ਰਾਮ ਰਹੀਮ ਦੀ ਪੈਰੋਲ 'ਤੇ ਬੁਰੀ ਤਰ੍ਹਾਂ ਘਿਰੀ ਹਰਿਆਣਾ ਸਰਕਾਰ, ਸਵਾਤੀ ਮਾਲੀਵਾਲ ਦੇ ਪੰਜ ਸਵਾਲਾਂ ਦਾ ਕੌਣ ਦੇਵੇਗਾ ਜਵਾਬ?
ਸਵਾਤੀ ਮਾਲੀਵਾਲ ਨੇ ਰਾਮ ਰਹੀਮ ਦੀ ਪੈਰੋਲ 'ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਤੋਂ 5 ਸਵਾਲ ਪੁੱਛੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਹੈ ਕਿ ਆਖਰ ਰਾਮ ਰਹੀਮ ਨੂੰ ਕਿਹੜਾ ਜ਼ਰੂਰੀ ਕੰਮ ਸੀ ਕਿ ਉਸ ਨੂੰ ਪੈਰੋਲ ਦਿੱਤੀ ਗਈ।
ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਉੱਪਰ ਹਰਿਆਣਾ ਸਰਕਾਰ ਬੁਰੀ ਤਰ੍ਹਾਂ ਘਿਰ ਗਈ ਹੈ। ਵਿਰੋਧੀ ਧਿਰਾਂ ਤੋਂ ਬਾਅਦ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਦੇ ਤਿੱਖੇ ਸਵਾਲਾਂ ਦਾ ਜਵਾਬ ਦੇਣਾ ਸਰਕਾਰ ਲਈ ਔਖਾ ਹੋ ਗਿਆ ਹੈ। ਸਵਾਤੀ ਮਾਲੀਵਾਲ ਨੇ ਰਾਮ ਰਹੀਮ ਦੀ ਪੈਰੋਲ 'ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਤੋਂ 5 ਸਵਾਲ ਪੁੱਛੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਹੈ ਕਿ ਆਖਰ ਰਾਮ ਰਹੀਮ ਨੂੰ ਕਿਹੜਾ ਜ਼ਰੂਰੀ ਕੰਮ ਸੀ ਕਿ ਉਸ ਨੂੰ ਪੈਰੋਲ ਦਿੱਤੀ ਗਈ।
ਮਾਲੀਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ 5 ਅਜਿਹੇ ਸਵਾਲ ਪੁੱਛੇ ਹਨ ਕਿ ਉਨ੍ਹਾਂ ਦਾ ਉੱਤਰ ਦੇਣਾ ਸਰਕਾਰ ਲਈ ਔਖਾ ਹੋ ਗਿਆ ਹੈ। ਉਨ੍ਹਾਂ ਸਵਾਲ ਕੀਤਾ ਹੈ ਕਿ ਕੀ ਰਾਮ ਰਹੀਮ ਨੂੰ ਪੈਰੋਲ ਕੋਰਟ ਨੇ ਦਿੱਤੀ ਹੈ? ਜੇਕਰ ਹਾਂ, ਤਾਂ ਇਹ ਕਿਸ ਅਦਾਲਤ ਨੇ ਦਿੱਤੀ ਹੈ? ਤੁਹਾਡੇ ਮੰਤਰੀ ਨੇ ਕਿਹਾ ਕਿ ਪੈਰੋਲ ਸਰਕਾਰ ਦੇ ਜੇਲ੍ਹ ਵਿਭਾਗ ਦਾ ਮੁੱਦਾ ਹੈ ਤਾਂ ਕੀ ਗ੍ਰਹਿ ਮੰਤਰੀ ਨੇ ਝੂਠ ਬੋਲਿਆ? ਕੀ ਪੈਰੋਲ ਜ਼ਿਲ੍ਹਾ ਅਧਿਕਾਰੀ ਨੇ ਦਿੱਤੀ? ਪੈਰੋਲ ਬਹੁਤ ਜ਼ਰੂਰੀ ਕਾਰਨਾਂ ਕਰਕੇ ਹੀ ਦਿੱਤੀ ਜਾਂਦੀ ਹੈ। ਰਾਮ ਰਹੀਮ ਨੂੰ ਕਿਹੜਾ ਜ਼ਰੂਰੀ ਕੰਮ ਹੈ? ਉਸ ਦੇ ਸਤਿਸੰਗ ਵਿੱਚ ਗਏ ਸਰਕਾਰੀ ਲੋਕਾਂ ਖਿਲਾਫ ਕੀ ਕਾਰਵਾਈ ਹੋਵੇਗੀ? ਕੀ ਸਰਕਾਰ ਬਾਬੇ ਨੂੰ ਚੰਗੇ ਆਚਰਣ ਵਾਲਾ ਕੈਦੀ ਸਮਝਦੀ ਸੀ?
गुरमीत राम रहीम की पैरोल पर मुख्यमंत्री @MLKhattar जी से 5 सवाल - pic.twitter.com/aHfY6LFdfW
— Swati Maliwal (@SwatiJaiHind) October 27, 2022
ਮੁੱਖ ਮੰਤਰੀ ਨੇ ਜੇਲ੍ਹ ਨਿਯਮਾਂ ਦਾ ਦਿੱਤਾ ਹਵਾਲਾ
ਓਧਰ ਰਾਮ ਰਹੀਮ ਦੀ ਪੈਰੋਲ 'ਤੇ ਸਵਾਲ ਉੱਠਣ ਤੋਂ ਬਾਅਦ ਹਰਿਆਣਾ ਸਰਕਾਰ ਨੂੰ ਅੱਗੇ ਆ ਕੇ ਜਵਾਬ ਦੇਣਾ ਪਿਆ। ਸੀਐਮ ਮਨੋਹਰ ਲਾਲ ਨੇ ਕਿਹਾ, ਮੈਂ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ, ਇਸ ਵਿੱਚ ਮੇਰੀ ਕੋਈ ਭੂਮਿਕਾ ਨਹੀਂ ਹੈ। ਅਦਾਲਤਾਂ ਕੈਦ ਦੀ ਸਜ਼ਾ ਦਿੰਦੀਆਂ ਹਨ ਅਤੇ ਦੋਸ਼ੀ ਜੇਲ੍ਹ ਜਾਂਦਾ ਹੈ। ਉਸ ਤੋਂ ਬਾਅਦ ਜੇਲ੍ਹ ਦੇ ਨਿਯਮ ਸਾਰੇ ਕੈਦੀਆਂ 'ਤੇ ਲਾਗੂ ਹੁੰਦੇ ਹਨ।
ਦੱਸ ਦੇਈਏ ਕਿ ਹਰਿਆਣਾ ਦੀ ਆਦਮਪੁਰ ਵਿਧਾਨ ਸਭਾ ਸੀਟ 'ਤੇ ਉਪ ਚੋਣਾਂ ਹੋਣੀਆਂ ਹਨ। ਆਦਮਪੁਰ ਵਿੱਚ 3 ਨਵੰਬਰ ਨੂੰ ਜ਼ਿਮਨੀ ਚੋਣ ਅਤੇ 12 ਨਵੰਬਰ ਨੂੰ ਹਿਮਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਰਾਮ ਰਹੀਮ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 7 ਤੋਂ 27 ਫਰਵਰੀ ਦਰਮਿਆਨ ਪਰੋਲ ਦਿੱਤੀ ਗਈ ਸੀ। ਇਸ ਤੋਂ ਬਾਅਦ 17 ਜੂਨ ਨੂੰ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ।