ਸੁੱਚਾ ਲੰਗਾਹ ਬਲਾਤਕਾਰ ਮਾਮਲੇ 'ਚੋਂ ਬਰੀ
ਚੰਡੀਗੜ੍ਹ: ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸੁੱਚਾ ਸਿੰਘ ਲੰਗਾਹ ਨੂੰ ਅਦਾਲਤ ਨੇ ਵੱਡੀ ਰਾਹਤ ਦਿੰਦਿਆਂ ਬਲਾਤਕਾਰ ਮਾਮਲੇ 'ਚੋਂ ਬਰੀ ਕਰ ਦਿੱਤਾ ਹੈ। ਗੁਰਦਾਸਪੁਰ ਸੈਸ਼ਨਜ਼ ਕੋਰਟ ਨੇ ਅੱਜ ਇਹ ਫੈਸਲਾ ਸੁਣਾਇਆ ਹੈ। ਦੱਸ ਦੇਈਏ ਕਿ ਇਸ ਮਾਮਲੇ 'ਚ ਸ਼ਿਕਾਇਤਕਰਤਾ ਮਹਿਲਾ ਆਪਣੇ ਬਿਆਨਾਂ ਤੋਂ ਮੁੱਕਰ ਗਈ ਸੀ।
ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲੰਗਾਹ ਨੂੰ ਸ਼੍ਰੋਮਣੀ ਕਮੇਟੀ ਦੇ ਸਾਰਿਆਂ ਅਹੁਦਿਆਂ ਤੋਂ ਅਸਤੀਫਾ ਦੇਣਾ ਪਿਆ ਸੀ। ਇੱਥੋਂ ਤੱਕ ਕਿ ਇਸ ਕੇਸ ਕਾਰਨ ਲੰਗਾਹ ਨੂੰ ਅਕਾਲ ਤਖ਼ਤ ਵੱਲੋਂ ਪੰਥ 'ਚੋਂ ਵੀ ਛੇਕਿਆ ਜਾ ਚੁੱਕਾ ਹੈ।
ਲੰਗਾਹ ਨੇ ਅਦਾਲਤ ਦੇ ਫੈਸਲੇ ਦੇ ਸੰਤੁਸ਼ਟੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਵਿਰੋਧੀਆਂ ਲਈ ਕਰਾਰਾ ਜਵਾਬ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋ ਕੇ ਆਪਣਾ ਪੱਖ ਰੱਖਣਗੇ ਤੇ ਆਪਣੇ ਆਪ ਨੂੰ ਪੰਥ ਵਿੱਚ ਮੁੜ ਸ਼ਾਮਲ ਕਰਨ ਦੀ ਅਪੀਲ ਕਰਨਗੇ।
ਕੀ ਸੀ ਬਲਾਤਕਾਰ ਦਾ ਮਾਮਲਾ
ਜ਼ਿਕਰਯੋਗ ਹੈ ਕਿ ਗੁਰਦਾਸਪੁਰ ਜ਼ਿਮਨੀ ਚੋਣ ਤੋਂ ਐਨ ਪਹਿਲਾਂ ਜ਼ਿਲ੍ਹਾ ਗੁਰਦਾਸਪੁਰ ਦੀ ਰਹਿਣ ਵਾਲੀ ਇੱਕ ਵਿਧਵਾ ਔਰਤ ਨੇ ਲੰਗਾਹ 'ਤੇ ਬਲਾਤਕਾਰ ਦਾ ਇਲਜ਼ਾਮ ਲਾਇਆ ਸੀ। ਉਕਤ ਮਾਮਲੇ ਦਾ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵੀ ਖੂਬ ਵਾਇਰਲ ਹੋਇਆ ਸੀ। ਆਪਣੀ ਸ਼ਿਕਾਇਤ 'ਚ ਮਹਿਲਾ ਨੇ ਕਿਹਾ ਸੀ ਕਿ ਲੰਗਾਹ ਸਾਲ 2009 ਤੋਂ ਲੈ ਕੇ ਹੁਣ ਤੱਕ ਉਸ ਨਾਲ ਬਲਾਤਕਾਰ ਕਰ ਰਹੇ ਸਨ। ਏਨਾ ਹੀ ਨਹੀਂ ਪੀੜਤ ਔਰਤ ਨੇ ਲੰਗਾਹ 'ਤੇ ਪੈਸੇ ਹੜੱਪਣ ਦੇ ਵੀ ਦੋਸ਼ ਲਾਏ ਸਨ।