ਹੋਲਾ ਮਹੱਲਾ ਲਈ ਪੁਖਤਾ ਪ੍ਰਬੰਧ, 4000 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ, ਰੂਟ ਬਦਲੇ
ਜ਼ਿਲ੍ਹਾ ਰੂਪਨਗਰ ਦੇ ਐਸਐਸਪੀ ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਹਿਮਾਚਲ ਤੇ ਚੰਡੀਗੜ੍ਹ ਤੋਂ ਆਉਣ-ਜਾਣ ਵਾਲੀ ਟ੍ਰੈਫਿਕ ਜੋ ਸ੍ਰੀ ਅਨੰਦਪੁਰ ਸਾਹਿਬ ਤੋਂ ਹੋ ਕੇ ਲੰਘਦੀ ਸੀ, ਲਈ ਬਦਲਵੇਂ ਰੂਟਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

ਰੋਪੜ: ਜ਼ਿਲ੍ਹਾ ਰੂਪਨਗਰ ਪ੍ਰਸ਼ਾਸਨ ਵੱਲੋਂ ਹੋਲਾ ਮਹੱਲਾ ਨੂੰ ਲੈ ਕੇ ਸੰਗਤਾਂ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਜ਼ਿਲ੍ਹਾ ਰੂਪਨਗਰ ਦੇ ਐਸਐਸਪੀ ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਹਿਮਾਚਲ ਤੇ ਚੰਡੀਗੜ੍ਹ ਤੋਂ ਆਉਣ-ਜਾਣ ਵਾਲੀ ਟ੍ਰੈਫਿਕ ਜੋ ਸ੍ਰੀ ਅਨੰਦਪੁਰ ਸਾਹਿਬ ਤੋਂ ਹੋ ਕੇ ਲੰਘਦੀ ਸੀ, ਲਈ ਬਦਲਵੇਂ ਰੂਟਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਚੌਧਰੀ ਨੇ ਦੱਸਿਆ ਕਿ ਸ਼ਹਿਰ ਨੂੰ ਬਾਰਾਂ ਸੈਕਟਰਾਂ ਵਿੱਚ ਵੰਡਿਆ ਗਿਆ ਹੈ ਤੇ ਤਕਰੀਬਨ ਚਾਰ ਹਜ਼ਾਰ ਪੁਲਿਸ ਮੁਲਾਜ਼ਮ ਹੋਲਾ ਮਹੱਲਾ ਦੌਰਾਨ ਕੀਰਤਪੁਰ ਸਾਹਿਬ ਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਸੰਗਤ ਦੀ ਜਾਨ ਮਾਲ ਦੀ ਰਾਖੀ ਲਈ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਇਸ ਤੋਂ ਇਲਾਵਾ 125 ਦੇ ਕਰੀਬ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਤਾਂ ਜੋ ਹਰ ਵਿਅਕਤੀ ਤੇ ਅੱਖ ਰੱਖੀ ਜਾ ਸਕੇ ਤੇ ਕਿਸੇ ਵੀ ਗੈਰ ਸਮਾਜਿਕ ਅਨਸਰ ਨੂੰ ਕੋਈ ਸਮਾਜ ਵਿਰੋਧੀ ਗਤੀਵਿਧੀ ਨਾ ਕਰਨ ਦਿੱਤੀ ਜਾਵੇ।
SSP ਰੂਪਨਗਰ ਨੇ ਹੋਲਾ ਮਹੱਲਾ ਦੇ ਦੌਰਾਨ ਬਦਲਵੇਂ ਰੂਟਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਿਮਾਚਲ ਦੇ ਊਨਾ ਵੱਲੋਂ ਆਉਣ ਵਾਲੀ ਟ੍ਰੈਫਿਕ ਨੂੰ 26 ਤਾਰੀਖ ਨੂੰ ਨੰਗਲ ਤੋਂ ਹੀ ਵਾਇਆ ਨੂਰਪੁਰ ਬੇਦੀ ਰੋਪੜ ਹੈੱਡਵਰਕਸ ਵੱਲ ਡਾਇਵਰਟ ਕੀਤਾ ਜਾਵੇਗਾ ਤੇ ਇਸੇ ਤਰੀਕੇ ਚੰਡੀਗੜ੍ਹ ਤੋਂ ਰੋਪੜ ਹੁੰਦੇ ਹੋਏ ਆਉਣ-ਜਾਣ ਵਾਲੀ ਟ੍ਰੈਫਿਕ ਨੂੰ ਵੀ ਇਸੇ ਰਸਤੇ ਰਾਹੀਂ ਹਿਮਾਚਲ ਭੇਜਿਆ ਜਾਵੇਗਾ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇਹ ਬਦਲਵੇਂ ਰੂਟ 26 ਤਾਰੀਖ ਤੋਂ ਲੈ ਕੇ 29 ਤਾਰੀਖ ਤੱਕ ਲਾਗੂ ਰਹਿਣਗੇ।
ਐਸਐਸਪੀ ਨੇ ਸੰਗਤ ਨੂੰ ਅਪੀਲ ਕੀਤੀ ਕਿ ਸੰਗਤ ਹੋਲਾ ਮਹੱਲਾ ਦੇ ਦੌਰਾਨ ਜਦੋਂ ਸ੍ਰੀ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਤੋਂ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਕੋਰੋਨੋਵਾਇਰਸ ਸਬੰਧੀ ਦਿੱਤੀਆਂ ਗਈਆਂ ਹਦਾਇਤਾਂ ਦਾ ਪਾਲਣ ਕਰੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :




















