Punjab Drugs: ਨਸ਼ਿਆਂ ਦੇ ਖ਼ਾਤਮੇ ਲਈ ਸਰਕਾਰ ਵੀ ਹੋਣ ਲੱਗੀ ਸੁਹਿਰਦ, ਜਾਰੀ ਕੀਤਾ ਹੈਲਪਾਈਨ ਨੰਬਰ, ਪਿੰਡਾਂ 'ਚ ਹੋਈਆਂ ਮੀਟਿੰਗਾਂ
ਐਸਐਸਪੀ ਅਮਨੀਤ ਕੌਂਡਲ ਨੇ ਪਿੰਡ ਰਸੂਲੜਾ ਵਿਖੇ ਨਸ਼ਾ ਵਿਰੋਧੀ ਸੈਮੀਨਾਰ ਦੌਰਾਨ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਨਸ਼ਾ ਕੋਵਿਡ ਵਾਂਗ ਫੈਲ ਰਿਹਾ ਹੈ। ਹਰ ਵਰਗ ਇਸਤੋਂ ਪ੍ਰਭਾਵਿਤ ਹੈ। ਪੰਜਾਬ ਨੂੰ ਬਰਬਾਦ ਕਰ ਰਹੇ ਇਨ੍ਹਾਂ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਲਈ ਪੁਲਿਸ ਨੂੰ ਸਹਿਯੋਗ ਕੀਤਾ ਜਾਵੇ
Punjab News: 15 ਅਗਸਤ ਨੂੰ ਦੇਸ਼ ਦੇ ਆਜ਼ਾਦੀ ਦਿਹਾੜੇ 'ਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਸੀ। ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਸ ਸਾਲ ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਵੱਡੀ ਮੁਹਿੰਮ ਵਿੱਢੀ ਜਾਵੇਗੀ। ਮੁੱਖ ਮੰਤਰੀ ਦੇ ਹੁਕਮਾਂ 'ਤੇ ਪੰਜਾਬ ਪੁਲਿਸ ਨੇ ਨਸ਼ਿਆਂ ਖਿਲਾਫ ਜੰਗ ਵਿੱਢ ਦਿੱਤੀ ਹੈ। ਪੁਲਿਸ ਵੱਲੋਂ ਗਰਾਉਂਡ ਲੈਵਲ 'ਤੇ ਕੰਮ ਸ਼ੁਰੂ ਕੀਤਾ ਗਿਆ ਹੈ।
ਇਸ ਨਸ਼ਾ ਵਿਰੋਧੀ ਮੁਹਿੰਮ ਤਹਿਤ ਐੱਸ.ਐੱਸ.ਪੀ ਅਮਨੀਤ ਕੌਂਡਲ ਖ਼ੁਦ ਪਿੰਡਾਂ ਵਿੱਚ ਪੁੱਜੇ। ਇੱਥੇ ਪਿੰਡ ਵਾਸੀਆਂ ਨਾਲ ਸਿੱਧੀ ਗੱਲਬਾਤ ਕਰਕੇ ਨਸ਼ਿਆਂ ਵਿਰੁੱਧ ਸੁਝਾਅ ਲਏ ਗਏ। ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਰਲ ਮਿਲ ਕੇ ਨਸ਼ਿਆਂ ਨੂੰ ਖਤਮ ਕਰਨ ਦਾ ਸੁਨੇਹਾ ਦਿੱਤਾ ਗਿਆ। ਦੂਜੇ ਪਾਸੇ, ਇੱਕ ਹੈਲਪਲਾਈਨ ਨੰਬਰ 01628-292093 ਜਾਰੀ ਕੀਤਾ ਗਿਆ। ਇਹ ਨੰਬਰ 24 ਘੰਟੇ ਕੰਮ ਕਰੇਗਾ। ਪੁਲਿਸ ਮੁਲਾਜ਼ਮ ਇਸ ਨੰਬਰ ਰਾਹੀਂ ਗੁਪਤ ਸੂਚਨਾ ਦੇ ਆਧਾਰ ’ਤੇ ਨਸ਼ਾ ਤਸਕਰਾਂ ਦੀ ਸੂਚੀ ਤਿਆਰ ਕਰਨਗੇ।
ਐਸਐਸਪੀ ਅਮਨੀਤ ਕੌਂਡਲ ਨੇ ਪਿੰਡ ਰਸੂਲੜਾ ਵਿਖੇ ਨਸ਼ਾ ਵਿਰੋਧੀ ਸੈਮੀਨਾਰ ਦੌਰਾਨ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਨਸ਼ਾ ਕੋਵਿਡ ਵਾਂਗ ਫੈਲ ਰਿਹਾ ਹੈ। ਹਰ ਵਰਗ ਇਸਤੋਂ ਪ੍ਰਭਾਵਿਤ ਹੈ। ਪੰਜਾਬ ਨੂੰ ਬਰਬਾਦ ਕਰ ਰਹੇ ਇਨ੍ਹਾਂ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਲਈ ਪੁਲਿਸ ਨੂੰ ਸਹਿਯੋਗ ਕੀਤਾ ਜਾਵੇ। ਹਰ ਪਿੰਡ ਵਿੱਚ ਨਸ਼ਾ ਵਿਰੋਧੀ ਕਮੇਟੀਆਂ ਬਣਾਈਆਂ ਜਾਣ।
ਉਨ੍ਹਾਂ ਕਿਹਾ ਕਿ ਹੈਲਪਲਾਈਨ ਨੰਬਰ 'ਤੇ ਨਸ਼ਾ ਵੇਚਣ ਵਾਲਿਆਂ ਬਾਰੇ ਪੁਲਿਸ ਨੂੰ ਸੂਚਿਤ ਕਰੋ। ਸੈਮੀਨਾਰ 'ਚ ਮੌਜੂਦ ਲੋਕਾਂ 'ਚ ਖਦਸਾ ਸੀ ਕਿ ਜੇਕਰ ਉਹ ਪੁਲਿਸ ਨੂੰ ਸੂਚਨਾ ਦੇਣਗੇ ਤਾਂ ਉਨ੍ਹਾਂ ਦੇ ਨਾਂ ਸਾਹਮਣੇ ਆ ਜਾਣਗੇ। ਇਸ ਸ਼ੱਕ ਨੂੰ ਦੂਰ ਕਰਨ ਲਈ ਐਸਐਸਪੀ ਕੌਂਡਲ ਨੇ ਸੈਮੀਨਾਰ ਦੌਰਾਨ ਮਾਈਕ ਰਾਹੀਂ ਆਪਣਾ ਨਿੱਜੀ ਨੰਬਰ ਬੋਲਿਆ। ਉਹਨਾਂ ਕਿਹਾ ਕਿ ਕੋਈ ਵੀ ਵਿਅਕਤੀ ਕਿਸੇ ਵੀ ਸਮੇਂ ਉਨ੍ਹਾਂ ਨਾਲ ਨਸ਼ਿਆਂ ਸਬੰਧੀ ਜਾਣਕਾਰੀ ਸਾਂਝੀ ਕਰ ਸਕਦਾ ਹੈ। ਐੱਸ.ਐੱਸ.ਪੀ ਵੱਲੋਂ ਨਿੱਜੀ ਨੰਬਰ ਸਾਂਝਾ ਕਰਨ ਉਪਰੰਤ ਲੋਕਾਂ ਦਾ ਮਨੋਬਲ ਵਧਿਆ ਅਤੇ ਸਾਰਿਆਂ ਨੇ ਨਸ਼ਿਆਂ ਵਿਰੁੱਧ ਜੰਗ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਸੈਮੀਨਾਰ ਦੌਰਾਨ ਨੰਬਰਦਾਰ ਯੂਨੀਅਨ ਐਸ.ਐਸ.ਪੀ ਅਮਨੀਤ ਕੌਂਡਲ ਦੇ ਨਸ਼ਿਆਂ ਵਿਰੁੱਧ ਜਜ਼ਬੇ ਤੋਂ ਪ੍ਰਭਾਵਿਤ ਹੋਈ। ਆਲ ਇੰਡੀਆ ਨੰਬਰਦਾਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਆਲਮਜੀਤ ਸਿੰਘ ਚਕੋਹੀ ਨੇ ਕਿਹਾ ਕਿ ਉਨ੍ਹਾਂ ਦੀ ਯੂਨੀਅਨ ਕਿਸੇ ਵੀ ਨਸ਼ਾ ਤਸਕਰ ਦਾ ਸਾਥ ਨਹੀਂ ਦੇਵੇਗੀ। ਨਸ਼ਾ ਤਸਕਰਾਂ ਦੀ ਜ਼ਮਾਨਤ 'ਤੇ ਨੰਬਰਦਾਰ ਗਵਾਹੀ ਨਹੀਂ ਦੇਣਗੇ। ਜੇਕਰ ਕੋਈ ਨੰਬਰਦਾਰ ਨਸ਼ਾ ਤਸਕਰਾਂ ਦਾ ਸਮਰਥਨ ਕਰਦਾ ਹੈ ਤਾਂ ਉਸਦਾ ਬਾਈਕਾਟ ਕੀਤਾ ਜਾਵੇਗਾ।