(Source: ECI/ABP News/ABP Majha)
ਸੁਖਬੀਰ ਬਾਦਲ ਨੇ ਸੌਂਪੀਆਂ ਅਹਿਮ ਜ਼ਿੰਮੇਵਾਰੀਆਂ, ਮਨਪ੍ਰੀਤ ਇਯਾਲੀ ਤੇ ਜਗਮੀਤ ਬਰਾੜ ਆਊਟ
ਬਾਗੀ ਸੁਰਾਂ ਵਾਲੇ ਦਾਖਾ ਹਲਕੇ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਤੇ ਜਗਮੀਤ ਸਿੰਘ ਬਰਾੜ ਨੂੰ ਨਵੀਆਂ ਨਿਯੁਕਤੀਆਂ ਵਿੱਚ ਥਾਂ ਨਹੀਂ ਦਿੱਤੀ ਗਈ। ਇਸ ਤੋਂ ਤੈਅ ਹੈ ਕਿ ਜਥੇਬੰਦਕ ਢਾਂਚੇ ਵਿੱਚ ਬਾਦਲ ਪਰਿਵਾਰ ਦੇ ਨੇੜਲਿਆਂ ਦਾ ਹੀ ਦਬਦਬਾ ਹੋਏਗਾ।
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਮੁੜ ਗਠਨ ਦੀ ਕਵਾਇਦ ਵਿੱਢ ਦਿੱਤੀ ਹੈ। ਉਨ੍ਹਾਂ ਨੇ ਇਸ ਕੰਮ ਲਈ ਸੂਬਾ ਤੇ ਜ਼ਿਲ੍ਹਾ ਪੱਧਰੀ ਨਿਗਰਾਨ ਤੇ ਤਾਲਮੇਲ ਕਮੇਟੀ ਦੇ ਮੁਖੀ ਨਿਯੁਕਤ ਕੀਤੇ ਹਨ। ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਭਵਿੱਖੀ ਤਬਦੀਲੀਆਂ ਤੇ ਚੋਣਾਂ ਦੇ ਐਲਾਨ ਤੋਂ ਬਾਅਦ ਅਕਾਲੀ ਦਲ ਨੇ ਇਹ ਨਿਯੁਕਤੀਆਂ ਕੀਤੀਆਂ ਹਨ।
ਅਹਿਮ ਗੱਲ ਹੈ ਕਿ ਬਾਗੀ ਸੁਰਾਂ ਵਾਲੇ ਦਾਖਾ ਹਲਕੇ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਤੇ ਜਗਮੀਤ ਸਿੰਘ ਬਰਾੜ ਨੂੰ ਨਵੀਆਂ ਨਿਯੁਕਤੀਆਂ ਵਿੱਚ ਥਾਂ ਨਹੀਂ ਦਿੱਤੀ ਗਈ। ਇਸ ਤੋਂ ਤੈਅ ਹੈ ਕਿ ਜਥੇਬੰਦਕ ਢਾਂਚੇ ਵਿੱਚ ਬਾਦਲ ਪਰਿਵਾਰ ਦੇ ਨੇੜਲਿਆਂ ਦਾ ਹੀ ਦਬਦਬਾ ਹੋਏਗਾ। ਇਸ ਨਾਲ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਅੰਦਰ ਖਿੱਚੋਤਾਣ ਹੋਰ ਵਧ ਸਕਦੀ ਹੈ।
ਹਾਸਲ ਜਾਣਕਾਰੀ ਮੁਤਾਬਕ ਅਕਾਲੀ ਦਲ ਵੱਲੋਂ ਜੋ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ, ਉਨ੍ਹਾਂ ਮੁਤਾਬਕ ਬਲਵਿੰਦਰ ਸਿੰਘ ਭੂੰਦੜ ਮੁੱਖ ਸੂਬਾਈ ਨਿਗਰਾਨ ਹੋਣਗੇ ਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਗੁਲਜ਼ਾਰ ਸਿੰਘ ਰਣੀਕੇ, ਬੀਬੀ ਜਗੀਰ ਕੌਰ ਤੇ ਅਨਿਲ ਜੋਸ਼ੀ ਸੂਬਾ ਨਿਗਰਾਨ ਦੀ ਜ਼ਿੰਮੇਵਾਰੀ ਨਿਭਾਉਣਗੇ। ਡਾ. ਦਲਜੀਤ ਸਿੰਘ ਚੀਮਾ ਨੂੰ ਤਾਲਮੇਲ ਕਮੇਟੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਜ਼ਿਲ੍ਹਾ ਅਬਜ਼ਰਵਰਾਂ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਅੰਮ੍ਰਿਤਸਰ (ਸ਼ਹਿਰੀ), ਲਖਬੀਰ ਸਿੰਘ ਲੋਧੀਨੰਗਲ ਤੇ ਹਰਮੀਤ ਸਿੰਘ ਸੰਧੂ ਨੂੰ ਅੰਮ੍ਰਿਤਸਰ (ਦਿਹਾਤੀ), ਸਿਕੰਦਰ ਸਿੰਘ ਮਲੂਕਾ ਤੇ ਪ੍ਰਕਾਸ਼ ਚੰਦ ਗਰਗ ਨੂੰ ਪਟਿਆਲਾ, ਜਨਮੇਜਾ ਸਿੰਘ ਸੇਖੋਂ ਨੂੰ ਮੋਗਾ, ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਰੋਪੜ, ਸ਼ਰਨਜੀਤ ਸਿੰਘ ਢਿੱਲੋਂ ਨੂੰ ਜਲੰਧਰ (ਦਿਹਾਤੀ), ਗੁਲਜ਼ਾਰ ਸਿੰਘ ਰਣੀਕੇ ਤੇ ਵੀਰ ਸਿੰਘ ਲੋਪੋਕੇ ਨੂੰ ਗੁਰਦਾਸਪੁਰ, ਸੁਰਜੀਤ ਸਿੰਘ ਰੱਖੜਾ ਨੂੰ ਫਤਹਿਗੜ੍ਹ ਸਾਹਿਬ, ਹੀਰਾ ਸਿੰਘ ਗਾਬੜੀਆ ਨੂੰ ਪੁਲਿਸ ਜ਼ਿਲ੍ਹਾ ਖੰਨਾ, ਪਰਮਬੰਸ ਸਿੰਘ ਬੰਟੀ ਰੋਮਾਣਾ ਤੇ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੂੰ ਬਰਨਾਲਾ ਨੂੰ ਕਮਾਨ ਸੌਂਪੀ ਗਈ ਹੈ।
ਇਸ ਤੋਂ ਇਲਾਵਾ ਇਕਬਾਲ ਸਿੰਘ ਝੂੰਦਾਂ ਤੇ ਨੁਸਰਤ ਇਕਰਾਮ ਖਾਂ ਨੂੰ ਸੰਗਰੂਰ ਤੇ ਮਾਲੇਰਕੋਟਲਾ, ਵਰਦੇਵ ਸਿੰਘ ਮਾਨ ਤੇ ਹਰਪ੍ਰੀਤ ਸਿੰਘ ਕੋਟਭਾਈ ਨੂੰ ਬਠਿੰਡਾ, ਬਲਦੇਵ ਸਿੰਘ ਮਾਨ ਤੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਮਾਨਸਾ, ਗੁਰਪ੍ਰਤਾਪ ਸਿੰਘ ਵਡਾਲਾ ਨੂੰ ਫਰੀਦਕੋਟ, ਜੀਤਮਹਿੰਦਰ ਸਿੰਘ ਸਿੱਧੂ ਨੂੰ ਸ੍ਰੀ ਮੁਕਤਸਰ ਸਾਹਿਬ, ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਮੁਹਾਲੀ, ਸੋਹਣ ਸਿੰਘ ਠੰਡਲ ਨੂੰ ਤਰਨ ਤਾਰਨ, ਪਵਨ ਕੁਮਾਰ ਟੀਨੂੰ ਤੇ ਰਵੀਕਰਨ ਸਿੰਘ ਕਾਹਲੋਂ ਨੂੰ ਹੁਸ਼ਿਆਰਪੁਰ, ਤੀਰਥ ਸਿੰਘ ਮਾਹਲਾ ਨੂੰ ਪੁਲਿਸ ਜ਼ਿਲ੍ਹਾ ਜਗਰਾਉਂ, ਸੁਰਿੰਦਰ ਸਿੰਘ ਠੇਕੇਦਾਰ ਨੂੰ ਸ਼ਹੀਦ ਭਗਤ ਸਿੰਘ ਨਗਰ, ਡਾ. ਸੁਖਵਿੰਦਰ ਸੁੱਖੀ ਨੂੰ ਜਲੰਧਰ (ਸਹਿਰੀ), ਗੁਰਬਚਨ ਸਿੰਘ ਬੱਬੇਹਾਲੀ ਤੇ ਰਾਜ ਕੁਮਾਰ ਗੁਪਤਾ ਨੂੰ ਪਠਾਨਕੋਟ, ਮਨਤਾਰ ਸਿੰਘ ਬਰਾੜ ਨੂੰ ਫਾਜ਼ਿਲਕਾ, ਵਿਰਸਾ ਸਿੰਘ ਵਲਟੋਹਾ ਨੂੰ ਫਿਰੋਜ਼ਪੁਰ, ਐਨਕੇ ਸ਼ਰਮਾ ਨੂੰ ਲੁਧਿਆਣਾ (ਸ਼ਹਿਰੀ), ਜਗਬੀਰ ਸਿੰਘ ਬਰਾੜ ਤੇ ਬਰਜਿੰਦਰ ਸਿੰਘ ਬਰਾੜ ਨੂੰ ਕਪੂਰਥਲਾ ਜ਼ਿਲ੍ਹੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।