ਕੈਂਸਰ ਨਾਲ ਲੜ ਰਹੀ ਕੁੜੀ ਦੀ ਜ਼ਿੰਦਾਦਿਲੀ! ਚੰਗਿਆਂ-ਭਲਿਆਂ ਨੂੰ ਪਾ ਰਹੀ ਮਾਤ, ਇਕੱਲੀ ਦੇ ਸਿਰ 'ਤੇ ਪਰਿਵਾਰ ਦੀ ਜ਼ਿੰਮੇਵਾਰੀ
ਫਾਜ਼ਿਲਕਾ ਦੀ ਬੀਕਾਨੇਰੀ ਰੋਡ 'ਤੇ ਜੈਨ ਗਲੀ ਦੀ ਰਹਿਣ ਵਾਲੀ ਨੇਹਾ ਬੋਨ ਮੈਰੋ ਕੈਂਸਰ ਤੋਂ ਪੀੜਤ ਹੈ ਪਰ ਉਹ ਆਪਣੀ ਕਸੀਦਾਕਾਰੀ ਦੇ ਹੁਨਰ ਨਾਲ ਆਪਣੇ ਆਪ ਨੂੰ ਹਮੇਸ਼ਾ ਕੰਮ ਵਿੱਚ ਰੁਝਾਈ ਰੱਖਦੀ ਹੈ।
Fazilika News: ਕੈਂਸਰ ਇੱਕ ਅਜਿਹੀ ਬਿਮਾਰੀ ਹੈ ਜਿਸ ਨੂੰ ਲੈ ਕੇ ਵੱਡੇ-ਵੱਡੇ ਦਿਲ ਛੱਡ ਜਾਂਦੇ ਹਨ ਪਰ ਫਾਜ਼ਿਲਕਾ ਦੀ ਰਹਿਣ ਵਾਲੀ ਇੱਕ ਕੁੜੀ ਨੇ ਇਸ ਬਿਮਾਰੀ ਨਾਲ ਪੀੜਤ ਹੁੰਦੇ ਹੋਏ ਵੀ ਉਹ ਕਰ ਦਿਖਾਇਆ ਜੋ ਕਈ ਚੰਗੇ ਭਲੇ ਲੋਕ ਵੀ ਨਹੀਂ ਕਰ ਸਕਦੇ। ਫਾਜ਼ਿਲਕਾ ਦੀ ਬੀਕਾਨੇਰੀ ਰੋਡ 'ਤੇ ਜੈਨ ਗਲੀ ਦੀ ਰਹਿਣ ਵਾਲੀ ਨੇਹਾ ਬੋਨ ਮੈਰੋ ਕੈਂਸਰ ਤੋਂ ਪੀੜਤ ਹੈ ਪਰ ਉਹ ਆਪਣੀ ਕਸੀਦਾਕਾਰੀ ਦੇ ਹੁਨਰ ਨਾਲ ਆਪਣੇ ਆਪ ਨੂੰ ਹਮੇਸ਼ਾ ਕੰਮ ਵਿੱਚ ਰੁਝਾਈ ਰੱਖਦੀ ਹੈ।
ਉਹ ਜ਼ਿੰਦਾਦਿਲੀ ਵਾਲੇ ਹੌਸਲੇ ਨਾਲ ਬਿਮਾਰੀ ਨੂੰ ਮਾਤ ਦੇਣ ਦੇ ਪੱਕੇ ਤੇ ਦ੍ਰਿੜ੍ਹ ਇਰਾਦੇ ਨਾਲ ਇਸ ਬਿਮਾਰੀ ਨਾਲ ਲੜ ਰਹੀ ਹੈ ਤੇ ਸੰਘਰਸ਼ ਕਰ ਰਹੀ ਹੈ। ਜਿੱਥੇ ਉਹ ਇਸ ਬਿਮਾਰੀ ਦਾ ਇਲਾਜ ਕਰਵਾ ਰਹੀ ਹੈ, ਉੱਥੇ ਹੀ ਨੇਹਾ ਦਾ ਕਹਿਣਾ ਹੈ ਕਿ ਉਸ ਨੇ ਇਸ ਬਿਮਾਰੀ ਨੂੰ ਆਪਣੇ ਮਨ 'ਤੇ ਬੋਝ ਨਹੀਂ ਬਣਨ ਦਿੱਤਾ। ਸਾਰਾ ਦਿਨ ਕੰਮ ਵਿੱਚ ਰੁੱਝੀ ਰਹਿਣ ਦੇ ਨਾਲ-ਨਾਲ ਆਪਣੀ ਪੜ੍ਹਾਈ ਵਿੱਚ ਵੀ ਲਗਾਤਾਰ ਅੱਗੇ ਵਧ ਰਹੀ ਹੈ ਤੇ ਉਹ ਪੜ੍ਹ-ਲਿਖ ਕੇ ਚੰਗਾ ਮੁਕਾਮ ਹਾਸਲ ਕਰਨਾ ਚਾਹੁੰਦੀ ਹੈ।
ਉਧਰ, ਨੇਹਾ ਦੀ ਮਾਂ ਸੁਨੀਤਾ ਰਾਣੀ ਨੇ ਦੱਸਿਆ ਕਿ ਉਸ ਦੀ ਲੜਕੀ ਸਾਰਾ ਦਿਨ ਉਸ ਨਾਲ ਕੰਮ ਵਿੱਚ ਹੱਥ ਵਟਾਉਂਦੀ ਹੈ। ਸੇਵੀਆਂ ਬਣਾਉਣ ਦਾ ਕੰਮ, ਅਖਬਾਰਾਂ ਦੇ ਲਿਫਾਫੇ ਤਿਆਰ ਕਰਨਾ, ਪਸ਼ਮ ਤੋਂ ਕੱਪੜੇ ਤਿਆਰ ਕਰਨਾ ਤੇ ਘਰ ਵਿੱਚ ਬਣੀ ਕਰਿਆਨੇ ਦੀ ਛੋਟੀ ਜਿਹੀ ਦੁਕਾਨ ਵੀ ਚਲਾਉਂਦੀ ਹੈ। ਇਹ ਸਭ ਕਰਕੇ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲ ਰਿਹਾ ਹੈ ਪਰ ਮਲਾਲ ਇਸ ਗੱਲ ਦਾ ਹੈ ਕਿ ਇਸ ਸੰਘਰਸ਼ ਵਿੱਚ ਕੁੜੀ ਦਾ ਪਿਤਾ ਸਾਥ ਨਹੀਂ ਦੇ ਰਿਹਾ।
ਨੇਹਾ ਦੀ ਮਾਂ ਨੇ ਇਲਜ਼ਾਮ ਲਗਾਇਆ ਹੈ ਕਿ ਪਿਛਲੇ ਕਈ ਸਾਲਾਂ ਤੋਂ ਉਸ ਦਾ ਘਰਵਾਲਾ ਵੱਖਰਾ ਰਹਿ ਰਿਹਾ ਹੈ। ਇੰਨਾ ਹੀ ਨਹੀਂ ਕਦੇ ਸਾਲ ਦੋ ਸਾਲ ਮਗਰੋਂ ਜੇ ਨੇਹਾ ਦਾ ਪਿਤਾ ਘਰ ਆਉਂਦਾ ਹੈ ਤਾਂ ਘਰ ਤੇ ਆਪਣਾ ਹੱਕ ਜਿਤਾਉਂਦਿਆ ਘਰ ਵਿੱਚ ਮਾਂ ਧੀ ਵੱਲੋਂ ਮਿਹਨਤ ਕਰਕੇ ਜੋੜੀ ਪੂੰਜੀ ਵੀ ਲੈ ਜਾਂਦਾ ਹੈ। ਉਹ ਕਾਫੀ ਪ੍ਰੇਸ਼ਾਨ ਹਨ ਪਰ ਇਸ ਦੇ ਬਾਵਜੂਦ ਦੋਵੇਂ ਮਾਵਾਂ ਧੀਆਂ ਇਸ ਸੰਘਰਸ਼ ਨਾਲ ਲੜਾਈ ਲੜ ਰਹੀਆਂ ਹਨ। ਨੇਹਾ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਮੁੰਡਾ ਨਹੀਂ ਹੈ ਸਗੋਂ ਦੋ ਧੀਆਂ ਹਨ। ਇੱਕ ਵਿਆਹੀ ਹੈ ਤੇ ਦੂਜੀ ਨੂੰ ਬੋਨ ਮੈਰੋ ਕੈਂਸਰ ਤੋਂ ਪੀੜਤ ਹੈ। ਮੁੰਡਾ ਨਾ ਹੋਣ ਦੇ ਚੱਲਦਿਆਂ ਹੀ ਉਸ ਦਾ ਘਰਵਾਲਾ ਉਸ ਨੂੰ ਛੱਡ ਕੇ ਚਲਾ ਗਿਆ।