ਸੁਖਬੀਰ ਬਾਦਲ ਦੀ ਮੰਗ, ਪ੍ਰਾਈਵੇਟ ਵਪਾਰੀਆਂ ਨੂੰ ਘੱਟ ਕੀਮਤ ’ਤੇ ਮੂੰਗੀ ਵੇਚਣ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਦੇਵੇ 'ਆਪ' ਸਰਕਾਰ
ਸੁਖਬੀਰ ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਕਿਸਾਨਾਂ ਨਾਲ ਕੀਤਾ ਵਾਅਦਾ ਨਿਭਾਉਣ ਅਤੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਰਕਾਰੀ ਏਜੰਸੀਆਂ ਨੁੰ ਸਪਸ਼ਟ ਹਦਾਇਤ ਕੀਤੀ ਜਾਵੇ ਕਿ...
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਸੂਬੇ ਦੀਆਂ ਮੰਡੀਆਂ ਵਿਚ ਆ ਰਹੀ ਮੂੰਗੀ ਦੀ ਸਾਰੀ ਫਸਲ ਘੱਟੋ ਘੱਟ ਸਮਰਥਨ ਮੁੱਲ ’ਤੇ ਖਰੀਦੇ ਅਤੇ ਜਿਹੜੇ ਕਿਸਾਨਾਂ ਨੇ ਪ੍ਰਾਈਵੇਟ ਵਪਾਰੀਆਂ ਨੁੰ ਜਿਣਸ ਵੇਚ ਕੇ ਘਾਟਾ ਝੱਲਿਆ ਹੈ, ਉਹਨਾਂ ਨੂੰ 10 ਜੁਲਾਈ ਤੱਕ ਮੁਆਵਜ਼ਾ ਦਿੱਤਾ ਜਾਵੇ।
ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਕਿਸਾਨਾਂ ਨਾਲ ਕੀਤਾ ਵਾਅਦਾ ਨਿਭਾਉਣ ਅਤੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਰਕਾਰੀ ਏਜੰਸੀਆਂ ਨੁੰ ਸਪਸ਼ਟ ਹਦਾਇਤ ਕੀਤੀ ਜਾਵੇ ਕਿ ਉਹ ਸੂਬੇ ਦੀਆਂ ਮੰਡੀਆਂ ਵਿਚ ਆ ਰਹੀ ਮੂੰਗੀ ਦੀ ਫਸਲ ਐਮ ਐਸ ਪੀ ਅਨੁਸਾਰ ਖਰੀਦਣ।
ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਕਿਸਾਨਾਂ ਨੇ ਆਪਣੀ ਜਿਣਸ ਪ੍ਰਾਈਵੇਟ ਵਪਾਰੀਆਂ ਨੁੰ ਘੱਟ ਕੀਮਤ ’ਤੇ ਵੇਚੀ ਹੈ, ਸਰਕਾਰ ਉਹਨਾਂ ਨੁੰ ਮੁਆਵਜ਼ਾ ਦੇਵੇ। ਉਹਨਾਂ ਕਿਹਾ ਕਿ ਅਜਿਹਾ ਉਸ ਭਗਵੰਤਰ ਸਕੀਮ ਨਾਲ ਹੀ ਕੀਤਾ ਜਾ ਸਕਦਾ ਹੈ ਜਿਸਨੂੰ ਹਰਿਆਣਾ ਤੇ ਮੱਧ ਪ੍ਰਦੇਸ਼ ਨੇ ਲਾਗੂ ਕੀਤਾ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਅਜਿਹਾ ਨਾ ਕੀਤਾ ਤਾਂ ਫਿਰ ਅਕਾਲੀ ਦਲ ਸੂਬੇ ਦੇ ਕਿਸਾਨਾਂ ਵਾਸਤੇ ਨਿਆਂ ਹਾਸਲ ਕਰਨ ਵਾਸਤੇ ਸੰਘਰਸ਼ ਵਿੱਢਣ ਲਈ ਦਿੜ੍ਹ ਸੰਕਲਪ ਹੈ। ਉਹਨਾਂ ਕਿਹਾ ਕਿ ਇਸ ਬਾਬਤ ਫੈਸਲਾ ਲੰਘੇ ਦਿਨ ਹੋਈ ਪਾਰਟੀ ਦੀ ਕੋਰ ਕਮੇਟੀ ਵਿਚ ਲਿਆ ਗਿਆ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਸਾਨਾਂ ਨੂੰ ਪਏ ਵਿੰਤੀ ਘਾਟ ਤੇ ਝੱਲਣੀਆਂ ਪਈਆਂ ਮੁਸੀਬਤਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਨੁੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਮੂੰਗੀ ਦੀ ਫਸਲ ਕੀਤੇ ਵਾਅਦੇ ਅਨੁਸਾਰ 7275 ਰੁਪਏ ਫੀ ਕੁਇੰਟਲ ਦੀ ਦਰ ’ਤੇ ਖਰੀਦਣ ਦੇ ਵਾਅਦੇ ਤੋਂ ਭੱਜ ਗਏ ਤੇ ਕਿਸਾਨਾਂ ਨੂੰ ਧੋਖਾ ਦਿੱਤਾ ਹੈ। ਉਹਨਾਂ ਕਿਹਾ ਕਿ ਰਾਜ ਸਰਕਾਰ ਨੇ ਸੂਬੇ ਦੀਆਂ ਮੰਡੀਆਂ ਵਿਚ ਆਈ ਸਾਰੀ ਫਸਲ ਵਿਚੋਂ ਸਿਰਫ 10 ਫੀਸਦੀ ਦੀ ਖਰੀਦ ਕੀਤੀ ਹੈ ਤੇ ਮਾਲਵਾ ਖਿੱਤੇ ਦੀਆਂ ਮੰਗੀਆਂ ਵਿਚ ਆਮਦ ਹਾਲੇ ਜਾਰੀ ਹੈ।