ਸੁਨੀਲ ਜਾਖੜ ਦੀ ਹੋਵੇਗੀ ਕਾਂਗਰਸ ਤੋਂ ਛੁੱਟੀ! ਅਨੁਸ਼ਾਸਨ ਕਮੇਟੀ ਦੀ ਮੀਟਿੰਗ ਅੱਜ
Punjab News : ਜਾਖੜ ਨੂੰ ਸਾਬਕਾ CM ਚਰਨਜੀਤ ਚੰਨੀ ਦੇ ਸਬੰਧ 'ਚ ਦਿੱਤੇ ਬਿਆਨ 'ਤੇ ਨੋਟਿਸ ਕੱਢਿਆ ਗਿਆ ਸੀ। ਜਾਖੜ ਨੇ ਨੋਟਿਸ ਦਾ ਜਵਾਬ ਨਹੀਂ ਦਿੱਤਾ। ਇਹੀ ਨਹੀਂ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਸੰਦੇਸ਼ ਦਿੱਤਾ ।
ਰਵਨੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਖਿਲਫ ਸਖਤ ਕਾਰਵਾਈ ਹੋ ਸਕਦੀ ਹੈ। ਇਸ ਲਈ ਦਿੱਲੀ 'ਚ ਕਾਂਗਰਸ ਅਨੁਸ਼ਾਸਨ ਕਮੇਟੀ ਦੀ ਮੀਟਿੰਗ ਹੋਣ ਰਹੀ ਹੈ ਜਿਸ 'ਚ ਸਾਬਕਾ ਪੰਜਾਬ ਪ੍ਰਧਾਨ ਜਾਖੜ ਨੂੰ ਸਸਪੈਂਡ ਕੀਤਾ ਜਾ ਸਕਦਾ ਹੈ। ਜਾਖੜ ਨੂੰ ਸਾਬਕਾ CM ਚਰਨਜੀਤ ਚੰਨੀ ਦੇ ਸਬੰਧ 'ਚ ਦਿੱਤੇ ਬਿਆਨ 'ਤੇ ਨੋਟਿਸ ਕੱਢਿਆ ਗਿਆ ਸੀ। ਜਾਖੜ ਨੇ ਨੋਟਿਸ ਦਾ ਜਵਾਬ ਨਹੀਂ ਦਿੱਤਾ। ਇਹੀ ਨਹੀਂ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਸੰਦੇਸ਼ ਦਿੱਤਾ ਕਿ ਉਹ ਹਾਈਕਮਾਨ ਅੱਗੇ ਨਹੀਂ ਝੁਕਣਗੇ। ਹਾਲਾਂਕਿ ਜਾਖੜ 'ਤੇ ਕਾਰਵਾਈ ਨਾਲ ਕਾਂਗਰਸ 'ਚ ਅੰਦਰੂਨੀ ਕਲੇਸ਼ ਤੇਜ਼ ਹੋ ਸਕਦਾ ਹੈ। ਉਨ੍ਹਾਂ ਵਾਂਗ ਨਵਜੋਤ ਸਿੱਧੂ ਸਣੇ ਕਈ ਆਗੂ ਖੁੱਲ੍ਹ ਕੇ ਬਿਆਨਬਾਜ਼ੀ ਕਰ ਰਹੇ ਹਨ।
ਦੱਸ ਦਈਏ ਕਿ ਸੁਨੀਲ ਜਾਖੜ 'ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ਲੱਗੇ ਸਨ। ਇਸ ਸਬੰਧੀ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਉਨ੍ਹਾਂ ਦੀ ਸ਼ਿਕਾਇਤ ਕੀਤੀ ਸੀ। ਦੂਜੇ ਪਾਸੇ ਜਾਖੜ ਇਸ ਗੱਲ ਤੋਂ ਨਾਰਾਜ਼ ਹਨ ਕਿ ਕਾਂਗਰਸ ਹਾਈਕਮਾਂਡ ਨੂੰ ਉਨ੍ਹਾਂ ਨਾਲ ਪਹਿਲਾਂ ਗੱਲ ਕਰਨੀ ਚਾਹੀਦੀ ਸੀ। ਇਸ ਦੀ ਬਜਾਏ ਉਸ ਨੂੰ ਸਿੱਧਾ ਨੋਟਿਸ ਜਾਰੀ ਕੀਤਾ ਗਿਆ। ਜਾਖੜ ਦਾ ਤਰਕ ਹੈ ਕਿ ਉਹ ਹਰ ਚੰਗੇ ਮਾੜੇ ਸਮੇਂ ਵਿਚ ਪਾਰਟੀ ਨਾਲ ਰਹੇ। ਉਨ੍ਹਾਂ ਕਦੇ ਵੀ ਹਾਈਕਮਾਂਡ ਖ਼ਿਲਾਫ਼ ਬਿਆਨਬਾਜ਼ੀ ਨਹੀਂ ਕੀਤੀ।
ਇਸ ਤੋਂ ਪਹਿਲਾਂ ਸੁਨੀਲ ਜਾਖੜ ਸਰਗਰਮ ਸਿਆਸਤ ਤੋਂ ਕਿਨਾਰਾ ਕਰ ਚੁੱਕੇ ਹਨ। ਉਸ ਨੇ ਵਿਧਾਨ ਸਭਾ ਚੋਣ ਵੀ ਨਹੀਂ ਲੜੀ ਸੀ। ਜਾਖੜ ਇਸ ਗੱਲ ਤੋਂ ਨਾਰਾਜ਼ ਸਨ ਕਿ ਉਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਹਟਾ ਕੇ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਇਆ ਗਿਆ। ਫਿਰ ਉਹ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਸਿਰਫ਼ ਇਸ ਲਈ ਮੁੱਖ ਮੰਤਰੀ ਨਹੀਂ ਬਣ ਸਕੇ ਕਿਉਂਕਿ ਉਹ ਹਿੰਦੂ ਹਨ। ਇਸ ਵਿਵਾਦ ਦਾ ਕਾਰਨ ਅੰਬਿਕਾ ਸੋਨੀ ਨੂੰ ਮੰਨਿਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਕਿਹਾ ਸੀ ਕਿ ਪੰਜਾਬ ਦਾ ਸੀਐਮ ਸਿੱਖ ਭਾਈਚਾਰੇ 'ਚੋਂ ਹੋਣਾ ਚਾਹੀਦਾ ਹੈ ਜਿਸ ਕਾਰਨ ਜਾਖੜ ਦਾ ਪੱਤਾ ਸਾਫ ਹੋ ਗਿਆ।