ਮੈਨੂੰ ਨੋਟਿਸ ਬਾਰੇ ਮੀਡੀਆ ਤੋਂ ਪਤਾ ਲੱਗਾ, 144 ਗੱਡੀਆਂ ਦੀ ਖਰੀਦ ‘ਚ ਘੋਟਾਲੇ ਦੀ ਜਾਂਚ ਕਰਵਾਉਂਗਾ, CM ਦੇ OSD ਵਲੋਂ ਭੇਜੇ ਮਾਣਹਾਨੀ ਨੋਟਿਸ ‘ਤੇ ਬੋਲੇ ਖਹਿਰਾ
Punjab News: ਪਿਛਲੇ ਦਿਨੀਂ CM ਮਾਨ ਦੇ OSD ਰਾਜਬੀਰ ਸਿੰਘ ਨੇ ਸੁਖਪਾਲ ਖਹਿਰਾ ‘ਤੇ ਮਾਣਹਾਨੀ ਦਾ ਕੇਸ ਠੋਕਿਆ ਹੈ। ਇਸ ਤੋਂ ਬਾਅਦ ਅੱਜ ਸੁਖਪਾਲ ਖਹਿਰਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।

Punjab News: ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਬੀਰ ਸਿੰਘ ਨਾਲ ਵਿਵਾਦ ਵਧਦਾ ਹੀ ਜਾ ਰਿਹਾ ਹੈ। ਜਿੱਥੇ ਪਿਛਲੇ ਦਿਨੀਂ CM ਮਾਨ ਦੇ OSD ਰਾਜਬੀਰ ਸਿੰਘ ਨੇ ਸੁਖਪਾਲ ਖਹਿਰਾ ‘ਤੇ ਮਾਣਹਾਨੀ ਦਾ ਕੇਸ ਠੋਕਿਆ ਹੈ। ਇਸ ਤੋਂ ਬਾਅਦ ਅੱਜ ਸੁਖਪਾਲ ਖਹਿਰਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ OSD (Officer on Special Duty) ਵੱਲੋਂ ਭੇਜਿਆ ਗਿਆ ਮਾਣਹਾਨੀ ਨੋਟਿਸ ਨਹੀਂ ਮਿਲਿਆ ਹੈ।
ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਨੋਟਿਸ ਬਾਰੇ ਜਾਣਕਾਰੀ ਸਿਰਫ ਮੀਡੀਆ ਤੋਂ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨੋਟਿਸ ਸਥਾਨਕ ਅਦਾਲਤ ਵੱਲੋਂ ਮੁੱਖ ਮੰਤਰੀ ਦੇ ਓਐਸਡੀ ਦੀ ਸ਼ਿਕਾਇਤ 'ਤੇ ਭੇਜਿਆ ਗਿਆ ਹੈ ਅਤੇ ਇਸ ਮਾਮਲੇ ਦੀ ਸੁਣਵਾਈ 11 ਅਗਸਤ ਨੂੰ ਹੋਣੀ ਹੈ। ਪਰ ਖਹਿਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਇਹ ਨੋਟਿਸ ਨਹੀਂ ਮਿਲਿਆ ਹੈ।
ਸੁਖਪਾਲ ਖਹਿਰਾ ਨੇ ਕਿਹਾ, "ਮੈਂ ਇਹ ਗੱਲ ਰਿਕਾਰਡ 'ਤੇ ਰੱਖਣਾ ਚਾਹੁੰਦਾ ਹਾਂ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗ੍ਰਹਿ ਮੰਤਰੀ ਵਜੋਂ 144 ਟੋਇਟਾ ਹਾਈਲਕਸ ਗੱਡੀਆਂ ਦੀ ਗਲਤ ਖਰੀਦ ਦਾ ਮੁੱਦਾ ਉਠਾਉਂਦਾ ਰਹਾਂਗਾ। ਇਹ ਖਰੀਦ ਡੀਜੀਪੀ ਪੰਜਾਬ ਦੇ ਨਾਮ 'ਤੇ ਕੀਤੀ ਗਈ ਹੈ ਅਤੇ ਇਹ ਭ੍ਰਿਸ਼ਟਾਚਾਰ ਸਿੱਧੇ ਤੌਰ 'ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਜੁੜਿਆ ਹੋਇਆ ਹੈ। ਮੈਂ ਇਸ ਮਾਮਲੇ ਨੂੰ ਇਸਦੇ ਤਰਕਪੂਰਨ ਸਿੱਟੇ 'ਤੇ ਲੈ ਕੇ ਜਾਵਾਂਗਾ।" ਖਹਿਰਾ ਨੇ ਪੰਜਾਬ ਦੇ ਮੁੱਖ ਧਾਰਾ ਮੀਡੀਆ 'ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਇਹ ਖ਼ਬਰ ਇੱਕ ਪਾਸੜ ਤਰੀਕੇ ਨਾਲ ਚਲਾਈ ਗਈ ਸੀ ਅਤੇ ਉਨ੍ਹਾਂ ਦਾ ਪੱਖ ਵੀ ਨਹੀਂ ਲਿਆ ਗਿਆ। ਉਨ੍ਹਾਂ ਅਜਿਹੇ ਮੀਡੀਆ ਨੂੰ "ਕੇਜੀ ਮੀਡੀਆ" ਕਿਹਾ ਅਤੇ ਕਿਹਾ ਕਿ ਇਹ ਇੱਕ ਵਿਕਿਆ ਹੋਇਆ ਮੀਡੀਆ ਹੈ, ਜੋ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਕੰਮ ਕਰ ਰਿਹਾ ਹੈ।
I’ve just learnt thru media that a local court has issued a defamation notice to me for 11th August on the complaint of Osd to Cm which I’m yet to receive !
— Sukhpal Singh Khaira (@SukhpalKhaira) August 1, 2025
I wish to place on record that i will continue to raise the issue of wrongful purchase of 144 Toyota Hilux pick up trucks… pic.twitter.com/Pfr7ivNHuv
ਕੀ ਹੈ ਪੂਰਾ ਮਾਮਲਾ?
ਦਰਅਸਲ, ਹਾਲ ਹੀ ਵਿੱਚ ਪੰਜਾਬ ਪੁਲਿਸ ਨੇ ਰੋਡ ਸੇਫਟੀ ਫੋਰਸ ਲਈ 144 ਟੋਇਟਾ ਹਾਈਲਕਸ ਪਿਕਅੱਪ ਗੱਡੀਆਂ ਖਰੀਦੀਆਂ ਸਨ। ਖਹਿਰਾ ਨੇ ਦੋਸ਼ ਲਗਾਇਆ ਸੀ ਕਿ ਇਨ੍ਹਾਂ ਵਾਹਨਾਂ ਦੀ ਥੋਕ ਖਰੀਦ ਦੇ ਬਾਵਜੂਦ, ਕੰਪਨੀ ਤੋਂ ਕੋਈ ਛੋਟ ਨਹੀਂ ਲਈ ਗਈ, ਜਿਸ ਕਾਰਨ ਸਰਕਾਰੀ ਖਜ਼ਾਨੇ ਨੂੰ ਲਗਭਗ 15-20 ਕਰੋੜ ਰੁਪਏ ਦਾ ਨੁਕਸਾਨ ਹੋਇਆ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਤੀ ਵਾਹਨ 10 ਲੱਖ ਰੁਪਏ ਤੱਕ ਦੀ ਛੋਟ ਦਿੱਤੀ ਜਾ ਸਕਦੀ ਸੀ।
ਖਹਿਰਾ ਇਸ ਮੁੱਦੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ। ਖਹਿਰਾ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਅਦਾਲਤ ਅਤੇ ਜਨਤਾ ਦੋਵਾਂ ਦੇ ਸਾਹਮਣੇ ਉਠਾਉਂਦੇ ਰਹਿਣਗੇ, ਭਾਵੇਂ ਉਨ੍ਹਾਂ ਵਿਰੁੱਧ ਮਾਣਹਾਨੀ ਦਾ ਮਾਮਲਾ ਕਿਉਂ ਨਾ ਹੋਵੇ।






















