Punjab News: ਪੰਜਾਬ 'ਚ ਭਿਆਨਕ ਰੇਲ ਹਾਦਸਾ, ਤਿੰਨ ਬੱਚਿਆਂ ਦੀ ਮੌਤ
ਲੋਹੁੰਡ ਰੇਲਵੇ ਪੁੱਲ ਪਿੰਡ ਕਲਿਆਣਪੁਰ ਵਿਖੇ ਸਹਾਰਨਪੁਰ ਤੋਂ ਊਨਾ (ਹਿਮਾਚਲ ਪ੍ਰਦੇਸ਼) ਜਾ ਰਹੀ ਸਵਾਰੀ ਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਪਰਵਾਸੀ ਮਜ਼ਦੂਰਾਂ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ। ਹਾਦਸੇ ਵਿੱਚ ਚੌਥੇ ਬੱਚੇ ਨੇ ਪੁਲ ਨਾਲ ਲਟਕ ਕੇ ਜਾਨ ਬਚਾ ਲਈ।
Punjab News: ਅੱਜ ਸਵੇਰੇ ਰੇਲਵੇ ਸਟੇਸ਼ਨ ਸ੍ਰੀ ਕੀਰਤਪੁਰ ਸਾਹਿਬ ਨਜ਼ਦੀਕ ਵੱਡਾ ਹਾਦਸਾ ਵਾਪਰਿਆ ਹੈ। ਲੋਹੁੰਡ ਰੇਲਵੇ ਪੁੱਲ ਪਿੰਡ ਕਲਿਆਣਪੁਰ ਵਿਖੇ ਸਹਾਰਨਪੁਰ ਤੋਂ ਊਨਾ (ਹਿਮਾਚਲ ਪ੍ਰਦੇਸ਼) ਜਾ ਰਹੀ ਸਵਾਰੀ ਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਪਰਵਾਸੀ ਮਜ਼ਦੂਰਾਂ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ। ਹਾਦਸੇ ਵਿੱਚ ਚੌਥੇ ਬੱਚੇ ਨੇ ਪੁਲ ਨਾਲ ਲਟਕ ਕੇ ਜਾਨ ਬਚਾ ਲਈ।
ਬੱਚਿਆਂ ਦੇ ਪਰਿਵਾਰਕ ਮੈਂਬਰਾਂ ਮਹਿੰਦਰ (7) ਪੁੱਤਰ ਸਵਰਗਵਾਸੀ ਰਾਮ ਦੁਲਾਰ, ਰੋਹਿਤ (11) ਪੁੱਤਰ ਅਰਜਨ ਮਹਾਤੋ, ਵਿਕੀ (8) ਪੁੱਤਰ ਅਰਜੁਨ ਤੇ ਪਵਨ (10) ਪੁੱਤਰ ਦਾਣਾ ਮੰਡੀ ਸ੍ਰੀ ਕੀਰਤਪੁਰ ਸਾਹਿਬ ਨਜ਼ਦੀਕ ਝੁੱਗੀਆਂ ਵਿਚ ਰਹਿੰਦੇ ਸਨ। ਅੱਜ ਇਹ ਸਾਰੇ ਰੇਲਵੇ ਲਾਈਨ ਤੋਂ ਪਾਰ ਪਿੰਡ ਕਲਿਆਣਪੁਰ ਵਿਖੇ ਬੇਰ ਤੋੜਨ ਗਏ ਸਨ। ਇਹ ਜਦੋਂ ਬੇਰ ਤੋੜ ਕੇ ਵਾਪਸ ਲੋਹੁੰਡ ਰੇਲਵੇ ਪੁਲ ਨਾਲ ਤੋਂ ਰੇਲਵੇ ਲਾਈਨ ਪਾਰ ਕਰਨ ਲੱਗੇ ਤਾਂ ਇਹ ਸਾਰੇ ਸਵੇਰੇ 11.20 ’ਤੇ ਸ੍ਰੀ ਕੀਰਤਪੁਰ ਸਾਹਿਬ ਰੇਲਵੇ ਸਟੇਸ਼ਨ ਵੱਲ ਆ ਰਹੀ ਸਹਾਰਨਪੁਰ ਤੋਂ ਊਨਾ ਸਵਾਰੀ ਰੇਲ ਗੱਡੀ ਨੰਬਰ 04501 ਦੀ ਲਪੇਟ ਵਿਚ ਆ ਗਏ।
ਇਸ ਦੌਰਾਨ ਦੋ ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ, ਪਵਨ ਰੇਲਵੇ ਪੁਲ ਦੇ ਪਾਸੇ ਲਟਕ ਗਿਆ ਤੇ ਉਸ ਦਾ ਬਚਾਅ ਹੋ ਗਿਆ। ਇਹ ਲੜਕਾ ਮੌਕੇ ਤੋਂ ਆਪਣੇ ਘਰ ਨੂੰ ਭੱਜ ਗਿਆ। ਇਸ ਘਟਨਾ ਬਾਰੇ ਉਸ ਨੇ ਆਪਣੇ ਪਰਿਵਾਰ ਨੂੰ ਜਾ ਕੇ ਦੱਸਿਆ, ਜਿਸ ਤੋਂ ਬਾਅਦ ਬੱਚਿਆਂ ਦੇ ਪਰਿਵਾਰਕ ਮੈਂਬਰ ਘਟਨਾ ਸਥਾਨ ਤੇ ਪੁੱਜੇ। ਤੀਸਰਾ ਬੱਚਾ ਵਿਕੀ, ਜ਼ਖਮੀ ਸੀ, ਨੂੰ ਰੇਲ ਗੱਡੀ ਦਾ ਗਾਰਡ ਤੇ ਡਰਾਈਵਰ ਚੁੱਕ ਕੇ ਰੇਲ ਗੱਡੀ ਵਿਚ ਪਾ ਕੇ ਰੇਲਵੇ ਸਟੇਸ਼ਨ ਸ੍ਰੀ ਕੀਰਤਪੁਰ ਸਾਹਿਬ ਲੈ ਗਏ। ਉਸ ਨੂੰ 108 ਨੰਬਰ ਐਂਬੂਲੈਂਸ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਮ੍ਰਿਤਕ ਬੱਚੇ ਮਹਿੰਦਰ ਦੀ ਮਾਤਾ ਅਨਸੂਈਆ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਉਸ ਦੇ ਚਾਰ ਬੱਚੇ ਦੋ ਬੇਟੀਆਂ ਅਤੇ ਦੋ ਬੇਟੇ ਹਨ, ਜਿਨ੍ਹਾਂ ਵਿਚੋਂ ਮਹਿੰਦਰ ਸਭ ਤੋਂ ਛੋਟਾ ਸੀ, ਜੋ ਪਿੰਡ ਕਲਿਆਣਪੁਰ ਦੇ ਪ੍ਰਾਇਮਰੀ ਸਕੂਲ ਵਿਚ ਪਹਿਲੀ ਜਮਾਤ ਵਿਚ ਪੜ੍ਹਦਾ ਸੀ। ਮ੍ਰਿਤਕ ਰੋਹਿਤ ਦੀ ਮਾਤਾ ਮੂਲ਼ੀ ਦੇਵੀ ਨੇ ਦੱਸਿਆ ਕਿ ਉਸ ਦੀਆਂ ਤਿੰਨ ਲੜਕੀਆਂ ਅਤੇ ਚਾਰ ਮੁੰਡੇ ਹਨ। ਰੋਹਿਤ ਸਰਕਾਰੀ ਪ੍ਰਾਇਮਰੀ ਸਕੂਲ ਕੀਰਤਪੁਰ ਸਾਹਿਬ ਵਿਖੇ ਚੌਥੀ ਵਿਚ ਪੜ੍ਹਦਾ ਸੀ। ਤੀਸਰੇ ਵਿੱਕੀ ਦੀ ਵੀ ਇੱਕ ਭੈਣ ਤੇ ਇੱਕ ਭਰਾ ਹੈ। ਚੌਥੇ ਬੱਚੇ ਪਵਨ ਦੀ ਮਾਤਾ ਸੁਮਨ ਨੇ ਦੱਸਿਆ ਕਿ ਉਸ ਦੇ ਚਾਰ ਬੱਚੇ ਹਨ। ਪਵਨ ਪਹਿਲੀ ਜਮਾਤ ਵਿਚ ਪੜ੍ਹਦਾ ਹੈ। ਇਹ ਆਪਣੇ ਸਾਥੀਆਂ ਨਾਲ ਬੇਰ ਖਾਣ ਲਈ ਸਵੇਰੇ ਘਰੋਂ ਗਿਆ ਸੀ।