ਮੁੱਖ ਮੰਤਰੀ ਦੇ ਐਲਾਨ ਤੋਂ ਪਹਿਲਾਂ ਸੁਖਜਿੰਦਰ ਰੰਧਾਵਾ ਦਾ ਵੱਡਾ ਦਾਅਵਾ
ਦਾਅਵਾ ਸੀਨੀਅਰ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤਾ ਹੈ। ਚਰਚਾ ਹੈ ਕਿ ਸੁਖਜਿੰਦਰ ਰੰਧਾਵਾ ਵੀ ਮੁੱਖ ਮੰਤਰੀ ਦੇ ਦਾਅਵੇਦਾਰਾਂ ਵਿੱਚ ਅੱਗੇ ਚੱਲ ਰਹੇ ਹਨ।
ਚੰਡੀਗੜ੍ਹ: ਪੰਜਾਬ ਦੇ ਅਗਲੇ ਮੁੱਖ ਮੰਤਰੀ ਬਾਰੇ ਐਲਾਨ 1-2 ਘੰਟਿਆਂ ਤੱਕ ਹੋ ਸਕਦਾ ਹੈ। ਇਸ ਬਾਰੇ ਕਾਂਗਰਸ ਹਾਈਕਮਾਨ ਵੱਲੋਂ ਫੈਸਲਾ ਲਿਆ ਜਾਏਗਾ। ਇਹ ਦਾਅਵਾ ਸੀਨੀਅਰ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤਾ ਹੈ। ਚਰਚਾ ਹੈ ਕਿ ਸੁਖਜਿੰਦਰ ਰੰਧਾਵਾ ਵੀ ਮੁੱਖ ਮੰਤਰੀ ਦੇ ਦਾਅਵੇਦਾਰਾਂ ਵਿੱਚ ਅੱਗੇ ਚੱਲ ਰਹੇ ਹਨ।
ਦੱਸ ਦਈਏ ਕਿ ਪੰਜਾਬ ਦਾ ਮੁੱਖ ਮੰਤਰੀ ਕੋਈ ਸਿੱਖ ਚਿਹਰਾ ਹੀ ਹੋਏਗਾ। ਇਸ ਲਈ ਸੁਨੀਲ ਜਾਖੜ, ਅੰਬਿਕਾ ਸੋਨੀ, ਵਿਜੇ ਇੰਦਰ ਸਿੰਗਲਾ ਤੇ ਬ੍ਰਹਮ ਮਹਿੰਦਰਾ ਸੂਚੀ ਵਿੱਚੋਂ ਬਾਹਰ ਹੋ ਗਏ ਹਨ। ਸੂਤਰਾਂ ਮੁਤਾਬਕ ਹਾਈਕਮਾਨ ਹੁਣ ਮਾਝੇ ਦੇ ਦੋ ਸਿੱਖ ਲੀਡਰਾਂ ਵਿੱਚੋਂ ਇੱਕ ਨੂੰ ਮੁੱਖ ਮੰਤਰੀ ਬਣਾ ਸਕਦੀ ਹੈ। ਇਸ ਬਾਰੇ ਐਲਾਨ ਕਿਸੇ ਵੀ ਵੇਲੇ ਹੋ ਸਕਦਾ ਹੈ।
ਅੰਬਿਕਾ ਸੋਨੀ ਨੇ ਆਪਣੇ ਬਾਰੇ ਰਿਪੋਰਟਾਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਕਿਸੇ ਸਿੱਖ ਚਿਹਰੇ ਨੂੰ ਮੁੱਖ ਮੰਤਰੀ ਬਣਾਉਣ ਦਾ ਸੁਝਾਅ ਦਿੱਤਾ ਹੈ। ਇਹ ਵੀ ਚਰਚਾ ਹੈ ਕਿ ਕਿਸੇ ਦਲਿਤ ਸਿੱਖ ਚਿਹਰੇ ਨੂੰ ਅੱਗੇ ਲਿਆਂਦਾ ਜਾ ਸਕਦਾ ਹੈ।
ਦੱਸ ਦਈਏ ਕਿ ਨਵੇਂ ਵਿਧਾਇਕ ਦਲ ਦੇ ਲੀਡਰ ਦੇ ਤੌਰ 'ਤੇ ਨਵਜੋਤ ਸਿੱਧੂ ਤੋਂ ਇਲਾਵਾ ਕਾਂਗਰਸ ਦੀ ਪੰਜਾਬ ਇਕਾਈ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ, ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਨਾਂ ਚਰਚਾ 'ਚ ਹਨ।