ਸੁਨੀਲ ਜਾਖੜ ਮੁੜ ਹੋ ਸਕਦੇ ਸਿਆਸਤ 'ਚ ਐਕਟਿਵ, ਹੁਣ ਉਨ੍ਹਾਂ ਕੋਲ BJP ਤੇ AAP ਦੋ ਵੱਡੇ ਵਿਕਲਪ!
ਕਾਂਗਰਸ ਛੱਡਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਸੰਬੋਧਨ 'ਚ ਕਿਹਾ ਸੀ, 'ਸੋਨੀਆ ਜੀ ਪੰਜਾਬ ਬਖ਼ਸ਼ ਦਿਓ'। ਉਨ੍ਹਾਂ ਦਾ ਪੰਜਾਬ ਪਿਆਰ ਉਨ੍ਹਾਂ ਨੂੰ ਫਿਰ ਤੋਂ ਨਵੀਂ ਪਾਰੀ ਵੱਲ ਲੈ ਜਾ ਸਕਦਾ ਹੈ।
ਰਵਨੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਕਾਂਗਰਸ ਨੂੰ ਅਲਵਿਦਾ ਕਹਿ ਚੁੱਕੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਭਾਵੇਂ ਫਰਵਰੀ 'ਚ ਸਰਗਰਮ ਸਿਆਸਤ ਤੋਂ ਸੰਨਿਆਸ ਲੈ ਲਿਆ ਸੀ, ਪਰ ਮੌਜੂਦਾ ਹਾਲਾਤ ਉਨ੍ਹਾਂ ਨੂੰ ਇੱਕ ਵਾਰ ਫਿਰ ਤੋਂ ਪੰਜਾਬ 'ਚ ਸਰਗਰਮ ਸਿਆਸਤ 'ਚ ਆਉਣ ਲਈ ਪ੍ਰੇਰਿਤ ਕਰ ਸਕਦੇ ਹਨ। ਇਹ ਇਸ ਲਈ ਤੈਅ ਹੈ ਕਿ ਕਿਉਂਕਿ ਬੀਜੇਪੀ ਕਿਸੇ ਵੱਡੇ ਲੀਡਰ ਦੀ ਭਾਲ ਵਿੱਚ ਹੈ ਜਿਸ ਦਾ ਪ੍ਰਭਾਵ ਹਿੰਦੂ ਵੋਟਰਾਂ ਦੇ ਨਾਲ-ਨਾਲ ਪੰਜਾਬ ਦੇ ਸਿੱਖ ਤੇ ਕਿਸਾਨ ਵੋਟਰਾਂ ਵਿੱਚ ਵੀ ਹੋਵੇ। ਉਂਝ ਜਾਖੜ ਕੋਲ ਬੀਜੇਪੀ ਤੇ ਆਮ ਆਦਮੀ ਪਾਰਟੀ ਦੋ ਅਹਿਮ ਵਿਕਲਪ ਹਨ।
ਦੱਸ ਦਈਏ ਕਿ ਕਾਂਗਰਸ ਛੱਡਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਸੰਬੋਧਨ 'ਚ ਕਿਹਾ ਸੀ, 'ਸੋਨੀਆ ਜੀ ਪੰਜਾਬ ਬਖ਼ਸ਼ ਦਿਓ'। ਉਨ੍ਹਾਂ ਦਾ ਪੰਜਾਬ ਪਿਆਰ ਉਨ੍ਹਾਂ ਨੂੰ ਫਿਰ ਤੋਂ ਨਵੀਂ ਪਾਰੀ ਵੱਲ ਲੈ ਜਾ ਸਕਦਾ ਹੈ। ਸੁਨੀਲ ਜਾਖੜ ਦੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਭਵਿੱਖ ਦੇ ਸਿਆਸੀ ਸਫਰ ਦਾ ਐਲਾਨ ਕਰਨ ਤੋਂ ਪਹਿਲਾਂ ਵਿਕਲਪਾਂ 'ਤੇ ਵਿਚਾਰ ਕਰ ਰਹੇ ਹਨ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਹ ਆਉਣ ਵਾਲੇ ਮਹੀਨਿਆਂ ਵਿੱਚ ਪੰਜਾਬ 'ਤੇ ਧਿਆਨ ਕੇਂਦਰਤ ਕਰਨ ਦੇ ਚਾਹਵਾਨ ਹਨ।
'ਦ ਟ੍ਰਿਬਿਊਨ' ਦੀ ਰਿਪੋਰਟ ਵਿੱਚ ਸਿਆਸੀ ਮਾਹਿਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪੰਜਾਬ ਦੇ ਮੌਜੂਦਾ ਸਿਆਸੀ ਮਾਹੌਲ ਨੂੰ ਦੇਖਦੇ ਹੋਏ ਜਾਖੜ ਕੋਲ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਦੋ ਵੱਡੇ ਵਿਕਲਪ ਹਨ। ਭਾਜਪਾ ਇਸ ਵੇਲੇ ਪੰਜਾਬ ਵਿੱਚ ਆਪਣੇ ਆਪ ਨੂੰ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇੱਕ ਮਜ਼ਬੂਤ ਹਿੰਦੂ ਚਿਹਰੇ ਦੀ ਤਲਾਸ਼ ਵਿੱਚ ਹੈ। ਅਜਿਹੇ ਵਿੱਚ ਭਾਰਤੀ ਜਨਤਾ ਪਾਰਟੀ ਸੁਨੀਲ ਜਾਖੜ ਦੇ ਰੂਪ ਵਿੱਚ ਆਪਣੇ ਖੇਮੇ ਵਿੱਚ ਸਾਫ਼ ਅਕਸ ਵਾਲੇ ਹਿੰਦੂ ਚਿਹਰੇ ਦਾ ਸਵਾਗਤ ਕਰ ਸਕਦੀ ਹੈ। ਬੀਜੇਪੀ ਪਾਰਟੀ ਲਈ ਭਰੋਸੇਯੋਗ ਚਿਹਰੇ ਵਜੋਂ ਸੁਨੀਲ ਜਾਖੜ 2024 ਦੀਆਂ ਸੰਸਦੀ ਚੋਣਾਂ ਵਿੱਚ ਜ਼ਰੂਰ ਮਦਦ ਕਰ ਸਕਦੇ ਹਨ।
ਹਿੰਦੂ ਚਿਹਰੇ ਦੀ ਤਲਾਸ਼ 'ਚ ਭਾਜਪਾ, ਹਿਮਾਚਲ ਚੋਣਾਂ ਬਦਲ ਦੇਣਗੀਆਂ ਸਮੀਕਰਨ
ਦੂਜਾ ਸਭ ਦੀਆਂ ਨਜ਼ਰਾਂ ਹਿਮਾਚਲ ਪ੍ਰਦੇਸ਼ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਤੇ ਟਿਕੀਆਂ ਹੋਈਆਂ ਹਨ। ਭਾਜਪਾ, ਕਾਂਗਰਸ ਅਤੇ ਹਿਮਾਚਲ ਦੀ ਰਾਜਨੀਤੀ ਵਿੱਚ ਨਵੀਂ ਪ੍ਰਵੇਸ਼ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਦਾ ਅਸਰ ਪੰਜਾਬ ਕਾਂਗਰਸ ਵਿੱਚ ਭਵਿੱਖ ਦੇ ਸਿਆਸੀ ਸਮੀਕਰਨਾਂ 'ਤੇ ਪਵੇਗਾ, ਜੋ ਹਾਲੀਆ ਵਿਧਾਨ ਸਭਾ ਚੋਣਾਂ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਆਪਣੇ ਕੇਡਰ ਨੂੰ ਇਕੱਠੇ ਰੱਖਣ ਲਈ ਸੰਘਰਸ਼ ਕਰ ਰਹੀ ਹੈ।
ਰਾਜਨੀਤਕ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ 2024 ਦੀਆਂ ਸੰਸਦੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਸੱਤਾ ਵਿਰੋਧੀ ਲਹਿਰ ਦੇ ਉੱਠਣ ਦੀ ਉਮੀਦ ਹੈ, ਬਹੁਤ ਸਾਰੇ ਨੇਤਾ ਇੱਕ ਸਿਆਸੀ ਜਗ੍ਹਾ ਦੀ ਤਲਾਸ਼ ਕਰ ਰਹੇ ਹਨ ਜੋ ਭਰੋਸੇਯੋਗ ਅਤੇ ਇਮਾਨਦਾਰ ਨੇਤਾਵਾਂ ਲਈ ਇੱਕ ਵਿਕਲਪ ਤੇ ਪਲੇਟਫਾਰਮ ਪ੍ਰਦਾਨ ਕਰ ਸਕੇ।
ਸੁਨੀਲ ਜਾਖੜ ਦੇ ਮੁੜ ਸਰਗਰਮ ਸਿਆਸਤ ਵਿੱਚ ਆਉਣ ਦਾ ਇੱਕ ਵੱਡਾ ਕਾਰਨ ਹੈ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਕਾਂਗਰਸ ਨੇ ਅੰਬਿਕਾ ਸੋਨੀ ਦੇ ਇਸ਼ਾਰੇ 'ਤੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਦਾ ਜਾਖੜ ਆਉਣ ਵਾਲੇ ਮਹੀਨਿਆਂ 'ਚ ਨਿਸ਼ਚਿਤ ਰੂਪ 'ਚ ਵਿਰੋਧੀਆਂ ਨੂੰ ਜਵਾਬ ਦੇਣਗੇ। ਕਾਂਗਰਸ ਤੋਂ ਅਸਤੀਫਾ ਦੇਣ ਤੋਂ ਪਹਿਲਾਂ ਸੁਨੀਲ ਜਾਖੜ ਨੇ ਸਰਗਰਮ ਸਿਆਸਤ ਤੋਂ ਹਟਣ ਦਾ ਐਲਾਨ ਕਰ ਦਿੱਤਾ ਸੀ ਪਰ ਬਦਲੇ ਹੋਏ ਹਾਲਾਤ ਉਨ੍ਹਾਂ ਨੂੰ ਮੁੜ ਸਿਆਸਤ ਵਿੱਚ ਲਿਆ ਸਕਦੇ ਹਨ।
ਦੱਸ ਦੇਈਏ ਕਿ ਸੁਨੀਲ ਜਾਖੜ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ 50 ਸਾਲਾਂ ਤੋਂ ਕਾਂਗਰਸ ਵਿੱਚ ਸ਼ਾਮਲ ਸਨ। ਕਾਂਗਰਸ ਛੱਡਣ ਦੇ ਫੈਸਲੇ ਦਾ ਐਲਾਨ ਕਰਦੇ ਹੋਏ ਉਨ੍ਹਾਂ ਕਿਹਾ ਸੀ ਕਿ ਇੰਨੇ ਸਾਲਾਂ ਦੀ ਸੇਵਾ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ, ਉਸ ਤੋਂ ਉਹ ਦੁਖੀ ਹਨ।