ਭਾਜਪਾ ਦਾ ਪੰਜਾਬ 'ਚ ਕਿਸੇ ਨਾਲ ਸਮਝੌਤੇ ਦਾ ਕੋਈ ਸਵਾਲ ਹੀ ਨਹੀਂ; ਆਪਣੇ ਦਮ 'ਤੇ ਲੜੇਗੀ ਚੋਣ, ਪੰਜਾਬ 'ਚ ਭਾਜਪਾ ਦਾ ਮੁੱਖ ਮੰਤਰੀ ਹੋਵੇਗਾ
ਅਕਾਲੀ ਦਲ ਪਾਰਟੀ ਨਾਲ ਮੁੜ ਸਮਝੌਤਾ ਹੋਣ ਦੇ ਸਵਾਲ 'ਤੇ ਸ਼ਵੇਤ ਮਲਿਕ ਨੇ ਕਿਹਾ ਕਿ ਸਮਝੌਤਾ ਦਾ ਕੋਈ ਸਵਾਲ ਨਹੀਂ ਉੱਠਦਾ ਤੇ ਹੁਣ ਭਾਜਪਾ ਪਹਿਲਾ ਵਾਂਗ ਛੋਟੇ ਭਰਾ ਵਾਂਗ ਪੰਜਾਬ ਦੀ ਰਾਜਨੀਤੀ 'ਚ ਨਹੀਂ ਹੋਵੇਗੀ।
Punjab News: ਭਾਜਪਾ ਪਾਰਟੀ ਵੱਲੋਂ ਬਟਾਲਾ ਵਿਖੇ ਸਥਾਨਕ ਨੇਤਾਵਾਂ ਤੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਕੀਤੀ ਗਈ। ਇਸ ਦੀ ਪ੍ਰਧਾਨਗੀ ਭਾਜਪਾ ਦੇ ਸਾਬਕਾ ਪੰਜਾਬ ਪ੍ਰਧਾਨ ਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ 'ਤੇ ਤਿੱਖੇ ਨਿਸ਼ਾਨੇ ਸਾਧੇ।
ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਵੇਤ ਮਲਿਕ ਨੇ ਕਿਹਾ ਕਿ ਆਪ ਸਰਕਾਰ ਪੂਰੀ ਤਰ੍ਹਾਂ ਨਾਲ ਫੇਲ੍ਹ ਹੋ ਚੁੱਕੀ ਹੈ। ਸੱਤਾ 'ਚ ਆਉਣ ਤੋਂ ਪਹਿਲਾਂ, ਉਨ੍ਹਾਂ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ 'ਚੋ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਔਰਤਾਂ ਨਾਲ 1000 ਰੁਪਏ ਦੇ ਕੀਤੇ ਵਾਅਦੇ ਨੂੰ ਪੂਰਾ ਨਾ ਕਰਨ ਤੋਂ ਇਲਾਵਾ ਪੰਜਾਬ ਵਿੱਚ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀਂ ਬਚੀ। ਹਰ ਪਾਸੇ ਗੈਂਗਸਟਰਾਂ ਦਾ ਰਾਜ ਹੈ।
ਉਨ੍ਹਾਂ ਕਿਹਾ ਕਿ ਅੱਜ ਤਾਂ ਪੰਜਾਬ ਸਰਕਾਰ ਨੇ ਦੁੱਧ ਮਹਿੰਗਾ ਤੇ ਸ਼ਰਾਬ ਸਸਤੀ ਕਰ ਦਿੱਤੀ ਹੈ। ਪੰਜਾਬ ਦੀ ਸਰਕਾਰ ਲੋਕਾਂ ਨੂੰ ਨਸ਼ੇੜੀ ਬਣਾਉਣਾ ਚਾਹੰਦੀ ਹੈ। ਇਸ ਦੇ ਨਾਲ ਹੀ ਸ਼ਵੇਤ ਮਲਿਕ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਲੋਕ ਲਾਈਨ ਲਗਾ ਕੇ ਭਾਜਪਾ ਵਿਚ ਸ਼ਾਮਲ ਹੋਣ ਲਈ ਤਿਆਰ ਬੈਠੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਬੇਸ਼ਕ ਸੰਗਰੂਰ ਚੋਣ ਹਾਰੇ ਹਨ ਪਰ 2024 ਦੀ ਭਾਜਪਾ ਜਿਥੇ ਲੋਕ ਸਭਾ ਚੋਣਾਂ 'ਚ ਮਜ਼ਬੂਤ ਜਿੱਤ ਹਾਸਲ ਕਰੇਗੀ ਉਥੇ ਹੀ ਪੰਜਾਬ 'ਚ ਵਿਧਾਨ ਸਭਾ ਚੋਣਾਂ 2027 'ਚ ਭਾਜਪਾ ਵੱਡੀ ਜਿੱਤ ਹਾਸਲ ਕਰ ਕੇ ਪੰਜਾਬ 'ਚ ਭਾਜਪਾ ਦਾ ਮੁੱਖ ਮੰਤਰੀ ਹੋਵੇਗਾ।
ਅਕਾਲੀ ਦਲ ਪਾਰਟੀ ਨਾਲ ਮੁੜ ਸਮਝੌਤਾ ਹੋਣ ਦੇ ਸਵਾਲ 'ਤੇ ਸ਼ਵੇਤ ਮਲਿਕ ਨੇ ਕਿਹਾ ਕਿ ਸਮਝੌਤਾ ਦਾ ਕੋਈ ਸਵਾਲ ਨਹੀਂ ਉੱਠਦਾ ਤੇ ਹੁਣ ਭਾਜਪਾ ਪਹਿਲਾ ਵਾਂਗ ਛੋਟੇ ਭਰਾ ਵਾਂਗ ਪੰਜਾਬ ਦੀ ਰਾਜਨੀਤੀ 'ਚ ਨਹੀਂ ਹੋਵੇਗੀ। ਬਲਕਿ ਵੱਡੇ ਭਰਾ ਵਾਂਗ ਹੀ ਪੰਜਾਬ 'ਚ ਭਾਜਪਾ ਚੋਣ ਮੈਦਾਨ ਚ ਉਤਰੇਗੀ ਤੇ ਉਸ ਲਈ ਉਹ ਪੰਜਾਬ ਭਰ 'ਚ ਪਿੰਡ ਪਿੰਡ ਕਸਬੇ ਸ਼ਹਿਰਾਂ 'ਚ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਨ।