ਸਰਕਾਰ ਨੇ ਨਾਕਾਮੀਆਂ ਤੋਂ ਧਿਆਨ ਹਟਾਉਣ ਲਈ ਪਠਾਨਮਾਜਰਾ ਨੂੰ ਗ੍ਰਿਫ਼ਤਾਰ ਕਰਨ ਦੀ ਕੀਤੀ ਕੋਸ਼ਿਸ਼, ਰਾਜਾ ਵੜਿੰਗ ਦਾ ਵੱਡਾ ਦਾਅਵਾ
ਪੁਲਿਸ ਉਨ੍ਹਾਂ ਨੂੰ ਪੰਜਾਬ ਦੇ ਇੱਕ ਪੁਲਿਸ ਸਟੇਸ਼ਨ ਲੈ ਜਾ ਰਹੀ ਸੀ, ਜਿੱਥੇ ਰਸਤੇ ਵਿੱਚ ਪਠਾਨਮਾਜਰਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੁਲਿਸ ਮੁਲਾਜ਼ਮਾਂ 'ਤੇ ਗੋਲੀਬਾਰੀ ਕੀਤੀ ਤੇ ਉਨ੍ਹਾਂ ਨੂੰ ਕਾਰ ਨਾਲ ਭਜਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ।

Punjab News: ਆਮ ਆਦਮੀ ਪਾਰਟੀ (AAP) ਦੇ ਪੰਜਾਬ ਦੇ ਸਨੌਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਏ ਹਨ। ਉਨ੍ਹਾਂ ਨੂੰ ਮੰਗਲਵਾਰ ਸਵੇਰੇ ਹਰਿਆਣਾ ਦੇ ਕਰਨਾਲ ਤੋਂ ਹਿਰਾਸਤ ਵਿੱਚ ਲਿਆ ਗਿਆ। ਪੁਲਿਸ ਉਨ੍ਹਾਂ ਨੂੰ ਪੰਜਾਬ ਦੇ ਇੱਕ ਪੁਲਿਸ ਸਟੇਸ਼ਨ ਲੈ ਜਾ ਰਹੀ ਸੀ, ਜਿੱਥੇ ਰਸਤੇ ਵਿੱਚ ਪਠਾਨਮਾਜਰਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੁਲਿਸ ਮੁਲਾਜ਼ਮਾਂ 'ਤੇ ਗੋਲੀਬਾਰੀ ਕੀਤੀ ਤੇ ਉਨ੍ਹਾਂ ਨੂੰ ਕਾਰ ਨਾਲ ਭਜਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ।
ਪਠਾਨਮਾਜਰਾ ਅਤੇ ਉਨ੍ਹਾਂ ਦੇ ਸਾਥੀ ਇੱਕ ਸਕਾਰਪੀਓ ਅਤੇ ਇੱਕ ਫਾਰਚੂਨਰ ਵਿੱਚ ਭੱਜ ਗਏ। ਇਨ੍ਹਾਂ ਵਿੱਚੋਂ ਪੁਲਿਸ ਨੇ ਫਾਰਚੂਨਰ ਨੂੰ ਜ਼ਬਤ ਕਰ ਲਿਆ ਹੈ। ਫਾਰਚੂਨਰ ਤੋਂ 3 ਪਿਸਤੌਲ ਬਰਾਮਦ ਕੀਤੇ ਗਏ ਹਨ। ਪੁਲਿਸ ਟੀਮ ਸਕਾਰਪੀਓ ਵਿੱਚ ਫਰਾਰ ਵਿਧਾਇਕ ਦਾ ਪਿੱਛਾ ਕਰ ਰਹੀ ਹੈ। ਇਸ ਤੋਂ ਬਾਅਦ ਵਿਰੋਧੀ ਧਿਰਾਂ ਵੀ ਇਸ ਨੂੰ ਲੈ ਕੇ ਸਵਾਲ ਖੜ੍ਹੇ ਕਰ ਰਹੀਆਂ ਹਨ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਆਪ ਸਰਕਾਰ ਦੀ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਹੁਣ ਆਮ ਆਦਮੀ ਪਾਰਟੀ ਨੇ ਪਠਾਣਮਾਜਰਾ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ।
ਇਹ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਏ ਹਨ ।
ਕਿੳਂਕਿ .. ਪਿੰਡਾਂ ਵਿੱਚ ਲੋਕ ਡਾਂਗਾਂ ਲਈ ਬੈਠੇ ਹਨ ਅਤੇ MLA ਬਗਾਵਤ ਵੱਲ ਚੱਲ ਪਏ ਹਨ ਇਸ ਇਸ ਲਈ ਪਾਰਟੀ ਅੰਦਰ ਹੋ ਰਹੀ ਬਗਾਵਤ ਨੂੰ ਦੁਬਾਉਣ ਲਈ ਇਹ ਕਦਮ ਚੁੱਕਿਆ ਹੈ ਤਾਂ ਕਿ MLA ਡਰ ਜਾਣ । ਲੋਕਾਂ ਦਾ ਅਤੇ ਮੀਡੀਆ ਦਾ ਹੜ੍ਹਾਂ ਲਈ ਜਿਮੇਵਾਰ ਆਪ ਸਰਕਾਰ ਦੀ ਨਕਾਮੀ ਤੋਂ ਧਿਆਨ ਹਟਾਉਣਾ ਲਈ ਪਰ ਲੋਕ ਜਾਣਦੇ ਹਨ ਕਿ ਹੜ੍ਹਾਂ ਦੀ ਤਬਾਹੀ, ਨਿਕਾਸੀ ਵਿਭਾਗ ਦੀ ਕਰਪਸ਼ਨ ਤੇ ਆਪ ਸਰਕਾਰ ਦੀ ਨਾਕਾਮੀ ਹੀ ਅਸਲੀ ਜ਼ਿੰਮੇਵਾਰ ਹਨ। ਸੱਚਾਈ ਨੂੰ ਕਦੇ ਕੈਦ ਨਹੀਂ ਕੀਤਾ ਜਾ ਸਕਦਾ
ਜ਼ਿਕਰ ਕਰ ਦਈਏ ਕਿ ਹਿਰਾਸਤ ਵਿੱਚ ਲਏ ਜਾਣ ਤੋਂ ਪਹਿਲਾਂ ਪਠਾਨਮਾਜਰਾ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਪੰਜਾਬ ਪੁਲਿਸ ਨੇ ਮੇਰੀ ਸਾਬਕਾ ਪਤਨੀ ਨਾਲ ਸਬੰਧਤ ਇੱਕ ਪੁਰਾਣੇ ਮਾਮਲੇ ਵਿੱਚ ਆਈਪੀਸੀ ਦੀ ਧਾਰਾ 376 (ਬਲਾਤਕਾਰ) ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਦਿੱਲੀ ਦੀ 'ਆਪ' ਟੀਮ ਪੰਜਾਬ 'ਤੇ ਹਾਵੀ ਹੋਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਮੇਰੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ।
ਪਠਾਨਮਾਜਰਾ 'ਤੇ ਉਸਦੀ ਦੂਜੀ ਪਤਨੀ ਨੇ 2022 ਵਿੱਚ ਆਪਣੇ ਪਹਿਲੇ ਵਿਆਹ ਅਤੇ ਹਮਲੇ ਨੂੰ ਲੁਕਾਉਣ ਦਾ ਦੋਸ਼ ਲਗਾਇਆ ਸੀ। ਇਸ ਤੋਂ ਇਲਾਵਾ, ਉਹ ਇੱਕ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੀ ਸੁਰਖੀਆਂ ਵਿੱਚ ਸੀ।





















