇ ਦਿੱਤੀ ਸ਼ਰਧਾਂਜਲੀ
ਤਰਨ ਤਾਰਨ 'ਚ ਨਸ਼ਾ ਤਸਕਰਾਂ 'ਤੇ ਰੇਡ ਕਰਨ ਦੌਰਾਨ ਤਸਕਰਾਂ ਦੀ ਗੋਲੀ ਨਾਲ ਮਾਰੇ ਗਏ ਐਸਟੀਐਫ ਮੁਲਾਜ਼ਮ ਗੁਰਦੀਪ ਸਿੰਘ ਦਾ ਬੁੱਧਵਾਰ ਨੂੰ ਜਲੰਧਰ ਵਿੱਚ ਸਸਕਾਰ ਕਰ ਦਿੱਤਾ ਗਿਆ। ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਗੁਰਦੀਪ 2011 'ਚ ਪੰਜਾਬ ਪੁਲਿਸ 'ਚ ਜਲੰਧਰ 'ਚ ਭਰਤੀ ਹੋਏ ਸੀ।
ਤਰਨ ਤਾਰਨ: ਤਰਨ ਤਾਰਨ 'ਚ ਨਸ਼ਾ ਤਸਕਰਾਂ 'ਤੇ ਰੇਡ ਕਰਨ ਦੌਰਾਨ ਤਸਕਰਾਂ ਦੀ ਗੋਲੀ ਨਾਲ ਮਾਰੇ ਗਏ ਐਸਟੀਐਫ ਮੁਲਾਜ਼ਮ ਗੁਰਦੀਪ ਸਿੰਘ ਦਾ ਬੁੱਧਵਾਰ ਨੂੰ ਜਲੰਧਰ ਵਿੱਚ ਸਸਕਾਰ ਕਰ ਦਿੱਤਾ ਗਿਆ। ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਗੁਰਦੀਪ 2011 'ਚ ਪੰਜਾਬ ਪੁਲਿਸ 'ਚ ਜਲੰਧਰ 'ਚ ਭਰਤੀ ਹੋਏ ਸੀ। ਕੱਲ੍ਹ ਅੰਮ੍ਰਿਤਸਰ ਨੇੜੇ ਤਰਨ ਤਾਰਨ ਇਲਾਕੇ 'ਚ ਤਸਕਰਾਂ ਨੇ ਗੁਰਦੀਪ ਨੂੰ ਗੋਲੀਆਂ ਮਾਰ ਦਿੱਤੀਆਂ ਜਿਸ ਕਰਕੇ ਉਸ ਦੀ ਮੌਤ ਹੋ ਗਈ ਸੀ। ਗੁਰਦੀਪ ਦੇ ਦੋ ਬੇਟੇ ਹਨ। ਇੱਕ ਦੀ ਉਮਰ ਪੌਣੇ ਦੋ ਸਾਲ ਹੈ ਤੇ ਛੋਟਾ ਛੇ ਮਹੀਨੇ ਦਾ ਬੱਚਾ ਹੈ।
ਜਲੰਧਰ ਸ਼ਹਿਰ ਦੇ ਲੋਕਾਂ ਦੇ ਨਾਲ-ਨਾਲ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮਾਂ ਨੇ ਆਪਣੇ ਸਾਥੀ ਗੁਰਦੀਪ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਘਰ 'ਚ ਸਭ ਤੋਂ ਵੱਡਾ ਗੁਰਦੀਪ 2011 'ਚ ਪੁਲਿਸ ਮਹਿਕਮੇ 'ਚ ਭਰਤੀ ਹੋਇਆ ਸੀ। ਕੈਪਟਨ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਬਣਾਈ ਸਪੈਸ਼ਲ ਟਾਸਕ ਫੋਰਸ ਦੇ ਮੁੱਖੀ ਏਡੀਜੀਪੀ ਹਰਪ੍ਰੀਤ ਸਿੱਧੂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ। ਗੁਰਦੀਪ ਦੀ ਮੌਤ ਤੋਂ ਇੱਕ ਦਿਨ ਪਹਿਲਾਂ ਹਰਪ੍ਰੀਤ ਸਿੱਧੂ 'ਤੇ ਵੀ ਤਸਕਰਾਂ ਨੇ ਗੋਲੀ ਚਲਾਈ ਸੀ।
ਏਡੀਜੀਪੀ ਹਰਪ੍ਰੀਤ ਸਿੱਧੂ ਨੂੰ ਜਦੋਂ ਪੁੱਛਿਆ ਗਿਆ ਕਿ ਆਖਿਰ ਇਸ ਨਾਕਾਮਯਾਬ ਆਪ੍ਰੇਸ਼ਨ ਲਈ ਕੌਣ ਜ਼ੁੰਮੇਵਾਰ ਹੈ ਜਿਸ 'ਚ ਇੱਕ ਪੁਲਿਸ ਮੁਲਾਜ਼ਿਮ ਦੀ ਮੌਤ ਹੋ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਲੀਡ ਕਰਦੇ ਹਨ, ਇਸ ਲਈ ਸਾਰੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਬਹੁਤ ਸਾਰੀਆਂ ਸਥਿਤੀਆਂ ਵਿੱਚ ਕੰਮ ਕਰਨਾ ਹੁੰਦਾ ਹੈ। ਬਾਕੀ ਗੱਲਾਂ ਜਾਂਚ ਤੋਂ ਬਾਅਦ ਹੀ ਪਤਾ ਲੱਗਣਗੀਆਂ।
ਗੁਰਦੀਪ ਦੇ ਸੰਸਕਾਰ 'ਚ ਪਹੁੰਚੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਇਹ ਸਹੀ ਹੈ ਕਿ ਸਰਕਾਰ ਨੂੰ ਫਿਲਹਾਲ ਨਸ਼ਾ ਤਸਕਰਾਂ ਖਿਲਾਫ ਹੋਰ ਬਹੁਤ ਕੁੱਝ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੀ ਚੇਨ ਡਿਮਾਂਡ ਤੇ ਸਪਲਾਈ ਦਾ ਮਸਲਾ ਹੈ। ਜਦੋਂ ਤੱਕ ਡਿਮਾਂਡ ਰਹੇਗੀ ਉਦੋਂ ਤੱਕ ਸਪਲਾਈ ਵੀ ਰਹੇਗੀ। ਸਾਨੂੰ ਯੂਥ ਨੂੰ ਸਹੀ ਰਸਤੇ 'ਤੇ ਪਾ ਕੇ ਡਿਮਾਂਡ ਨੂੰ ਖਤਮ ਕਰਨਾ ਹੋਵੇਗਾ।