(Source: ECI/ABP News)
Punjab News: ਭਗਵੰਤ ਮਾਨ ਸਰਕਾਰ ਦੇ ਦਾਅਵੇ ਵੀ ਖੋਖਲੇ! ਕਦੇ ਦੇਸ਼ ਲਈ ਖੇਡਦਾ ਰਿਹਾ ਕੌਮੀ ਹਾਕੀ ਖਿਡਾਰੀ ਅੱਜ ਕਰ ਰਿਹਾ ਪੱਲੇਦਾਰੀ
ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਪੰਜਾਬ ਪੁਲਿਸ ਤੇ ਪੰਜਾਬ ਰਾਜ ਬਿਜਲੀ ਬੋਰਡ ਵਿਚ ਠੇਕਾ ਆਧਾਰ ’ਤੇ ਨੌਕਰੀ ਮਿਲੀ ਸੀ। ਉਹ ਦੋਵਾਂ ਮਹਿਕਮਿਆਂ ਵੱਲੋਂ ਖੇਡਦਾ ਰਿਹਾ ਪਰ ਠੇਕਾ ਖ਼ਤਮ ਹੋਣ ਮਗਰੋਂ ਮੁੜ ਘਰ ਬੈਠ ਗਿਆ।
![Punjab News: ਭਗਵੰਤ ਮਾਨ ਸਰਕਾਰ ਦੇ ਦਾਅਵੇ ਵੀ ਖੋਖਲੇ! ਕਦੇ ਦੇਸ਼ ਲਈ ਖੇਡਦਾ ਰਿਹਾ ਕੌਮੀ ਹਾਕੀ ਖਿਡਾਰੀ ਅੱਜ ਕਰ ਰਿਹਾ ਪੱਲੇਦਾਰੀ The national hockey player now Doing labor Punjab News: ਭਗਵੰਤ ਮਾਨ ਸਰਕਾਰ ਦੇ ਦਾਅਵੇ ਵੀ ਖੋਖਲੇ! ਕਦੇ ਦੇਸ਼ ਲਈ ਖੇਡਦਾ ਰਿਹਾ ਕੌਮੀ ਹਾਕੀ ਖਿਡਾਰੀ ਅੱਜ ਕਰ ਰਿਹਾ ਪੱਲੇਦਾਰੀ](https://feeds.abplive.com/onecms/images/uploaded-images/2023/01/24/0bbc86e0ae96859dc456b0a5d99f013b1674535341716370_original.jpg?impolicy=abp_cdn&imwidth=1200&height=675)
Punjab News: ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਫਰੀਦਕੋਟ ਤੋਂ ਸਾਹਮਣੇ ਆਈ ਇੱਕ ਖਬਰ ਅੱਖਾਂ ਖੋਲ੍ਹ ਦੇਣ ਵਾਲੀ ਹੈ। ਇੱਥੇ ਕੌਮੀ ਹਾਕੀ ਖਿਡਾਰੀ ਫਰੀਦਕੋਟ ਦੇ ਗੁਦਾਮਾਂ ’ਚ ਬੋਰੀਆਂ ਢੋਅ ਰਿਹਾ ਹੈ। ਅਹਿਮ ਗੱਲ ਹੈ ਕਿ ਪਰਮਜੀਤ ਸਿੰਘ ਕਦੇ ਹਾਕੀ ਦੇ ਮੈਦਾਨ ਵਿੱਚ ਭਾਰਤ ਵੱਲੋਂ ਖੇਡਦਾ ਰਿਹਾ ਹੈ। ਨੌਂ ਕੌਮੀ ਤੇ ਸੂਬਾਈ ਟੂਰਨਾਮੈਂਟ ਖੇਡਣ ਵਾਲਾ ਖਿਡਰੀ ਪਰਮਜੀਤ ਸਿੰਘ ਹੁਣ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਪੱਲੇਦਾਰੀ ਕਰ ਰਿਹਾ ਹੈ। ਇਸ ਲਈ ਸਰਕਾਰ ਦੀ ਖੇਡਾਂ ਬਾਰੇ ਨੀਤੀ ਉੱਪਰ ਸਵਾਲ ਉੱਠਣੇ ਲਾਜ਼ਮੀ ਹਨ।
ਹਾਸਲ ਜਾਣਕਾਰੀ ਮੁਤਾਬਕ 31 ਸਾਲਾ ਪਰਮਜੀਤ ਸਿੰਘ ਨੇ ਸਕੂਲ ਪੱਧਰ ਤੋਂ ਹਾਕੀ ਖੇਡਣਾ ਸ਼ੁਰੂ ਕੀਤਾ ਸੀ। ਇਸ ਮਗਰੋਂ ਉਸ ਨੇ ਜ਼ਿਲ੍ਹਾ ਤੇ ਫਿਰ ਕੌਮੀ ਪੱਧਰ ’ਤੇ ਹਾਕੀ ਦੇ ਮੈਦਾਨ ਵਿਚ ਜੌਹਰ ਵਿਖਾਏ। ਪਰਮਜੀਤ ਨੇ ਦੱਸਿਆ ਕਿ ਉਸ ਨੇ 2005 ਵਿਚ ਸਬ-ਜੂਨੀਅਰ ਵਰਗ ਦੇ ਕੌਮੀ ਮੁਕਾਬਲੇ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ। ਸਾਲ 2006 ਵਿੱਚ ਜੂਨੀਅਰ ਵਰਗ ਦੇ ਕੌਮੀ ਮੁਕਾਬਲੇ ’ਚ ਸੋਨ ਤਗ਼ਮਾ ਜਿੱਤਿਆ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਸਾਲ 2007 ਵਿਚ ਸਬ-ਜੂਨੀਅਰ ਵਰਗ ਦੇ ਕੌਮੀ ਮੁਕਾਬਲੇ ’ਚ ਸ਼ਮੂਲੀਅਤ ਕੀਤੀ। ਸਾਲ 2008 ਵਿਚ ਜੂਨੀਅਰ ਵਰਗ ਦੇ ਸੂਬਾਈ ਮੁਕਾਬਲੇ ’ਚ ਕਾਂਸੇ ਦਾ ਤਗ਼ਮਾ ਜਿੱਤਿਆ। ਸਾਲ 2009 ਵਿਚ ਪਹਿਲਾ ਚੈਲੇਂਜ ਕੱਪ ਟੂਰਨਾਮੈਂਟ ਖੇਡ ਕੇ ਸੋਨ ਤਗ਼ਮਾ ਜਿੱਤਿਆ। ਸਾਲ 2015 ਵਿਚ ਸੀਨੀਅਰ ਸਟੇਟ ਗੋਲਡ ਕੱਪ ਜਿੱਤਿਆ।
ਪਰਮਜੀਤ ਨੇ ਦੱਸਿਆ ਕਿ ਜੋ ਖਿਡਾਰੀ ਉਸ ਨਾਲ ਹਾਕੀ ਟੀਮ ਵਿਚ ਖੇਡਦੇ ਸਨ, ਉਹ ਸਰਕਾਰੀ ਮਹਿਕਮਿਆਂ ਵਿਚ ਉੱਚ ਅਹੁਦਿਆਂ ’ਤੇ ਤਾਇਨਾਤ ਹਨ। ਉਸ ਨੂੰ ਪੰਜਾਬ ਪੁਲਿਸ ਤੇ ਪੰਜਾਬ ਰਾਜ ਬਿਜਲੀ ਬੋਰਡ ਵਿਚ ਠੇਕਾ ਆਧਾਰ ’ਤੇ ਨੌਕਰੀ ਮਿਲੀ ਸੀ। ਉਹ ਦੋਵਾਂ ਮਹਿਕਮਿਆਂ ਵੱਲੋਂ ਖੇਡਦਾ ਰਿਹਾ ਪਰ ਠੇਕਾ ਖ਼ਤਮ ਹੋਣ ਮਗਰੋਂ ਮੁੜ ਘਰ ਬੈਠ ਗਿਆ।
ਉਸ ਨੇ ਦੱਸਿਆ ਕਿ ਉਹ ਜਦੋਂ ਬਿਜਲੀ ਬੋਰਡ ਵਿਚ ਕੰਮ ਕਰਦਾ ਸੀ ਤਾਂ ਹਾਦਸੇ ਵਿੱਚ ਉਸ ਦੇ ਸੱਜੇ ਹੱਥ ਦਾ ਅੰਗੂਠਾ ਨੁਕਸਾਨਿਆ ਗਿਆ ਸੀ। ਉਹ ਖ਼ੁਦ ਇਸ ਦਾ ਇਲਾਜ ਕਰਵਾਉਣ ਤੋਂ ਅਸਮਰੱਥ ਸੀ। ਉਸ ਨੇ ਇਲਾਜ ਵਾਸਤੇ ਮਦਦ ਲਈ ਕਾਫ਼ੀ ਚਾਰਾਜੋਈ ਕੀਤੀ ਪਰ ਕੋਈ ਮਦਦ ਨਾ ਮਿਲੀ। ਇਸ ਕਾਰਨ ਉਹ ਹਾਕੀ ਖੇਡਣ ਤੋਂ ਵਾਂਝਾ ਹੋ ਗਿਆ। ਉਸ ਨੇ ਕਿਹਾ ਕਿ ਜੇ ਉਸ ਦਾ ਸਹੀ ਇਲਾਜ ਹੋ ਜਾਵੇ ਤਾਂ ਉਹ ਮੁੜ ਖੇਡ ਸਕਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)