(Source: ECI/ABP News/ABP Majha)
Lal Chand Kataruchak: ਕੈਬਨਿਟ ਮੰਤਰੀ ਕਟਾਰੂਚੱਕ 'ਤੇ ਐਕਸ਼ਨ ਨਹੀਂ ਲਵੇਗੀ ਸਰਕਾਰ! ਕਥਿਤ ਵੀਡੀਓ ਮਾਮਲੇ ਨਾਲ ਨਜਿੱਠਣ ਲਈ ਘੜੀ ਰਣਨੀਤੀ
ਆਮ ਆਦਮੀ ਪਾਰਟੀ ਮੰਤਰੀ ਖਿਲਾਫ ਕਾਰਵਾਈ ਕਰਨ ਦੇ ਰੌਂਅ ਵਿੱਚ ਨਹੀਂ ਹੈ। ਵਿਰੋਧੀ ਧਿਰਾਂ ਵੱਲੋਂ ਕਟਾਰੂਚੱਕ ਨੂੰ ਮੰਤਰੀ ਮੰਡਲ ’ਚੋਂ ਬਰਖ਼ਾਸਤ ਕਰਵਾਉਣ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਪਰ ‘ਆਪ’ ਸਰਕਾਰ ਵੱਲੋਂ ਇਸ ਮਾਮਲੇ ’ਤੇ ਕੋਈ ਸੰਕੇਤ ਨਹੀਂ ਦਿੱਤਾ ਗਿਆ।
Lal Chand Kataruchak: ਆਮ ਆਦਮੀ ਪਾਰਟੀ ਦਾ ਇੱਕ ਹੋਰ ਮੰਤਰੀ ਵਿਵਾਦਾਂ ਵਿੱਚ ਘਿਰ ਗਿਆ ਹੈ। ਜਲੰਧਰ ਜ਼ਿਮਨੀ ਚੋਣ ਵਿੱਚ ਵਿਰੋਧੀ ਧਿਰਾਂ ਨੇ ਖੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਕਥਿਤ ਵੀਡੀਓ ਨੂੰ ਵੱਡਾ ਮੁੱਦਾ ਬਣਾਇਆ ਹੈ। ਇਸ ਵੀਡੀਓ ਬਾਰੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀ ਰਿਪੋਰਟ ਵੀ ਸਰਕਾਰ ਕੋਲ ਪਹੁੰਚ ਗਈ ਹੈ। ਉਨ੍ਹਾਂ ਨੇ ਵੀਡੀਓ ਸਹੀ ਹੋਣ ਦੀ ਗੱਲ ਕਹੀ ਹੈ।
ਦੂਜੇ ਪਾਸੇ ਆਮ ਆਦਮੀ ਪਾਰਟੀ ਮੰਤਰੀ ਖਿਲਾਫ ਕਾਰਵਾਈ ਕਰਨ ਦੇ ਰੌਂਅ ਵਿੱਚ ਨਹੀਂ ਹੈ। ਵਿਰੋਧੀ ਧਿਰਾਂ ਵੱਲੋਂ ਕਟਾਰੂਚੱਕ ਨੂੰ ਮੰਤਰੀ ਮੰਡਲ ’ਚੋਂ ਬਰਖ਼ਾਸਤ ਕਰਵਾਉਣ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਪਰ ‘ਆਪ’ ਸਰਕਾਰ ਵੱਲੋਂ ਇਸ ਮਾਮਲੇ ’ਤੇ ਕੋਈ ਸੰਕੇਤ ਨਹੀਂ ਦਿੱਤਾ ਗਿਆ। ਸਰਕਾਰ ਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਲਗਾਤਾਰ ਆਪਣੇ ਲੀਡਰਾਂ ਖਿਲਾਫ ਕਾਰਵਾਈ ਪਾਰਟੀ ਲਈ ਨੁਕਸਾਨਦਾਇਕ ਹੋ ਸਕਦੀ ਹੈ। ਇਸ ਲਈ ਮਾਮਲੇ ਨੂੰ ਹੋਰ ਤਰੀਕੇ ਨਾਲ ਨਜਿੱਠਣ ਦੀ ਵਿਉਂਤ ਘੜੀ ਜਾ ਰਹੀ ਹੈ।
ਸੁਖਪਾਲ ਖਹਿਰਾ ਨੇ ਕੀਤੀ ਸੀ ਗਵਰਨਰ ਕੋਲ ਸ਼ਿਕਾਇਤ
ਦੱਸ ਦਈਏ ਕਿ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ‘ਜਿਨਸੀ ਸ਼ੋਸ਼ਣ’ ਦੇ ਮਾਮਲੇ ਨੂੰ ਲੈ ਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀਆਂ ਦੋ ਇਤਰਾਜ਼ਯੋਗ ਵੀਡੀਓਜ਼ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਸੌਂਪੀਆਂ ਸਨ। ਰਾਜਪਾਲ ਨੇ ਚੰਡੀਗੜ੍ਹ ਪੁਲਿਸ ਤੋਂ ਇਨ੍ਹਾਂ ਦੀ ਫੋਰੈਂਸਿਕ ਜਾਂਚ ਕਰਵਾਈ ਹੈ। ਸੂਤਰਾਂ ਮੁਤਾਬਕ ਇਸ ਜਾਂਚ ਵਿੱਚ ਜਿਨਸੀ ਸ਼ੋਸ਼ਣ ਦੀ ਪੁਸ਼ਟੀ ਹੋਣ ਦੀ ਗੱਲ ਕਹੀ ਜਾ ਰਹੀ ਹੈ। ਰਾਜਪਾਲ ਨੇ ਇਸ ਜਾਂਚ ਰਿਪੋਰਟ ਦੇ ਆਧਾਰ ’ਤੇ ਪੰਜਾਬ ਸਰਕਾਰ ਨੂੰ ਕਾਰਵਾਈ ਕਰਨ ਲਈ ਆਖਿਆ ਹੈ।
ਕੇਜਰੀਵਾਲ ਨਾਲ ਕੀਤਾ ਜਾ ਰਹੀ ਹੈ ਸਲਾਹ
ਦੂਜੇ ਪਾਸੇ ਚਰਚਾ ਹੈ ਕਿ ਪੰਜਾਬ ਸਰਕਾਰ ਰਾਜਪਾਲ ਨੂੰ ਪੱਤਰ ਲਿਖ ਕੇ ਇਸ ਦਾ ਜਵਾਬ ਦੇਵੇਗੀ। ਸੂਤਰਾਂ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਹੋਰ ਲੀਡਰਸ਼ਿਪ ਨਾਲ ਚਰਚਾ ਕਰਕੇ ਇਸ ਮੁੱਦਾ ਨਾਲ ਨਜਿੱਠਣ ਦੀ ਰਣਨੀਤੀ ਬਣਾਈ ਹੈ। ਇਹ ਮੁੱਦਾ ਇਸ ਲਈ ਵੀ ਗੰਭੀਰ ਬਣ ਗਿਆ ਹੈ ਕਿਉਂਕਿ ਪੀੜਤ ਨੌਜਵਾਨ ਨੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦੇ ਆਧਾਰ ’ਤੇ ਕੌਮੀ ਕਮਿਸ਼ਨ ਨੇ ਪੰਜਾਬ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਹੈ।